ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼

06/18/2019 10:32:22 AM

ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਲੋਕਾਈ ਨੂੰ ਮਿਆਰੀ, ਪਰਉਪਕਾਰੀ ਅਤੇ ਵਿਹਾਰੀ (ਅਮਲੀ) ਜੀਵਨ ਜਿਊਣ ਦਾ ਉਪਦੇਸ਼ ਦਿੱਤਾ ਹੈ, ਉੱਥੇ 'ਸਿਰ ਤਲੀ' 'ਤੇ ਧਰ ਕੇ ਪ੍ਰੇਮ (ਰੱਬੀ) ਦੀ ਖੇਡ ਖੇਡਣ ਦੀ ਵੰਗਾਰ ਵੀ ਦਿੱਤੀ ਹੈ। ਇਸ ਖੇਡ ਨੂੰ ਖੇਡਣ ਲਈ ਸੰਤ ਸੁਭਾਅ ਦੇ ਨਾਲ-ਨਾਲ ਸਿਪਾਹੀਅਤ (ਜੁਝਾਰੂ ਬਿਰਤੀ) ਨੂੰ ਵੀ ਬਰਾਬਰ ਅਹਿਮੀਅਤ ਦਿੱਤੀ ਗਈ ਹੈ। ਗੁਰੂ ਸਾਹਿਬ ਜੀ ਦਾ ਫੁਰਮਾਨ ਹੈ :-

ਜੇ ਜੀਵੈ ਪਤਿ ਲੱਥੀ ਜਾਇ।। ਸਭੁ ਹਰਾਮੁ ਜੇਤਾ ਕਿਛੁ ਖਾਇ।।

ਇਸ ਪਤਿ ਦੀ ਸਲਾਮਤੀ ਹਿੱਤ ਅਤੇ ਸਿੱਖੀ ਨੂੰ ਅਣਖ ਦੀ ਪਾਣ ਚੜ੍ਹਾਈ (ਸ਼ਸਤਰਧਾਰੀ ਹੋ ਕੇ) ਰੱਖਣ ਲਈ ਛੇਵੇਂ ਨਾਨਕ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਆਪਣੇ ਗੁਰਿਆਈ ਦੇ ਸਮੇਂ ਦੋ ਤਲਵਾਰਾਂ ਧਾਰਨ ਕੀਤੀਆਂ, ਜਿਸ ਨੂੰ ਸਿੱਖ ਇਤਿਹਾਸ ਵਿਚ ਮੀਰੀ ਅਤੇ ਪੀਰੀ ਦਾ ਨਾਮ ਦਿੱਤਾ ਗਿਆ ਹੈ। ਧਰਮ ਤੇ ਰਾਜਨੀਤੀ ਦੀ ਇਸ ਨਿਵੇਕਲੀ ਪਰ ਚਿਰਸਥਾਈ ਸਾਂਝ ਨਾਲ ਸਿੱਖ ਧਰਮ ਇਕ ਅਤਿ ਅਣਖੀਲੇ ਤੇ ਕ੍ਰਾਂਤੀਕਾਰੀ ਮੋੜ ਵੱਲ ਮੁੜ ਗਿਆ, ਜਿਸ ਨੂੰ ਭਾਈ ਗੁਰਦਾਸ ਜੀ ਨੇ ਇੰਝ ਬਿਆਨਿਆ ਹੈ :-

ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ।। 
ਅਰਜਨ ਕਾਇਆ ਪਲਟ ਕੈ ਮੂਰਤ ਹਰਿਗੋਬਿੰਦ ਸਵਾਰੀ।।
ਚਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ।।
ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।। (1-48-4)


