ਪ੍ਰਕਾਸ਼ ਪੁਰਬ ਦੀ ਸਮਾਪਤੀ ਨੂੰ ਲੈ ਕੇ ਜਾਣੋ ਕੀ ਬੋਲੇ ਬੀਬੀ ਜਗੀਰ ਕੌਰ (ਵੀਡੀਓ)

11/13/2019 5:55:41 PM

ਸੁਲਤਾਨਪੁਰ ਲੋਧੀ — ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਨਾਲ ਸੁਲਤਾਨਪੁਰ ਲੋਧੀ 'ਚ ਵੱਡੇ ਪੱਧਰ 'ਤੇ ਮਨਾਇਆ ਗਿਆ। ਪ੍ਰਕਾਸ਼ ਪੁਰਬ ਨੂੰ ਲੈ ਕੇ ਐੱਸ. ਜੀ. ਪੀ. ਸੀ. ਵੱਲੋਂ 13 ਦਿਨਾਂ ਤੱਕ ਧਾਰਮਿਕ ਸਮਾਗਮ ਕਰਵਾਏ ਗਏ ਸਨ, ਜਿਨ੍ਹਾਂ ਦੀ ਅੱਜ ਸਮਾਪਤੀ ਹੋ ਗਈ ਹੈ। ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਨੇ ਅੱਜ ਸਮਾਪਤੀ ਦੌਰਾਨ ਸਾਰੀ ਸੰਗਤ ਨੂੰ ਵਧਾਈ ਦਿੰਦੇ ਅਤੇ ਧੰਨਵਾਦ ਕਰਦੇ ਕਿਹਾ ਕਿ 13 ਦਿਨਾਂ ਦੇ ਸਮਾਗਮ ਬੜੀ ਹੀ ਸ਼ਾਨੋ-ਸ਼ੌਕਤ ਨਾਲ ਮਨਾਏ ਗਏ ਹਨ।

ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸ਼ਤਾਬਦੀਆਂ ਮਨਾਈਆਂ ਜਾਂਦੀਆਂ ਹਨ ਪਰ ਇਸ ਵਾਰ ਜਿੰਨੀ ਸ਼ਰਧਾ ਸੰਗਤ ਨੇ ਇਸ ਸਮਾਗਮ 'ਚ ਦਿਖਾਈ ਹੈ, ਇਸ ਬਾਰੇ ਕਦੇ ਸੋਚਿਆ ਨਹੀਂ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਨੂੰ ਥੋੜ੍ਹੇ ਦਿਨਾਂ 'ਚ ਕਦੇ ਵੀ ਨਹੀਂ ਦੋਹਰਾਇਆ ਜਾ ਸਕਦਾ। ਇਸ ਨੂੰ ਦੋਹਰਾਉਣ ਲਈ ਭਾਵੇਂ ਲਗਾਤਾਰ ਅਸੀਂ ਲੱਗੇ ਰਹੀਏ ਇਸ ਦਾ ਇਤਿਹਾਸ ਘਰ-ਘਰ ਪਹੁੰਚਾਉਣ 'ਚ ਬੇਹੱਦ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਸਾਡਾ ਕੋਈ ਵੀ ਸਮਾਗਮ ਫਿੱਕਾ ਨਹੀਂ ਰਿਹਾ, ਜਿਸ 'ਚ ਗੁਰੂ ਸਾਹਿਬਾਨ ਦੀ ਗੱਲ ਨਾ ਕੀਤੀ ਗਈ ਹੋਵੇ। ਉਨ੍ਹਾਂ ਨੇ ਕਿਹਾ ਕਿ ਸਾਡਾ ਫਰਜ਼ ਵੱਖ-ਵੱਖ ਸਮਾਗਮ ਕਰਕੇ ਸੰਗਤ ਨੂੰ ਬਾਬੇ ਨਾਨਕ ਦੇ ਫਲਸਫੇ ਤੋਂ ਸੁਚੇਤ ਕਰਨਾ ਹੈ। 

ਲਾਂਘੇ ਖੁੱਲ੍ਹਣਾ ਸੰਗਤ ਦੀ ਚਿਰਾਂ ਦੀ ਮੰਗ ਹੋਈ ਪੂਰੀ 
ਉਥੇ ਹੀ ਕਰਤਾਰਪੁਰ ਲਾਂਘਾ ਖੁੱਲ੍ਹਣ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣਾ ਸੰਗਤ ਦੀ ਬਹੁਤ ਚਿਰਾਂ ਤੋਂ ਮੰਗ ਸੀ, ਜੋ ਕਿ ਅੱਜ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਧਨ ਗੁਰੂ ਨਾਨਕ ਜੀ ਨੇ ਦੁਨੀਆ ਨੂੰ ਤਾਰਨ ਲਈ ਪੈਦਲ ਯਾਤਰਾ ਕੀਤੀ ਪਰ ਅਜੇ ਵੀ 550 ਸਾਲਾ 'ਚ ਵੀ ਸੰਗਤ ਗੁਰੂ ਦੀ ਬਾਣੀ ਨਾਲ ਨਹੀਂ ਜੁੜ ਸਕੀ। ਉਨ੍ਹਾਂ ਕਿਹਾ ਕਿ ਸਾਨੂੰ ਬਾਬੇ ਨਾਨਕ ਦੀਆਂ ਸਿੱਖਿਆਵਾਂ 'ਤੇ ਸੇਧ ਲੈਣ ਦੀ ਲੋੜ ਹੈ।

