ਸੱਚਖੰਡ ਸ੍ਰੀ ਦਰਬਾਰ ਸਾਹਿਬ ’ਚ ਹੋਈ ਬੇਅਦਬੀ ਸਿੱਖਾਂ ਦੇ ਸਬਰ ਦਾ ਅੰਤ : ਜਥੇਦਾਰ ਗਿ.ਹਰਪ੍ਰੀਤ ਸਿੰਘ
Wednesday, Dec 22, 2021 - 01:26 PM (IST)
ਅੰਮ੍ਰਿਤਸਰ ( ਗੁਰਿੰਦਰ ਸਾਗਰ ) - ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਹੋਣ ਵਾਲੀ ਬੇਅਦਬੀ ਦੀ ਘਟਨਾ ਦੇ ਸਬੰਧ ’ਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਪੱਤਰਕਾਰ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅੱਜ ਸਿੱਖ ਪੰਥ ਨੂੰ ਚੁਫੇਰਿਓਂ ਸਿਧਾਂਤਕ ਤੇ ਸਰੀਰਕ ਮਾਰੂ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲਾਂ ਤੋਂ ਲਗਾਤਾਰ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਕਿਸੇ ਚੁਣੌਤੀਪੂਰਨ ਵਰਤਾਰੇ ਦਾ ਇੱਕ ਹਿੱਸਾ ਹਨ। ਸਿੱਖਾਂ ਦੀ ਜਿੰਦ ਜਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੱਕ ਬੇਅਦਬੀ ਦੀ ਘਟਨਾ ਦਾ ਵਾਪਰ ਜਾਣਾ ਸਿੱਖਾਂ ਦੇ ਸਬਰ ਦਾ ਅੰਤ ਵੇਖਣ ਦਾ ਇੱਕ ਖ਼ਤਰਨਾਕ ਅਤੇ ਭਿਆਨਕ ਸਿਖ਼ਰ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਕਪੂਰਥਲਾ ਦੇ ਗੁਰਦੁਆਰਾ ਸਾਹਿਬ ’ਚ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼
ਜਥੇਦਾਰ ਨੇ ਕਿਹਾ ਕਿ ਸਿੱਖਾਂ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਉੱਪਰ ਕੁਝ ਵੀ ਨਹੀਂ ਹੈ। ਜਦੋਂ ਹਮਲਾਵਰ ਸ੍ਰੀ ਹਰਿਮੰਦਰ ਸਾਹਿਬ ਤੱਕ ਪਹੁੰਚ ਗਏ ਤਾਂ ਕੌਮ ਨੂੰ ਤੁਰੰਤ ਜਾਗਣਾ ਬੇਹੱਦ ਜ਼ਰੂਰੀ ਹੈ। ਸਾਡਾ ਵਿਰਸਾ ਬੜਾ ਮਾਣਮੱਤਾ ਹੈ। ਸਿੱਖਾਂ ਨੇ ਮੁਗਲ ਕਾਲ ਵੇਲੇ ਬੇਹੱਦ ਬਿਖੜੇ ਜ਼ੁਲਮੀ ਸਮਿਆਂ ਵਿੱਚ ਆਪਸੀ ਇਤਫ਼ਾਕ ਤੇ ਪੰਥਕ ਏਕਤਾ ਦੇ ਜ਼ਰੀਏ ਜੁਰਮਨੀ ਹਨੇਰੀਆਂ ਤੂਫ਼ਾਨਾਂ ਨਾਲ ਮੱਥਾ ਲਾ ਕੇ ਪੰਥ ਦੀ ਚੜ੍ਹਦੀ ਕਲਾ ਬਰਕਰਾਰ ਰੱਖੀ ਹੈ। ਜਥੇਦਾਰ ਨੇ ਕਿਹਾ ਕਿ ਸਾਡੇ ਕੋਲ ਪੰਥਕ ਏਕਤਾ ਦੀ ਅਹਿਮੀਅਤ ਨੂੰ ਸਮਝਣ ਲਈ ਸੌ ਸਾਲ ਪਹਿਲਾਂ ਹੋਂਦ ਵਿਚ ਆਈਆਂ ਦੋ ਅਹਿਮ ਪੰਥਕ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾਂ ਦੇ ਪਿਛੋਕੜ ਵਿੱਚ ਅਕਾਲੀ ਮੋਰਚੇ ਦਾ ਅਦੁੱਤੀ ਇਤਿਹਾਸ ਹੈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼, ਸੇਵਾਦਾਰਾਂ ਦੇ ਜਾਗਣ ’ਤੇ ਮੁਲਜ਼ਮ ਫਰਾਰ
ਜਥੇਦਾਰ ਨੇ ਕਿਹਾ ਕਿ ਸਿੱਖਾਂ ਨੇ ਹਰ ਤਰ੍ਹਾਂ ਦੇ ਰਾਜਨੀਤਕ ਵਿਚਾਰਕ ਤੇ ਜਾਤੀ ਮੱਤਭੇਦਾਂ ਤੋਂ ਉੱਪਰ ਉੱਠ ਕੇ ਸੈਂਕੜੇ ਸ਼ਹੀਦੀਆਂ ਦੇ ਅਕਹਿ ਤੇ ਅਸਹਿ ਜ਼ੁਲਮ ਸਹਿਣ ਕਰਕੇ, ਜਿਥੇ ਗੁਰਧਾਮਾਂ ਨੂੰ ਆਜ਼ਾਦ ਕਰਵਾਇਆ, ਉੱਥੇ ਸਿੱਖਾਂ ਦੀ ਰਾਜਨੀਤਕ ਹੋਂਦ ਸਥਾਪਤ ਕਰਨ ਦੀ ਲੜਾਈ ਵੀ ਜਿੱਤੀ। ਜਥੇਦਾਰ ਨੇ ਕਿਹਾ ਕਿ ਜਿਥੇ ਇਹ ਰਾਜਨੀਤਕ ਹੋਂਦ ਸਥਾਪਤ ਕਰਨ ਦੀ ਲੜਾਈ ਜਿੱਤੀ, ਉਥੇ ਭਾਰਤ ਦੀ ਕੌਮੀ ਮੁਕਤੀ ਲਹਿਰ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ, ਜਿੱਥੇ ਅੱਜ ਸਿੱਖਾਂ ਨੂੰ ਆਤਮਕ ਤੇ ਬੌਧਿਕ ਤੌਰ ’ਤੇ ਤੋੜਨ ਲਈ ਗੁਰੂ ਗ੍ਰੰਥ, ਗੁਰੂ ਪੰਥ ਉਪਰ ਅਸਹਿਣਯੋਗ ਹਮਲੇ ਹੋ ਰਹੇ ਹਨ। ਜੱਥੇਦਾਰ ਨੇ ਕਿਹਾ ਕਿ ਸਾਡੇ ਵਡੇਰਿਆਂ ਦੁਆਰਾ ਆਪਣਾ ਖੂਨ ਡੋਲ੍ਹ ਕੇ ਕਾਇਮ ਕੀਤੀਆਂ ਪੰਥਕ ਸੰਸਥਾਵਾਂ ਨੂੰ ਵੀ ਮਾਰੂ ਢਾਹ ਲਾਉਣ ਲਈ ਖ਼ਤਰਨਾਕ ਸਾਜ਼ਿਸ਼ਾਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)