ਪੀੜ੍ਹੀ ਭਾਵੇਂ ਸੋਢੀਆਂ ਦੀ ਹੀ ਸੀ ਅਤੇ ਹੁਕਮ ਵੀ ਪੰਚਮ ਪਾਤਸ਼ਾਹ ਦਾ ਹੀ ਵਰਤ ਰਿਹਾ ਸੀ ਪਰ ਅਭਿਆਸੀ ਰੂਪ 'ਚ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਲਾਗੂ ਕਰਨ ਦਾ ਮਾਣ ਛੇਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਿੱਸੇ ਆਉਂਦਾ ਹੈ। ਇਸ ਸਿਧਾਂਤ ਨੂੰ ਅਮਲੀਜਾਮਾ ਪਹਿਨਾ ਕੇ ਜਿਥੇ ਛੇਵੇਂ ਪਾਤਿਸ਼ਾਹ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦੀ ਸੰਤ ਬਲ ਅਤੇ ਰਾਜ ਬਲ ਨਾਲ ਆਪਸੀ ਸਾਂਝੀ ਪੁਆਈ, ਉਥੇ ਸੰਤਾਂ ਨੂੰ ਸਿਪਾਹੀ ਵਾਲਾ ਮੁਹਾਂਦਰਾ ਪ੍ਰਦਾਨ ਕੀਤਾ, ਕਿਉਂਕਿ ਗੁਰੂ ਸਾਹਿਬ ਦਾ ਦ੍ਰਿੜ੍ਹ ਵਿਸ਼ਵਾਸ ਸੀ ਕਿ ਗੁਰੂ ਨਾਨਕ ਦੇ ਘਰ 'ਚ ਸੰਤਤਾਈ ਤੇ ਸਿਪਾਹੀਅਤ ਇਕੋ ਹੀ ਸਿੱਕੇ ਦੇ ਦੋ ਪਾਸੇ ਹੋਣਗੇ। ਭਾਵ ਇਕ ਚੰਗਾ ਸੰਤ ਇਕ ਚੰਗਾ ਸਿਪਾਹੀ ਅਤੇ ਇਕ ਚੰਗਾ ਸਿਪਾਹੀ ਨਹੀਂ ਇਕ ਚੰਗਾ ਸੰਤ ਸਾਬਤ ਹੋ ਸਕਦਾ ਹੈ। ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਛੇਵੀਂ ਜੋਤ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਤੋਂ ਲਹਿੰਦੇ ਪਾਸੇ ਵਸੇ ਨਗਰ ਵਡਾਲੀ (ਗੁਰੂ ਕੀ) ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਹੋਇਆ। ਗੁਰੂ ਅਰਜਨ ਦੇਵ ਜੀ, ਜੋ ਸਰਬਤ ਦੇ ਭਲੇ ਤੇ ਗੁਰਸਿੱਖੀ ਦੇ ਪ੍ਰਚਾਰ ਲਈ ਲਾਹੌਰ ਗਏ ਹੋਏ ਸਨ। ਉਹ ਪਰਿਵਾਰ ਸਮੇਤ 1597 ਈ. ਨੂੰ ਵਡਾਲੀ ਗੁਰੂ ਕੀ ਵਿਖੇ ਆ ਗਏ। ਵਡਾਲੀ ਤੋਂ ਗੁਰੂ ਜੀ ਨੂੰ ਅੰਮ੍ਰਿਤਸਰ ਆਉਣਾ ਪਿਆ।

