ਖਿੱਚ ਦਾ ਕੇਂਦਰ ਬਣੀ ਪੰਜਾਬ ਸੈਰ ਸਪਾਟਾ ਵਿਭਾਗ ਦੀ ਪ੍ਰਦਰਸ਼ਨੀ ਬੱਸ (ਤਸਵੀਰਾਂ)

Friday, Nov 08, 2019 - 10:57 AM (IST)

ਖਿੱਚ ਦਾ ਕੇਂਦਰ ਬਣੀ ਪੰਜਾਬ ਸੈਰ ਸਪਾਟਾ ਵਿਭਾਗ ਦੀ ਪ੍ਰਦਰਸ਼ਨੀ ਬੱਸ (ਤਸਵੀਰਾਂ)

ਸੁਲਤਾਨਪੁਰ ਲੋਧੀ (ਧੀਰ, ਜੋਸ਼ੀ, ਸੋਢੀ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਸਥਾਪਤ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਨੇੜੇ ਖੜ੍ਹੀ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੀ ਪ੍ਰਦਰਸ਼ਨੀ ਬੱਸ ਸ਼ਰਧਾਲੂਆਂ 'ਚ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਪਹੁੰਚ ਰਹੀ ਸੰਗਤ ਨੂੰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਸਮੇਤ ਹੋਰਨਾਂ ਧਾਰਮਿਕ ਮਹੱਤਤਾ ਵਾਲੇ ਅਸਥਾਨਾਂ ਦੀ ਜਾਣਕਾਰੀ ਨਾਲ ਭਰਪੂਰ ਕਿਤਾਬਚੇ ਵੀ ਮੁਫਤ ਵੰਡੇ ਜਾ ਰਹੇ ਹਨ।

ਇਸ ਬੱਸ 'ਚ ਪੰਜਾਬ ਦੇ ਪ੍ਰਮੱਖ ਧਾਰਮਿਕ ਅਸਥਾਨਾਂ ਦੀਆਂ ਤਸਵੀਰਾਂ ਸਜਾਈਆਂ ਗਈਆਂ ਹਨ ਅਤੇ ਸੂਬੇ ਦੀਆਂ ਸੈਰ ਸਪਾਟੇ ਵਾਲੀਆਂ ਮੁੱਖ ਥਾਵਾਂ 'ਤੇ ਵੀ ਝਾਤ ਪੁਆਈ ਗਈ ਹੈ। ਜਿੱਥੇ ਤਸਵੀਰਾਂ ਰਾਹੀਂ ਸ੍ਰੀ ਹਰਮੰਦਿਰ ਸਾਹਿਬ, ਰਾਮ ਤੀਰਥ ਮੰਦਰ ਅਤੇ ਦੁਰਗਿਆਣਾ ਮੰਦਰ ਵਰਗੇ ਪਵਿੱਤਰ ਅਸਥਾਨਾਂ ਦੀ ਮਹਿਮਾ ਨੂੰ ਬਿਆਨ ਕੀਤਾ ਗਿਆ ਹੈ, ਉਥੇ ਜਲਿਆਂਵਾਲੇ ਬਾਗ ਦੇ ਸਾਕੇ ਨੂੰ ਯਾਦ ਕਰਵਾਉਂਦੀ ਤਸਵੀਰ ਵੀ ਇਸ ਬੱਸ 'ਚ ਸ਼ਾਮਲ ਕੀਤੀ ਗਈ ਹੈ। ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਂਦੇ ਹੋਲੇ-ਮੁਹੱਲੇ, ਜੰਗੇ ਆਜ਼ਾਦੀ ਕਰਤਾਰਪੁਰ, ਵਾਰ ਹੀਰੋਜ਼ ਮੈਮੋਰੀਅਲ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਕਿਲਾ ਰਾਏਪੁਰ ਦੀਆਂ ਖੇਡਾਂ ਨਾਲ ਸਬੰਧਤ ਤਸਵੀਰਾਂ ਵੀ ਇਸ ਬੱਸ ਵਿਚ ਸ਼ਿੰਗਾਰੀਆਂ ਗਈਆਂ ਹਨ।

PunjabKesari

ਬੱਸ 'ਚ ਲਾਈਆਂ ਗਈਆਂ ਹਨ ਦੋ ਐੱਲ. ਈ. ਡੀ. ਸਕਰੀਨਾਂ
ਬੱਸ 'ਚ ਦੋ ਐੱਲ. ਈ. ਡੀ. ਸਕਰੀਨਾਂ ਵੀ ਲਾਈਆਂ ਗਈਆਂ ਹਨ, ਜਿਨ੍ਹਾਂ ਉਤੇ ਲਗਾਤਾਰ ਸੂਬੇ ਵਿਚਲੇ ਪ੍ਰਮੁੱਖ ਧਾਰਮਿਕ ਅਸਥਾਨਾਂ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਬੱਸ ਵਿਚ ਤਸਵੀਰਾਂ ਦੇਖਣ ਆਉਣ ਵਾਲੇ ਸ਼ਰਧਾਲੂਆਂ ਨੂੰ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਅਤੇ ਪੰਜਾਬ ਦੇ ਹੋਰ ਧਾਰਮਿਕ ਅਸਥਾਨਾਂ 'ਤੇ ਸੈਰ ਸਪਾਟੇ ਵਾਲੀਆਂ ਥਾਵਾਂ ਦੀ ਜਾਣਕਾਰੀ ਨਾਲ ਭਰਪੂਰ ਕਿਤਾਬਚੇ ਵੀ ਮੁਫਤ ਵੰਡੇ ਜਾ ਰਹੇ ਹਨ।

