ਸ੍ਰੀ ਦਰਬਾਰ ਸਾਹਿਬ ਵਾਪਰੀ ਘਟਨਾ ਸੰਬੰਧੀ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦਾ ਵੱਡਾ ਖ਼ੁਲਾਸਾ

Sunday, Dec 19, 2021 - 06:21 PM (IST)

ਸ੍ਰੀ ਦਰਬਾਰ ਸਾਹਿਬ ਵਾਪਰੀ ਘਟਨਾ ਸੰਬੰਧੀ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦਾ ਵੱਡਾ ਖ਼ੁਲਾਸਾ

ਅੰਮ੍ਰਿਤਸਰ : ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਲ ਸ੍ਰੀ ਦਰਬਾਰ ਸਾਹਿਬ ਵਿਚ ਸ਼ਨੀਵਾਰ ਸ਼ਾਮ 6 ਵਜੇ ਦੇ ਕਰੀਬ ਇਕ ਨੌਜਵਾਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਨੂੰ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੱਡੀ ਸਾਜ਼ਿਸ਼ ਦਾ ਨਤੀਜਾ ਦੱਸਿਆ ਹੈ। ਇਸ ਮੰਦਭਾਗੀ ਘਟਨਾ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ ਗ੍ਰਹਿ ਮੰਤਰੀ ਨੇ ਵੱਡਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਮੁਲਜ਼ਮ ਸਵੇਰੇ 11 ਵਜੇ ਦੇ ਕਰੀਬ ਹੀ ਦਰਬਾਰ ਸਾਹਿਬ ਵਿਚ ਦਾਖ਼ਲ ਹੋ ਗਿਆ ਸੀ, ਲਗਭਗ 7 ਘੰਟੇ ਦੇ ਕਰੀਬ ਦਰਬਾਰ ਸਾਹਿਬ ਵਿਚ ਰਿਹਾ। ਘਟਨਾ ਦੀ ਸੀ. ਸੀ. ਟੀ. ਵੀ. ਦੇਖਣ ਤੋਂ ਬਾਅਦ ਸਾਫ ਪਤਾ ਲੱਗਦਾ ਹੈ ਕਿ ਮੁਲਜ਼ਮ ਬੇਅਦਬੀ ਦੀ ਮਨਸ਼ਾ ਨਾਲ ਹੀ ਆਇਆ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਮੁਲਜ਼ਮ ਕੋਲੋਂ ਨਾ ਤਾਂ ਕੋਈ ਮੋਬਾਇਲ ਬਰਾਮਦ ਹੋਇਆ ਹੈ ਅਤੇ ਨਾ ਹੀ ਕੋਈ ਆਈ. ਡੀ. ਪਰੂਫ ਜਿਸ ਨਾਲ ਉਸ ਦੀ ਸ਼ਨਾਖਤ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸ੍ਰੀ ਦਰਬਾਰ ਸਾਹਿਬ ’ਚ ਵਾਪਰੀ ਘਟਨਾ ਦੇ ਮਾਮਲੇ ’ਚ ਐੱਫ. ਆਈ.ਆਰ. ਦਰਜ

ਸਵੇਰੇ ਡਰੋਨ ਫੜਿਆ ਜਾਣਾ ਤੇ ਸ਼ਾਮ ਨੂੰ ਇਹ ਘਟਨਾ ਵਾਪਰਨੀ, ਵੱਡੀ ਸਾਜ਼ਿਸ਼ ਵੱਲ ਇਸ਼ਾਰਾ
ਰੰਧਾਵਾ ਨੇ ਕਿਹਾ ਕਿ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਵਿਚ ਬੇਅਦਬੀ ਦੀ ਕੋਸ਼ਿਸ਼, ਫਿਰ ਸ੍ਰੀ ਦਰਬਾਰ ਸਾਹਿਬ ਵਿਖੇ ਗੁਟਕਾ ਸਾਹਿਬ ਸਰਵੋਰ ਵਿਚ ਸੁੱਟਣਾ, ਇਸ ਦਰਮਿਆਨ ਕੱਲ੍ਹ ਸਵੇਰੇ ਡਰੋਨ ਦਾ ਫੜਿਆ ਜਾਣਾ ਅਤੇ ਸ਼ਾਮ ਸ੍ਰੀ ਦਰਬਾਰ ਸਾਹਿਬ ਵਿਖੇ ਇਹ ਘਟਨਾ ਵਾਪਰਨੀ ਕਿਤੇ ਨਾ ਕਿਤੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਨਾਲ ਇੰਟੈਲੀਜੈਂਸ ਵਿੰਗ ਬਨਾਉਣ ਦੀ ਚਰਚਾ ਕੀਤੀ ਜਾਵੇਗੀ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਫਿਲਹਾਲ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀ ਸੀ. ਸੀ. ਟੀ. ਵੀ. ਕੈਮਰੇ ਖੰਘਾਲੇ ਜਾ ਰਹੇ ਹਨ, ਜਿਸ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ 11 ਵਜੇ ਦੇ ਕਰੀਬ ਦਰਬਾਰ ਸਾਹਿਬ ਵਿਚ ਦਾਖਲ ਹੋਇਆ ਅਤੇ ਇੰਨਾ ਲੰਮਾ ਸਮਾਂ ਦਰਬਾਰ ਸਾਹਿਬ ’ਚ ਹੀ ਰਿਹਾ, ਪਹਿਲਾਂ ਉਸ ਨੇ ਸਾਰੇ ਹਾਲਾਤ ਦੀ ਸਮੀਖਿਆ ਕੀਤੀ। ਸੀ. ਸੀ. ਟੀ. ਵੀ. ਵਿਚ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਇਕੱਲਾ ਹੀ ਆਇਆ ਸੀ। ਫਿਲਹਾਲ ਪੁਲਸ ਵਲੋਂ ਸਾਰੇ ਰਸਤਿਆਂ, ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ’ਤੇ ਲੱਗੇ ਕੈਮਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਿੱਟ ਦਾ ਵੱਡਾ ਦਾਅਵਾ : ਡੇਰਾ ਸਿਰਸਾ ਦੇ ਪ੍ਰਬੰਧਕੀ ਬਲਾਕ ’ਚ ਹੀ ਰਚੀ ਗਈ ਬੇਅਦਬੀ ਦੀ ਸਾਜ਼ਿਸ਼