ਜਥੇਦਾਰ ਨੇ ਕਿਹਾ ਕਿ ਸਾਨੂੰ ਆਪਣੀਆਂ ਪੰਥਕ ਸੰਸਥਾਵਾਂ’ਤੇ ਹੋ ਰਹੇ ਹਮਲਿਆਂ ਪਿਛਲੀ ਮਾਨਸਿਕਤਾ ਨੂੰ ਸਮਝਣ ਦੀ ਅੱਜ ਜ਼ਰੂਰਤ ਹੈ। ਜੱਥੇਦਾਰ ਨੇ ਕਿਹਾ ਕਿ ਜੇਕਰ ਸਾਡੀਆਂ ਸੰਸਥਾਵਾਂ ਦੀ ਹੋਂਦ ਖਤਰੇ ਵਿਚ ਪੈ ਗਈ ਤਾਂ ਸਾਡੀ ਰੂਹਾਨੀ ਤੇ ਰਾਜਨੀਤਕ ਅਜ਼ਮਤ ਵੀ ਸੁਰੱਖਿਅਤ ਨਹੀਂ ਰਹਿ ਸਕੇਗੀ। ਜਥੇਦਾਰ ਨੇ ਕਿਹਾ ਕਿ ਸਾਡੇ ਲਈ ਜਿਥੇ ਅੱਜ ਪੰਥ ਤੇ ਹੋ ਰਹੇ ਹਮਲਿਆਂ ਦੀ ਰਾਜਨੀਤੀ ਤੇ ਸੱਭਿਆਚਾਰਕ ਰਣਨੀਤੀ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ, ਉੱਥੇ ਇਨ੍ਹਾਂ ਬਹੁਮੁਖੀ ਤੇ ਬਹੁਪਰਤੀ ਹਮਲਿਆਂ ਦਾ ਟਾਕਰਾ ਕਰਨ ਅਤੇ ਇਨ੍ਹਾਂ ਨੂੰ ਪਛਾੜਨ ਲਈ ਪੰਥਕ ਏਕਤਾ ਦੀ ਬਹੁਤ ਵੱਡੀ ਜ਼ਰੂਰਤ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਜਥੇਦਾਰ ਨੇ ਕਿਹਾ ਕਿ ਇਸ ਲਈ ਸਮੁੱਚੀਆਂ ਸਿੱਖ ਜਥੇਬੰਦੀਆਂ ਰਾਜਨੀਤਕ ਦਲਾਂ, ਧਾਰਮਿਕ ਸਮਾਜਿਕ ਤੇ ਸਿੱਖਿਆ ਸੰਸਥਾਵਾਂ ਅਤੇ ਸੰਸਥਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਉਹ ਮੌਜੂਦਾ ਪੰਥਕ ਹਾਲਾਤਾਂ ਦੇ ਮੱਦੇਨਜ਼ਰ ਹਰ ਤਰ੍ਹਾਂ ਦੇ ਵਿਚਾਰਕ, ਜਾਤੀ ਭੇਦ, ਮਤਭੇਦ, ਵਖਰੇਵਿਆਂ ਨੂੰ ਪਾਸੇ ਰੱਖ ਇਕ ਖ਼ਾਲਸਾਈ ਨਿਸ਼ਾਨ ਸਾਹਿਬ ਹੇਠਾਂ ਇਕੱਤਰ ਹੋਣ। ਤਾਂਕਿ ਸਿੱਖ ਪੰਥ ਬਿਖੜੇ ਹਾਲਾਤਾਂ ਵਿੱਚੋਂ ਇੱਕ ਵਾਰ ਮੁੜ ਕੁਠਾਲੀ ’ਚੋਂ ਕੁੰਦਨ ਵਾਂਗੂੰ ਚਮਕ ਅਤੇ ਉਭਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਿਰਜੇ ਮਨੁੱਖ ਦੇ ਭਲੇ ਜਬਰ ਤੇ ਜ਼ੁਲਮ ਦੇ ਵਿਰੁੱਧ ਸੰਘਰਸ਼ ਦੇ ਆਦਰਸ਼ਾਂ ਨੂੰ ਆਪਣੇ ਨੇਕ ਅਮਲਾਂ ਦੁਆਰਾ ਸੰਸਾਰ ਦੇ ਵਿੱਚ ਸਥਾਪਤ ਕਰ ਸਕੇ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