'ਬੱਸ ਦਾ ਮਕਸਦ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਦੁਨੀਆ ਦੇ ਕੋਨੇ-ਕੋਨੇ ਤਕ ਪਹੁੰਚਾਉਣਾ'
ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਅਡੀਸ਼ਨਲ ਡਾਇਰੈਕਟਰ ਲਖਮੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮੱਦੇਨਜ਼ਰ ਵਿਭਾਗ ਵੱਲੋਂ ਇਥੇ ਪ੍ਰਦਰਸ਼ਨੀ ਬੱਸ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ 'ਚ ਸੂਬੇ ਦੇ ਪ੍ਰਮੱਖ ਧਾਰਮਿਕ ਅਸਥਾਨਾਂ ਅਤੇ ਸੈਰ ਸਪਾਟੇ ਵਾਲੀਆਂ ਥਾਵਾਂ ਸਬੰਧੀ ਤਸਵੀਰਾਂ ਰਾਹੀਂ ਜਾਣਕਾਰੀ ਦਿੱਤੀ ਜਾ ਰਹੀ ਹੈ। ਰੋਜ਼ਾਨਾਂ ਵੱਡੀ ਗਿਣਤੀ 'ਚ ਸ਼ਰਧਾਲੂ ਇਸ ਬੱਸ ਨੂੰ ਦੇਖਣ ਲਈ ਆ ਰਹੇ ਹਨ, ਜਿਨ੍ਹਾਂ ਨੂੰ ਵਿਭਾਗ ਵੱਲੋਂ ਕਿਤਾਬਚੇ ਵੀ ਵੰਡੇ ਜਾ ਰਹੇ ਹਨ, ਜਿਨ੍ਹਾਂ 'ਚ ਸੂਬੇ ਦੇ ਪਵਿੱਤਰ ਧਾਰਮਿਕ ਅਸਥਾਨਾਂ ਅਤੇ ਸੈਰ ਸਪਾਟੇ ਦੀ ਨਜ਼ਰ ਤੋਂ ਅਹਿਮ ਥਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਬੱਸ ਦਾ ਮਕਸਦ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਦੁਨੀਆ ਦੇ ਕੋਨੇ-ਕੋਨੇ ਤਕ ਪਹੁੰਚਾਉਣਾ ਅਤੇ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨਾ ਹੈ।

PunjabKesari

ਸ਼ਰਧਾਲੂਆਂ ਦੇ ਇਸ ਪ੍ਰਕਾਰ ਪ੍ਰਗਟਾਈ ਆਪਣੀ ਸ਼ਰਧਾ
ਚੋਹਲਾ ਸਾਹਿਬ ਤੋਂ ਆਈ ਹਰਜਿੰਦਰ ਕੌਰ ਨੇ ਪ੍ਰਰਦਰਸ਼ਨੀ ਬੱਸ ਵਿਚੋਂ ਧਾਰਮਿਕ ਅਸਥਾਨਾਂ ਬਾਰੇ ਵੱਡਮੁੱਲੀ ਜਾਣਕਾਰੀ ਮਿਲਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਉਹ ਇਨ੍ਹਾਂ ਅਸਥਾਨਾਂ ਦੇ ਆਪਣੇ ਪਰਿਵਾਰ ਸਮੇਤ ਦਰਸ਼ਨ ਕਰਨ ਜ਼ਰੂਰ ਜਾਵੇਗੀ। ਸਹਿਪਾਠੀਆਂ ਅਤੇ ਅਧਿਆਪਕਾਂ ਨਾਲ ਪ੍ਰਦਰਸ਼ਨੀ ਬੱਸ ਦੇਖਣ ਪੁੱਜੇ ਇਮਰਾਨ ਨੇ ਕਿਹਾ ਕਿ ਉਸ ਨੂੰ ਇਥੇ ਆ ਕੇ ਆਪਣੇ ਸੂਬੇ ਦੇ ਪ੍ਰਮੁੱਖ ਧਾਰਮਿਕ ਅਤੇ ਅਹਿਮ ਸਥਾਨਾਂ ਬਾਰੇ ਬੇਸ਼ਕੀਮਤੀ ਜਾਣਕਾਰੀ ਹਾਸਲ ਹੋਈ ਹੈ।


author

shivani attri

Content Editor

Related News