PunjabKesari
ਵਿਧਾਨ ਸਭਾ 'ਚ ਸੋਚ ਵਿਚਾਰ ਕੇ ਪਾਏ ਜਾਣ ਮਤੇ 
ਉਥੇ ਹੀ ਵਿਧਾਨ ਸਭਾ 'ਚ ਬੀਬੀਆਂ ਦੇ ਸ੍ਰੀ ਹਰਿਮੰਦਰ ਸਾਹਿਬ 'ਚ ਕੀਰਤਨ ਕਰਨ ਦਾ ਮਤਾ ਪਾਸ ਹੋਣ 'ਤੇ ਬੋਲਦੇ ਹੋਏ ਜਗੀਰ ਕੌਰ ਨੇ ਕਿਹਾ ਕਿ ਪਹਿਲਾਂ ਤਾਂ ਵਿਧਾਨ ਸਭਾ 'ਚ ਮਤੇ ਸੋਚ-ਸਮਝ ਕੇ ਪਾਉਣੇ ਚਾਹੀਦੇ ਹਨ। ਉਥੇ ਮਤੇ ਪਾਉਣ ਦੇ ਨਾਲ ਕੰਮ ਪੂਰਾ ਮੁਕੰਮਲ ਨਹੀਂ ਹੁੰਦਾ। ਕੌਮ ਨੂੰ ਇਕ ਪਲੇਟਫਾਰਮ 'ਤੇ ਖੜ੍ਹਾ ਕਰਨ ਲਈ ਬਹੁਤ ਸਾਰੇ ਯਤਨ ਕਰਨੇ ਪੈਣਗੇ। ਕਈ ਸਿਧਾਂਤ ਅਤੇ ਮਰਿਆਦਾ ਜੁੜੀ ਹੋਈ ਹੈ ਅਤੇ ਬਹੁਤ ਵੱਡੀਆਂ ਗੰਭੀਰ ਸੋਚਾਂ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ 'ਚ ਔਰਤਾਂ ਦਾ ਸਨਮਾਨ ਚੁੱਕਣ ਦੀ ਗੱਲ ਕੀਤੀ ਜਾਂਦੀ ਤਾਂ ਚੰਗਾ ਹੁੰਦਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ 'ਚ ਤਾਂ ਇਹ ਕਹਿ ਦਿੰਦੇ ਕਿ ਔਰਤ ਸਿਆਸੀ ਤੌਰ 'ਤੇ ਪਿੱਛੇ ਰਹਿ ਗਈ ਹੈ। ਆਪਣੀ ਗੱਲ ਜਿਹੜੀ ਕਰ ਸਕਦੇ ਸੀ ਉਹ ਤਾਂ ਕੀਤੀ ਨਹੀਂ ਪਰ ਪਾਲੀਟੀਕਲ ਗੇਮ ਲੋਕਾਂ 'ਤੇ ਸੁੱਟ ਦਿੱਤੀ। 

ਉਥੇ ਹੀ ਕੁਝ ਸੰਗਤ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਤੇ ਮੂਲ ਮੰਤਰ ਲਿਖੀ ਹੋਈ ਸੋਨੇ ਦੀ ਝਾਲ ਲਗਾਉਣ ਅਤੇ ਸੋਨੇ ਦੀ ਚਾਦਰ ਚੜ੍ਹਾਉਣ ਅਤੇ ਚੋਰੀ ਹੋਣ ਦੇ ਸਵਾਲ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਨਾ ਤਾਂ ਮੈਂ ਪਾਲਕੀ 'ਤੇ ਝਾਲ ਲੱਗੀ ਦੇਖੀ ਹੈ ਅਤੇ ਨਾ ਹੀ ਚਾਦਰ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਕੋਈ ਚੜ੍ਹਾਵਾ ਚੜ੍ਹਾਉਣਾ ਹੁੰਦਾ ਹੈ ਤਾਂ ਬਕਾਇਦਾ ਅਰਦਾਸ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਇਕ ਨਿਯਮ ਹੈ ਕਿ ਜੇਕਰ ਕੋਈ ਸੋਨਾ ਚੜ੍ਹਾਉਂਦਾ ਹੈ ਤਾਂ ਉਸ ਨੂੰ ਅੱਧੇ ਘੰਟੇ ਦੇ ਅੰਦਰ ਉਤਾਰ ਕੇ ਉਸ ਦੀ ਪ੍ਰੀਖਿਆ ਕੀਤੀ ਜਾਂਦੀ ਹੈ ਅਤੇ ਬਾਅਦ 'ਚ ਫਲਾਈਂਗ ਅਫਸਰ ਅਤੇ ਇੰਸਪੈਕਟਰ ਦੀ ਹਾਜਰੀ 'ਚ ਖਜਾਨੇ 'ਚ ਜਮ੍ਹਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ 'ਚ ਨਾ ਤਾਂ ਕੁਝ ਚੋਰੀ ਹੋ ਸਕਦਾ ਹੈ ਅਤੇ ਨਾ ਹੀ ਕੋਈ ਧੱਕਾ ਕਰ ਸਕਦਾ ਹੈ।


shivani attri

Content Editor

Related News