ਪੰਜਾਬ ਵਿਧਾਨ ਸਭਾ ਵਲੋਂ 295-ਏ ਐਕਟ ਨੂੰ ਪਾਸ ਕਰਕੇ ਕੇਂਦਰ ਕੋਲ ਦੋ ਸਾਲ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ। ਇਸ ਐਕਟ ਵਿਚ ਧਾਰਮਿਕ ਗ੍ਰੰਥਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਦੀ ਵਿਵਸਥਾ ਹੈ। ਐਕਟ 295 ਵਿਚ ਜਿੱਥੇ ਮੁਲਜ਼ਮ 3 ਦਿਨਾਂ ਵਿਚ ਛੁੱਟ ਜਾਂਦਾ ਹੈ, ਉਥੇ ਹੀ ਇਸ ਨਵੇਂ ਐਕਟ ਵਿਚ ਸਜ਼ਾ ਸਖ਼ਤ ਰੱਖੀ ਗਈ ਹੈ। ਇਹ ਐਕਟ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਨਹੀਂ ਹੈ, ਸਗੋਂ ਸਾਰੇ ਧਾਰਮਿਕ ਗ੍ਰੰਥਾਂ ਲਈ ਹੈ। ਪਰ ਕੇਂਦਰ ਸਰਕਾਰ ਨੇ ਅਜੇ ਤਕ ਇਸ ਐਕਟ ’ਤੇ ਵਿਚਾਰ ਨਹੀਂ ਕੀਤਾ। ਉਹ ਹੁਣ ਦੋਬਾਰਾ ਇਸ ਐਕਟ ਦੇ ਬਾਰੇ ਕੇਂਦਰ ਸਰਕਾਰ ਨੂੰ ਪੱਤਰ ਲਿਖਣ ਜਾ ਰਹੇ ਹਨ।

ਕੀ ਬੋਲੇ ਪੁਲਸ ਕਮਿਸ਼ਨਰ
ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਸ਼ਕਲੋਂ ਗੈਰ ਪੰਜਾਬੀ ਲੱਗ ਰਿਹਾ ਹੈ, ਫਿਲਹਾਲ ਸਾਰੇ ਮਾਮਲੇ ਦੀ ਜਾਂਚ ਤੋਂ ਪਹਿਲਾਂ ਕੁੱਝ ਵੀ ਨਹੀਂ ਕਿਹਾ ਜਾ ਸਕਦਾ ਹੈ। ਜਾਂਚ ਤੋਂ ਬਾਅਦ ਜਿਹੜੀ ਵੀ ਰਿਪੋਰਟ ਸਾਹਮਣੇ ਆਵੇਗੀ ਉਹ ਸਾਂਝੀ ਕੀਤੀ ਜਾਵੇਗੀ। ਮੁਲਜ਼ਮ ਲਗਭਗ 7 ਘੰਟੇ ਪਹਿਲਾਂ ਹੀ ਦਰਬਾਰ ਸਾਹਿਬ ਵਿਚ ਦਾਖਲ ਹੋਇਆ ਸੀ, ਇਸ ਦੌਰਾਨ ਉਸ ਨੇ ਸਾਰੇ ਕੰਪਲੈਕਸ ਦੀ ਜਾਂਚ ਕੀਤੀ ਅਤੇ ਸ਼ਾਮ ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਲੁਧਿਆਣਾ ਦੇ ਇਕ ਵਿਅਕਤੀ ਵਲੋਂ ਦਰਬਾਰ ਸਾਹਿਬ ਦੇ ਸਰੋਵਰ ਵਿਚ ਗੁਟਕਾ ਸਾਹਿਬ ਸੁੱਟ ਕੇ ਬੇਅਦਬੀ ਕੀਤੀ ਗਈ ਸੀ, ਜਿਸ ਨੂੰ ਸੇਵਾਦਾਰਾਂ ਨੇ ਕਾਬੂ ਕਰ ਲਿਆ ਸੀ, ਉਕਤ ਮੁਲਜ਼ਮ ਅਜੇ ਵੀ ਪੁਲਸ ਗ੍ਰਿਫਤ ਵਿਚ ਹੈ ਅਤੇ ਪੁਲਸ ਕੋਲ ਉਸ ਦੀ ਪੂਰੀ ਜਾਣਕਾਰੀ ਹੈ। ਫਿਲਹਾਲ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੇਜਰੀਵਾਲ ਦੇ ਹਮਲੇ ਤੋਂ ਬਾਅਦ ਸਿੱਧੂ ਦਾ ਜਵਾਬ, ਟਵੀਟ ਕਰਕੇ ਆਖੀ ਵੱਡੀ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News