ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਇੰਦੌਰ ਦੇ ਸਿੰਧੀ ਭਾਈਚਾਰੇ ਕੋਲੋਂ ਸਰੂਪ ਲਿਆਂਦੇ ਵਾਪਸ
Sunday, Jan 15, 2023 - 05:21 AM (IST)
ਅੰਮ੍ਰਿਤਸਰ (ਜ. ਬ.)-ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਮੁਕੇਰੀਆਂ ਦੇ ਮੁੱਖ ਸੇਵਾਦਾਰ ਦਵਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਇਕ ਜਥੇ ਨੇ ਇੰਦੌਰ ’ਚ ਵਸਦੇ ਸਿੰਧੀ ਭਾਈਚਾਰੇ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਪਸ ਲਿਆਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਿੰਧੀ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਰੱਖ ਰਹੇ ਸਨ। ਇਸ ਸਬੰਧੀ ਸਤਿਕਾਰ ਕਮੇਟੀ ਦੇ ਆਗੂਆਂ ਨੇ ਇੰਦੌਰ ਦੇ ਪੁਲਸ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਦੱਸਿਆ ਕਿ ਸਿੰਧੀ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਪਾਖੰਡ ਕਰਦੇ ਹਨ। ਉਧਰ ਸਿੰਧੀ ਸਮਾਜ ਦੇ ਆਗੂ ਗੋਪਾਲ ਕੋਡਵਾਨੀ ਨੇ ਕਿਹਾ ਕਿ ਇਸ ਤਰ੍ਹਾਂ ਕਹਿਣ ’ਤੇ ਅਸੀਂ ਅਪਮਾਨਿਤ ਮਹਿਸੂਸ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬਾਰੇ ਵੀ ਸ਼ਿਕਾਇਤ ਸੀ ਤਾਂ ਉਸ ਬਾਰੇ ਸਮਾਜ ਦੇ ਜ਼ਿੰਮੇਵਾਰ ਵਿਅਕਤੀਆਂ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਸੀ।
ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਕੈਨੇਡਾ ਤੋਂ ਆਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਸਿੰਧੀ ਸਮਾਜ ਦੇ ਇਕ ਆਗੂ ਨੇ ਕਿਹਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗੁਰਦੁਆਰਾ ਇਮਲੀ ਸਾਹਿਬ ਵਿਖੇ ਪਹੁੰਚਾ ਦਿੱਤੇ ਹਨ। ਸਿੰਧੀ ਆਗ਼ੂ ਨੇ ਕਿਹਾ ਕਿ ਅਸੀਂ ਬਾਬਾ ਨਾਨਕ ਦੇ ਸ਼ਰਧਾਲੂ ਹਾਂ ਤੇ ਸਾਡਾ ਵਿਸ਼ਵਾਸ ਗੁਰਬਾਣੀ ’ਚ ਹੈ। ਇਸ ਤੋਂ ਬਾਅਦ ਅਸੀਂ ਵਾਪਸ ਸਨਾਤਨ ਮਤ ਵਿਚ ਵਾਪਸੀ ਕਰਾਂਗੇ। ਸਿੰਧੀ ਸਮਾਜ ਦੇ ਆਗੂ ਤੇ ਸੰਤ ਕੰਵਰਰਾਮ ਧਾਮ ਦੇ ਸੇਵਾਦਾਰ ਭਾਈ ਸਾਹਿਬ ਕਿਸ਼ੋਰ ਦਾਸ ਮੌਂਡੀਆਂ ਨੇ ਵੀ ਸਤਨਾ ਦੇ ਸਿੰਧੀ ਭਾਈਚਾਰੇ ਨੂੰ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਸਰੂਪ ਸਿੱਖ ਭਾਈਚਾਰੇ ਨੂੰ ਸੌਂਪ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਿੱਖਾਂ ਤੇ ਸਿੰਧੀ ਸਮਾਜ ਵਿਚਾਲੇ ਕਿਸੇ ਤਰ੍ਹਾਂ ਦਾ ਟਕਰਾਅ ਹੋਵੇ। ਜ਼ਿਕਰਯੋਗ ਹੈ ਕਿ ਸਿੰਧੀ ਸਮਾਜ ਪਿਛਲੇ 500 ਸਾਲ ਤੋਂ ਗੁਰਬਾਣੀ ਨਾਲ ਜੁੜਿਆ ਹੋਇਆ ਹੈ ਤੇ ਸਿੰਧੀ ਸਮਾਜ ਦੇ ਦਾਦਾ ਚੇਲਾ ਰਾਮ, ਦੀਦੀ ਰਾਧਿਕਾ ਤੇ ਲਛਮਣ ਚੇਲਾ ਰਾਮ ਆਦਿ ਅੱਜ ਤੋਂ ਕਰੀਬ 35 ਸਾਲ ਪਹਿਲਾਂ ਤੱਕ ਵੱਖ-ਵੱਖ ਗੁਰੂ ਘਰਾਂ ਵਿਚ ਕੀਰਤਨ ਕਰਦੇ ਸਨ।
ਇਹ ਖ਼ਬਰ ਵੀ ਪੜ੍ਹੋ : ‘ਭਾਰਤ ਜੋੜੋ ਯਾਤਰਾ’ ਦੇ ਪ੍ਰੋਗਰਾਮ ’ਚ ਬਦਲਾਅ, ਰਾਹੁਲ 15 ਦੀ ਬਜਾਏ 17 ਨੂੰ ਹੁਸ਼ਿਆਰਪੁਰ ’ਚ ਕਰਨਗੇ ਪ੍ਰੈੱਸ ਕਾਨਫਰੰਸ