ਸ੍ਰੀ ਗੁਰੂ ਅਰਜਨ ਦੇਵ ਜੀ ਸਰਾਂ ਦੀ ਪਾਰਕਿੰਗ ’ਚ ਮਿਲਿਆ ਬੰਬ
Friday, Apr 21, 2023 - 06:09 PM (IST)
ਤਰਨਤਾਰਨ (ਰਮਨ) : ਸਥਾਨਕ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਸ੍ਰੀ ਗੁਰੂ ਅਰਜਨ ਦੇਵ ਜੀ ਸਰਾਂ ਦੇ ਸਾਹਮਣੇ ਬਣ ਰਹੀ ਪੰਜ ਮੰਜ਼ਿਲਾ ਪਾਰਕਿੰਗ ਜਿਸ ਦੀ ਸੇਵਾ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਜੀ ਕਰਵਾ ਰਹੇ ਹਨ ਵਿਖੇ ਅੱਜ ਦੁਪਹਿਰ ਖੁਦਾਈ ਦੌਰਾਨ ਅਚਾਨਕ ਇਕ ਬੰਬ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਇਸ ਬੰਬ ਦੀ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਜ਼ਿਲ੍ਹੇ ਦੇ ਪੁਲਸ ਅਧਿਕਾਰੀ ਅਤੇ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਮੌਕੇ ’ਤੇ ਪੁੱਜ ਗਈ। ਜਿਨ੍ਹਾਂ ਵੱਲੋਂ ਇਸ ਬਰਾਮਦ ਹੋਏ ਪੁਰਾਣੇ ਬੰਬ ਨੂੰ ਨਸ਼ਟ ਕਰਨ ਲਈ ਬੰਬ ਰੋਧਕ ਦਸਤੇ ਨੂੰ ਬੁਲਾ ਲਿਆ ਗਿਆ।
ਇਹ ਵੀ ਪੜ੍ਹੋ : ਮੋਗਾ ਦੇ ਵਾਹਿਗੁਰੂ ਪ੍ਰੀਤ ਸਿੰਘ ਦੀ ਇਟਲੀ ’ਚ ਮੌਤ, 7 ਸਾਲ ਬਾਅਦ PR ਹੋਣ ਮਗਰੋਂ ਅੱਜ ਆਉਣਾ ਸੀ ਪਿੰਡ
ਇਸ ਦੀ ਪੁਸ਼ਟੀ ਕਰਦੇ ਹੋਏ ਜ਼ਿਲ੍ਹੇ ਦੇ ਐੱਸ. ਪੀ. ਇਨਵੈਸਟੀਗੇਸ਼ਨ ਵਿਸ਼ਾਲ ਜੀਤ ਸਿੰਘ ਨੇ ਦੱਸਿਆ ਕਿ ਬਰਾਮਦ ਕੀਤਾ ਗਿਆ ਬੰਬ ਅੱਤਵਾਦ ਸਮੇਂ ਦੌਰਾਨ ਦਾ ਹੋ ਸਕਦਾ ਹੈ ਜਿਸ ਦੀ ਜਾਂਚ ਮਾਹਿਰ ਟੀਮ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇਸ ਸਬੰਧੀ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਟੀਮ ਵੱਲੋਂ ਇਸ ਬੰਬ ਨੂੰ ਸੁੰਨਸਾਨ ਜਗ੍ਹਾ ਉਪਰ ਲਿਜਾ ਕੇ ਨਸ਼ਟ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਆਸ-ਪਾਸ ਦੇ ਲੋਕਾਂ ਵਿਚ ਕਾਫੀ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਘਰ ਵਿਚ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਨਵਜੋਤ ਸਿੱਧੂ ਨੇ ਚੁੱਕਿਆ ਇਹ ਕਦਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।