1605 ਈ. ਦੇ ਅਕਤੂਬਰ ਮਹੀਨੇ 'ਚ ਜਹਾਂਗੀਰ ਦੀ ਤਖਤਪੋਸ਼ੀ ਹੋਣ ਨਾਲ ਅਕਬਰ ਵਲੋਂ ਵੱਖ-ਵੱਖ ਧਰਮਾਂ ਪ੍ਰਤੀ ਅਪਣਾਈ ਸਤਿਕਾਰ ਵਾਲੀ ਨੀਤੀ ਦਮ ਤੋੜ ਗਈ। ਰਾਜ ਦਰਬਾਰ ਤੰਗ ਦਿਲ ਅਤੇ ਫਿਰਕਾਪ੍ਰਸਤ ਮੁਸਲਮਾਨਾਂ ਦੇ ਹੱਥ ਆ ਗਿਆ। ਇਨ੍ਹਾਂ ਕੱਟੜਪੰਥੀਆਂ ਨੇ ਗੈਰ-ਮੁਸਲਮਾਨਾਂ ਪ੍ਰਤੀ ਨਫਰਤ ਭਰਪੂਰ ਪਹੁੰਚ ਅਖਤਿਆਰ ਕਰ ਲਈ। ਇਸ ਪਹੁੰਚ ਦਾ ਢੁੱਕਵਾਂ ਜਵਾਬ ਦੇਣ ਲਈ ਬਾਬਾ ਬੁੱਢਾ ਜੀ ਨੇ ਜਿਥੇ ਬਾਲਕ ਹਰਗੋਬਿੰਦ ਜੀ ਨੂੰ ਹਰਫੀ ਇਲਮ ਦਿੱਤਾ, ਉਥੇ ਕੁਸ਼ਤੀ, ਘੋੜ-ਸਵਾਰੀ, ਤਲਵਾਰਬਾਜ਼ੀ ਅਤੇ ਹੋਰ ਜੰਗੀ ਕਰਤੱਬਾਂ ਦੀ ਸਿਖਲਾਈ ਦਿੱਤੀ, ਕਿਉਂਕਿ ਬਾਬਾ ਬੁੱਢਾ ਜੀ ਨੇ ਆਪਣੀ ਦੂਰ-ਅੰਦੇਸ਼ੀ ਨਾਲ ਭਾਂਪ ਲਿਆ ਸੀ ਕਿ ਮੁਗਲ ਹਕੂਮਤ ਨਾਲ ਸਿੱਖਾਂ ਨੂੰ ਦੋ ਹੱਥ ਕਰਨੇ ਪੈਣੇ ਹਨ। 6 ਅਪ੍ਰੈਲ 1606 ਨੂੰ ਜਹਾਂਗੀਰ ਦਾ ਪੁੱਤਰ ਖੁਸਰੋ ਬਾਗੀ ਹੋ ਕੇ ਆਗਰੇ ਤੋਂ ਪੰਜਾਬ ਵੱਲ ਭੱਜ ਪਿਆ। ਤਿੰਨ ਕੁ ਹਫਤਿਆਂ (27 ਅਪ੍ਰੈਲ) ਬਾਅਦ ਉਹ ਝਨਾ ਨਦੀ ਨੂੰ ਪਾਰ ਕਰਦਾ ਫੜਿਆ ਗਿਆ। ਸ਼ੇਖ ਅਹਿਮਦ ਸਰਹੰਦੀ ਅਤੇ ਕੁਝ ਹੋਰ ਕੱਟੜਪੰਥੀਆਂ ਨੇ ਜਹਾਂਗੀਰ ਦੇ ਕੰਨਾਂ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਖੁਸਰੋ ਨੂੰ ਸਹਾਇਤਾ ਅਤੇ ਸਹਿਯੋਗ ਦੇਣ ਦੀ ਫੂਕ ਮਾਰ ਦਿੱਤੀ। ਜਹਾਂਗੀਰ 'ਤੇ ਫੂਕ ਦਾ ਅਜਿਹਾ ਅਸਰ ਹੋਇਆ ਕਿ ਉਸ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ।

