ਸ੍ਰੀ ਨਨਕਾਣਾ ਸਾਹਿਬ ਤੋਂ ਸਜਿਆ ਨਗਰ ਕੀਰਤਨ ਮਾਹਿਲਪੁਰ ਪੁੱਜਾ, ਉਮੜਿਆ ਸੰਗਤਾਂ ਦਾ ਸੈਲਾਬ (ਤਸਵੀਰਾਂ)
Thursday, Aug 08, 2019 - 06:47 PM (IST)

ਮਾਹਿਲਪੁਰ (ਮੁੱਗੋਵਾਲ, ਜਸਵੀਰ)— ਸਮੁੱਚੀ ਮਨੁੱਖਤਾ ਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਅਸਥਾਨ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਆਰੰਭ ਹੋਏ ਅੰਤਰਰਾਸ਼ਟਰੀ ਮਹਾਨ ਨਗਰ-ਕੀਰਤਨ ਦਾ ਅੱਜ ਮਾਹਿਲਪੁਰ ਅਤੇ ਜੇਜੋਂ ਦੋਆਬਾ ਵਿਖੇ ਪਹੁੰਚਣ 'ਤੇ ਇਲਾਕੇ ਦੀਆਂ ਸੰਗਤਾਂÎ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਹੈਰੀ ਗੈਰੀ ਪੈਲਸ ਦੇ ਸਾਹਮਣੇ ਮਾਹਿਲਪੁਰ ਸ਼ਹਿਰ ਅਤੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ 'ਚ ਸ਼ਾਮਲ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਕਲਿਆਣਕਾਰੀ ਸਿੱਖਿਆਵਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਕੋਟਿਨ-ਕੋਟਿ ਪ੍ਰਣਾਮ ਕਰਦੇ ਹੋਏ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ।
ਇਸ ਮੌਕੇ ਸ਼ੋਮਣੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ, ਪ੍ਰੋ. ਆਪਿੰਦਰ ਸਿੰਘ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ, ਜਗਦੀਪ ਸਿੰਘ ਕੌਂਸਲਰ, ਜਥੇਦਾਰ ਦਲਜੀਤ ਸਿੰਘ, ਜਾਗੀਰ ਸਿੰਘ ਸੰਧੂ, ਦਇਆ ਸਿੰਘ ਮੇਘੋਵਾਲ, ਪ੍ਰਿੰ. ਪ੍ਰਮਿੰਦਰ ਸਿੰਘ, ਅਜੀਤ ਸਿੰਘ ਪਰਦੇਸੀ, ਮੈਨੇਜਰ ਅਵਤਾਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਹਾਜ਼ਰ ਸਨ। ਮਾਹਿਲਪੁਰ ਤੋਂ ਜੇਜੋਂ ਦੋਆਬਾ ਵਾਲੀ ਸਾਈਡ ਜਾਂਦਿਆਂ ਪਿੰਡ ਖਾਨਪੁਰ ਵਿਖੇ ਇਸ ਨਗਰ ਕੀਰਤਨ ਦਾ ਕਾਂਗਰਸੀ ਆਗੂ ਮੈਡਮ ਨਿਮਿਸ਼ਾ ਮਹਿਤਾ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਅਤੇ ਖਾਨਪੁਰ ਨਿਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ। ਇਸ ਅਸਥਾਨ 'ਤੇ ਅਮਨਦੀਪ ਬੈਂਸ, ਪ੍ਰਮਿੰਦਰ ਸਿੰਘ ਮੇਘੋਵਾਲ, ਮਨਜੀਤ ਸਿੰਘ ਸੰਘਾ, ਸੁਰਜੀਤ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ।
ਇਸੇ ਤਰ੍ਹਾਂ ਸਤਿਨਾਮ–ਵਾਹਿਗੁਰੂ ਦਾ ਜਾਪ ਕਰਦਿਆਂ ਅਤੇ ਸੰਗਤਾਂ ਵੱਲੋਂ ਲਗਾਏ ਜਾਂਦੇ 'ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਦੀ ਗੂੰਜ 'ਚ ਪਿੰਡ ਰਾਮਪੁਰ-ਸੈਣੀਆਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਲੱਗਦੇ ਪਿੰਡ ਜੇਜੋਂ ਦੋਆਬਾ ਪਹੁੰਚਿਆ। ਇਸ ਅਸਥਾਨ 'ਤੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਦਿ ਦੇ ਪ੍ਰਧਾਨ ਕੁਲਵੰਤ ਸਿੰਘ ਭਰੋਮਜਾਰਾ ਦੀ ਅਗਵਾਈ ਹੇਠ ਸੰਤ ਸਮਾਜ, ਹਲਕਾ ਵਿਧਾਇਕ ਡਾ. ਰਾਜ ਕੁਮਾਰ ਅਤੇ ਗੁਰੂ ਨਾਨਕ ਨਾਮ ਲੇਵਾਂ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਸੰਤ ਮਹਿੰਦਰ ਪਾਲ ਚੇਅਰਮੈਨ, ਸੰਤ ਦੇਸ ਰਾਜ, ਸੰਤ ਸੀਤਲ ਦਾਸ, ਸੰਤ ਜਸਵਿੰਦਰ ਸਿੰਘ ਡਾਂਡੀਆਂ, ਸੰਤ ਮੀਨਾ ਦੇਵੀ ਸਟੇਜ ਸਕੱਤਰ, ਸੰਤ ਬਲਵੀਰ ਸਿੰਘ ਲੰਗੇਰੀ, ਸੰਤ ਸਤਨਾਮ ਦਾਸ ਨਰੂੜ, ਸੰਤ ਟਹਿਲ ਦਾਸ, ਸੰਤ ਹਰੀ ਓਮ ਮਾਹਿਲਪੁਰ, ਸੰਤ ਬੇਲਾ ਦਾਸ, ਸੰਤ ਹਰਪ੍ਰੀਤ, ਸੰਤ ਰਾਮ ਕਿਸ਼ਨ ਸ਼ੇਰਪੁਰ, ਸੰਤ ਸਤਨਾਮ ਦਾਸ ਖੰਨੀ, ਸੰਤ ਹਰਬੰਸ ਸਿੰਘ, ਸੰਤ ਸੁਰਜੀਤ ਸਿੰਘ ਖੇੜਾ, ਰਛਪਾਲ ਸਿੰਘ ਪਾਲੀ ਸਰਪੰਚ ਬੱਦੋਵਾਲ, ਨੰਬਰਦਾਰ ਪ੍ਰਵੀਨ ਸੋਨੀ ਜੇਜੋਂ ਸਮੇਤ ਲਾਗਲੇ ਪਿੰਡਾਂ ਤੋਂ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ। ਇਸ ਸਮੇਂ ਹਲਕਾ ਵਿਧਾਇਕ ਡਾ. ਰਾਜ ਕੁਮਾਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੰਦੇਸ਼ ਸਮੁੱਚੀ ਮਾਨਵਤਾ ਦਾ ਭਲਾ ਮੰਗਦਾ ਹੋਇਆ ਸਭ ਨੂੰ ਸੱਚ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ।