ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸਬੰਧੀ ਅੰਮ੍ਰਿਤ ਵੇਲੇ ਸਜਾਏ ਗਏ ਵਿਸ਼ਾਲ ਨਗਰ ਕੀਰਤਨ

Tuesday, Sep 07, 2021 - 02:00 PM (IST)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸਬੰਧੀ ਅੰਮ੍ਰਿਤ ਵੇਲੇ ਸਜਾਏ ਗਏ ਵਿਸ਼ਾਲ ਨਗਰ ਕੀਰਤਨ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ੍ਰੀ ਮੁਕਤਸਰ ਸਾਹਿਬ ਵਿਖੇ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਸ੍ਰੀ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਅਮ੍ਰਿਤ ਵੇਲੇ 3.30 ਵਜੇ ਨਗਰ ਕੀਰਤਨ ਸਜਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਗਏ ਇਸ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਲਵਾਈ।

ਪਵਿੱਤਰ ਸਰੋਵਰ ਦੀ ਪਰਿਕਰਮਾ ਕਰਨ ਉਪਰੰਤ ਨਗਰ ਕੀਰਤਨ ਦੀ ਸ੍ਰੀ ਦਰਬਾਰ ਸਾਹਿਬ ਵਿਖੇ ਸਮਾਪਤੀ ਹੋਈ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ। ਨਗਰ ਕੀਰਤਨ ਦੇ ਸਾਰੇ ਰਸਤੇ ਗੁਰਬਾਣੀ ਜਾਪ ਕੀਤੇ ਗਏ। ਨਗਰ ਕੀਰਤਨ ਦੀ ਸਮਾਪਤੀ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਹੈਡ ਗ੍ਰੰਥੀ ਭਾਈ ਬਲਵਿੰਦਰ ਸਿੰਘ ਜੀ ਪਵਿੱਤਰ ਹੁਕਮਨਾਮਾ ਸਰਵਨ ਕਰਵਾਇਆ। ਇਸ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲਦਾ ਰਿਹਾ। ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਉਪਰੰਤ ਗੁਰਦੁਆਰਾ ਤੰਬੂ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਮੈਨੇਜਰ ਰੇਸਮ ਸਿੰਘ, ਮੀਤ ਮੈਨੇਜਰ ਸੁਖਦੇਵ ਸਿੰਘ, ਹਰਪਾਲ ਸਿੰਘ ਬੇਦੀ, ਅਮਨਪ੍ਰੀਤ ਸਿੰਘ ਮੱਕੜ, ਚੰਨਣ ਸਿੰਘ, ਮਨਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।


author

Gurminder Singh

Content Editor

Related News