ਸੰਨ 1606 ਮਈ ਮਹੀਨੇ ਦੇ ਆਖਰੀ ਹਫਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ, ਬਾਬਾ ਬੁੱਢਾ ਜੀ ਅਤੇ ਹੋਰ ਮੁਖੀ ਸਿੱਖਾਂ ਨਾਲ ਤਤਕਾਲੀ ਰਾਜਨੀਤਕ ਹਾਲਾਤ 'ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ। ਇਸ ਵਿਚਾਰ-ਵਟਾਂਦਰੇ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਨ ਸਜਾ ਕੇ ਗੁਰਿਆਈ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਸੌਂਪ ਦਿੱਤੀ ਗਈ। ਇਸ ਮੌਕੇ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨੂੰ ਦੋ ਤਲਵਾਰਾਂ (ਇਕ ਮੀਰੀ ਤੇ ਦੂਜੀ ਪੀਰੀ ਦੀ) ਪਹਿਨਾਈਆਂ, ਜੋ ਸੰਸਾਰਕ ਤੇ ਆਤਮਿਕ ਪੱਖ ਦੇ ਸੁਮੇਲ ਦੀ ਗਵਾਹੀ ਦਿੰਦੀਆਂ ਹਨ। ਸ੍ਰੀ ਗੁਰੂ ਹਰਗੋਬਿੰਦ ਜੀ ਦੀ ਵਰੇਸ ਭਾਵੇਂ ਅਜੇ 11 ਕੁ ਸਾਲ ਦੀ ਸੀ ਪਰ ਆਪਣੇ ਦੂਰਦਰਸ਼ਕ ਨਜ਼ਰੀਏ ਸਦਕਾ ਉਨ੍ਹਾਂ ਨੇ ਇਹ ਸਮਝ ਲਿਆ ਕਿ ਮੁਗਲ ਹਕੂਮਤ ਦੀ ਅੱਤਿਆਚਾਰੀ ਨੀਤੀ ਦਾ ਸਿਖਰ ਗੁਰੂ ਪਿਤਾ ਦੀ ਸ਼ਹੀਦੀ ਤਕ ਹੀ ਸੀਮਤ ਨਹੀਂ ਰਹੇਗਾ। ਇਸ ਨੀਤੀ ਦੇ ਸਮਰਥਕ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਢਾਹ ਲਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਹਕੂਮਤ ਦੀ ਇਸ ਭਵਿੱਖ ਮੁਖੀ ਕੋਸ਼ਿਸ਼ ਨੂੰ ਅਸਫਲ ਕਰਨ ਲਈ ਛੇਵੇਂ ਪਾਤਸ਼ਾਹ ਨੇ ਹਥਿਆਰਬੰਦ ਸੰਘਰਸ਼ ਦਾ ਰਾਹ ਚੁਣ ਲਿਆ। ਇਸ ਰਾਹ 'ਤੇ ਸਫਲਤਾਪੂਰਵਕ ਚੱਲਣ ਲਈ ਉਨ੍ਹਾਂ ਨੇ ਮਸੰਦਾਂ ਰਾਹੀਂ ਆਪਣੇ ਸਿੱਖਾਂ (ਵਿਸ਼ੇਸ਼ ਕਰ ਕੇ ਵਪਾਰੀ ਵਰਗ) ਨੂੰ ਹੁਕਮਨਾਮੇ ਭੇਜੇ ਕਿ ਸਿੱਖ ਆਪਣੇ ਦਸਵੰਧ ਦੇ ਨਾਲ-ਨਾਲ ਵਧੀਆ ਘੋੜੇ ਤੇ ਸ਼ਸਤਰ ਖਰੀਦ ਕੇ ਭੇਜਿਆ ਕਰਨ। ਇਸ ਤਰ੍ਹਾਂ ਸਿੱਖਾਂ ਕੋਲ ਜਿਥੇ ਘੋੜਿਆਂ ਦੀ ਗਿਣਤੀ 'ਚ ਵਾਧਾ ਹੋਇਆ, ਉਥੇ ਗੁਰੂ ਘਰ ਦਾ ਅਸਲਾਖਾਨਾ ਚੰਗੇ ਸ਼ਸਤਰਾਂ ਨਾਲ ਭਰਪੂਰ ਹੋਣ ਲੱਗ ਪਿਆ।

