ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਬਾਰੇ ਸੋਸ਼ਲ ਮੀਡੀਆ ''ਤੇ ਖੱਟੜਾ ਦੀ ਕਾਰਗੁਜ਼ਾਰੀ ਚਰਚਾ ''ਚ
Sunday, Jun 17, 2018 - 01:11 PM (IST)
ਪਟਿਆਲਾ/ਰੱਖੜਾ (ਰਾਣਾ)-ਸੂਬੇ ਅੰਦਰ ਤਿੰਨ ਸਾਲ ਬੀਤ ਜਾਣ ਮਗਰੋਂ ਵੀ ਬਰਗਾੜੀ ਅਤੇ ਜਵਾਹਰ ਸਿੰਘ ਵਾਲਾ ਵਿਖੇ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਘਟਨਾਵਾਂ ਦੀ ਜਾਂਚ ਲਗਭਗ ਪੂਰੀ ਹੋਣ ਕਿਨਾਰੇ ਹੈ ਅਤੇ ਬੀਤੇ ਦਿਨੀਂ ਮਾਮਲੇ ਨਾਲ ਸਬੰਧਤ ਦੋਸ਼ੀਆਂ ਦੀ ਧਰ-ਪਕੜ ਕਰਨ ਉਪਰੰਤ ਹੁਣ ਸਿਰਫ ਸੂਤਰਧਾਰਾਂ ਦੇ ਨਾਂ ਜਨਤਕ ਹੋਣੇ ਹੀ ਬਾਕੀ ਰਹਿ ਗਏ ਹਨ ਜਿਸ 'ਤੇ ਪੂਰੇ ਵਿਸ਼ਵ ਵਿਚ ਬੈਠੇ ਸਿੱਖ ਭਾਈਚਾਰੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪੰਜਾਬ ਪੁਲਸ ਦੇ ਨਿਧੜਕ ਅਫਸਰ ਰਣਬੀਰ ਸਿੰਘ ਖੱਟੜਾ ਅਤੇ ਸਮੁੱਚੀ ਟੀਮ ਦੀ ਕਾਰਗੁਜ਼ਾਰੀ ਤੋਂ ਪੂਰਾ ਸਿੱਖ ਜਗਤ ਪੂਰੀ ਤਰ੍ਹਾਂ ਸੰਤੁਸ਼ਟ ਨਜ਼ਰ ਆ ਰਿਹਾ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਕਾਰ ਇਸ ਸਮੁੱਚੇ ਕਾਂਡ ਵਿਚ ਸੱਤਾਧਾਰੀ ਧਿਰ ਦੇ ਕੁਝ ਆਗੂਆਂ ਦੇ ਨਾਵਾਂ ਨੂੰ ਜਨਤਕ ਨਾ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਕਿਉਂਕਿ ਜੇਕਰ ਨਾਂ ਜਨਤਕ ਹੋ ਜਾਂਦੇ ਹਨ ਤਾਂ ਪਾਰਟੀ ਦੇ ਅਕਸ 'ਤੇ ਮਾੜਾ ਅਸਰ ਪੈ ਸਕਦਾ ਹੈ, ਜਿਸ ਕਾਰਨ 2019 ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਸੱਤਾ ਤੋਂ ਦੂਰ ਹੋਣਾ ਪੈ ਸਕਦਾ ਹੈ। ਇਸ ਡਰ ਕਾਰਨ ਮਾਮਲੇ ਦੇ ਕੁਝ ਤੱਥਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਦਾ ਵੱਡਾ ਕਾਰਨ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਬੀਤੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਕਾਂਡ ਕਾਰਨ ਹੀ ਉਸ ਸਮੇਂ ਦੀ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਬੁਰੀ ਤਰ੍ਹਾਂ ਹਾਰਿਆ ਸੀ। ਸਰਕਾਰ ਵਲੋਂ ਸਮੁੱਚੀ ਰਿਪੋਰਟ ਨੂੰ ਜਨਤਕ ਕੀਤੇ ਜਾਣ ਵਿਚ ਕੀਤੀ ਜਾ ਰਹੀ ਦੇਰੀ ਵਿਰੁੱਧ ਗਰਮ-ਖਿਆਲੀਆਂ ਦੇ ਇਕ ਧੜੇ ਵਲੋਂ ਬਰਗਾੜੀ ਵਿਖੇ ਬੇਅਦਬੀ ਕਾਂਡ ਨੂੰ ਬੇਪਰਦ ਕਰਨ ਲਈ ਪੱਕਾ ਮੋਰਚਾ ਵੀ ਲਾਇਆ ਹੋਇਆ ਹੈ।
ਗਰਮ-ਖਿਆਲੀਆਂ ਦੇ ਸੰਘਰਸ਼ ਨੇ ਜਾਂਚ ਦੀ ਰਫਤਾਰ ਵਧਾਈ
ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਪਹਿਲਾਂ ਸਮੁੱਚੇ ਸਿੱਖ ਭਾਈਚਾਰੇ ਨੂੰ ਬਰਗਾੜੀ ਅਤੇ ਜਵਾਹਰ ਸਿੰਘ ਵਾਲਾ ਵਿਖੇ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਤੇ ਗੋਲੀਬਾਰੀ ਵਿਚ ਸ਼ਹੀਦ ਹੋਏ ਸਿੰਘ ਦੇ ਘਰ ਬੈਠ ਕੇ ਸਮੁੱਚੀ ਕੌਮ ਨੂੰ ਵਿਸ਼ਵਾਸ ਦਿਵਾਉਂਦਿਆਂ ਸੀ ਕਿ ਸਰਕਾਰ ਬਣਦਿਆਂ ਹੀ ਇਸ ਕਾਂਡ ਦੀ ਜਾਂਚ ਕਰ ਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਜਿਸ ਦੇ ਇਕ ਸਾਲ ਬੀਤ ਜਾਣ ਮਗਰੋਂ ਵੀ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਗਰਮ-ਖਿਆਲੀ ਸਿੱਖਾਂ ਦੇ ਇਕ ਧੜੇ ਨੇ ਪਿੰਡ ਬਰਗਾੜੀ ਵਿਖੇ ਪੱਕਾ ਮੋਰਚਾ ਲਾਇਆ, ਜਿਸ ਕਾਰਨ ਸਰਕਾਰ ਨੂੰ ਇਸ ਕਾਂਡ ਦੀ ਜਾਂਚ ਦੀ ਰਫਤਾਰ ਵਧਾਉਣੀ ਪਈ ਅਤੇ ਹੁਣ ਲਗਭਗ ਮੁਕੰਮਲ ਹੋਣ ਕਿਨਾਰੇ ਪਹੁੰਚੀ ਜਾਂਚ ਰਿਪੋਰਟ ਨੂੰ ਜਲਦ ਜਨਤਕ ਕੀਤੇ ਜਾਣ ਦੀ ਮੰਗ ਜ਼ੋਰ ਫੜ ਰਹੀ ਹੈ।