ਘੋੜੇ ਅਤੇ ਹਥਿਆਰ ਜਮ੍ਹਾ ਕਰਨ ਦੇ ਨਾਲ-ਨਾਲ ਸਾਹਿਬ ਨੇ ਆਪਣੇ ਸਿੱਖਾਂ ਅਤੇ ਸੇਵਕਾਂ ਨੂੰ ਹਥਿਆਰ ਚਲਾਉਣਤੇ ਸਿਖਾਉਣ ਦਾ ਵੀ ਯੋਗ ਪ੍ਰਬੰਧ ਕਰ ਲਿਆ। ਇਸ ਸਿਖਲਾਈ ਲਈ ਗੁਰੂ ਜੀ ਨੇ 52 ਨਿਪੁੰਨ ਅੰਗ-ਰੱਖਿਅਕਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ। ਹੌਲੀ-ਹੌਲੀ ਸਿੱਖ ਸੈਨਿਕਾਂ ਦੀ ਗਿਣਤੀ ਵਧਣ ਲੱਗੀ। ਦੂਰੋਂ-ਨੇੜਿਓਂ ਕਈ ਗੱਭਰੂ ਅੰਮ੍ਰਿਤਸਰ ਵਿਖੇ ਆ ਕੇ ਮਹੀਨਿਆਂਬੱਧੀ ਪੜਾਅ ਕਰ ਲੈਂਦੇ ਅਤੇ ਮਾਰਸ਼ਲ ਆਰਟ ਦੀ ਸਿਖਲਾਈ ਪ੍ਰਾਪਤ ਕਰਕੇ ਘਰ ਪਰਤ ਜਾਂਦੇ। ਸ੍ਰੀ ਗੁਰੂ ਹਰਗੋਬਿੰਦ ਜੀ ਧੰਨ ਗੁਰੂ ਨਾਨਕ ਦੇਵ ਜੀ ਵਲੋਂ ਸਥਾਪਿਤ ਕੀਤੇ ਸਾਂਝੀਵਾਲਤਾ ਦੇ ਸਿਧਾਂਤ ਦੇ ਪਹਿਰੇਦਾਰ ਵੀ ਸਨ। ਇਸ ਪਹਿਰੇਦਾਰੀ ਦੀ ਗਵਾਹੀ ਲਾਹੌਰ ਦੇ ਰਹਿਣ ਵਾਲੇ ਸ਼ਾਹੀ ਕਾਜੀ ਦੀ ਬੇਟੀ ਬੀਬੀ ਕੌਲਾਂ ਦੇ ਆਪ ਜੀ ਪ੍ਰਤੀ ਪ੍ਰਗਟਾਏ ਪਿਆਰ ਅਤੇ ਸਤਿਕਾਰ ਤੋਂ ਭਲੀ-ਭਾਂਤ ਮਿਲ ਜਾਂਦੀ ਹੈ। ਗੁਰੂ ਘਰ ਪ੍ਰਤੀ ਬੀਬੀ ਕੌਲਾਂ ਦਾ ਅਥਾਹ ਪਿਆਰ ਉਸ ਦੇ ਪਿਉਂ ਤੋਂ ਸਹਾਰਿਆ ਨਾ ਗਿਆ ਅਤੇ ਉਸ ਨੇ ਆਪਣੀ ਲਾਡਲੀ ਦੇ ਖਿਲਾਫ ਮੌਤ ਦਾ ਫਤਵਾ ਜਾਰੀ ਕਰ ਦਿੱਤਾ। ਇਸ ਫਤਵੇ ਦੇ ਅਮਲ 'ਚ ਆਉਣ ਤੋਂ ਪਹਿਲਾਂ ਪੰਚਮ ਪਾਤਸ਼ਾਹ ਦੇ ਪਰਮ-ਮਿੱਤਰ ਤੇ ਗੁਰੂ ਨਾਨਕ ਦੀ ਸੋਚ ਪ੍ਰਤੀ ਆਸਥਾ ਰੱਖਣ ਵਾਲੇ ਸਾਈਂ ਮੀਆਂ ਮੀਰ ਜੀ ਨੇ ਆਪਣੇ ਖਾਸ ਮੁਰੀਦਾਂ ਦੀ ਮਦਦ ਨਾਲ ਬੀਬੀ ਕੌਲਾਂ ਨੂੰ ਅੰਮ੍ਰਿਤਸਰ ਗੁਰੂ ਸਾਹਿਬ ਦੀ ਸ਼ਰਨ 'ਚ ਭੇਜ ਦਿੱਤਾ। ਬਾਬੇ ਨਾਨਕ ਦਾ ਦਰ ਸ਼ਰਨ ਆਏ ਦੀ ਹਮੇਸ਼ਾ ਲਾਜ ਰੱਖਦਾ ਆਇਆ ਹੈ ਅਤੇ ਬੀਬੀ ਦੀ ਲਾਜ ਰੱਖਣ ਲਈ ਛੇਵੇਂ ਨਾਨਕ ਨੇ ਉਸ ਦੀ ਰਿਹਾਇਸ਼ ਦਾ ਵੱਖਰਾ ਬੰਦੋਬਸਤ ਕਰ ਦਿੱਤਾ।

ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਪੂਰੀ ਹਯਾਤੀ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਲਾ ਦਿੱਤੀ। ਇਸ ਮਨੋਰਥ ਦੀ ਸਿੱਧੀ ਲਈ ਰੁਕਾਵਟ ਪੈਦਾ ਕਰਨ ਵਾਲੀ ਹਰੇਕ ਧਿਰ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਗਿਆ। ਜਿਥੇ ਗੁਰੂ ਸਾਹਿਬ ਨੇ ਆਪਣੀ ਕਹਿਣੀ ਅਤੇ ਕਰਨੀ 'ਚ ਸਮਤੋਲ ਬਣਾਈ ਰੱਖਿਆ, ਉਥੇ ਆਪਣੇ ਵਿਸ਼ਵਾਸ ਪਾਤਰਾਂ ਨੂੰ ਸੇਵਾ ਅਤੇ ਸਿਮਰਨ ਨਾਲ ਜੋੜੀ ਰੱਖਿਆ।

ਰਮੇਸ਼ ਬੱਗਾ ਚੋਹਲਾ


rajwinder kaur

Content Editor

Related News