ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੀਆਂ ਰੌਣਕਾਂ ਸ਼ੁਰੂ, ਗੁਰੂ ਘਰਾਂ 'ਚ ਸੰਗਤ ਹੋ ਰਹੀ ਨਤਮਸਤਕ

Monday, Mar 07, 2022 - 03:37 PM (IST)

ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੀਆਂ ਰੌਣਕਾਂ ਸ਼ੁਰੂ, ਗੁਰੂ ਘਰਾਂ 'ਚ ਸੰਗਤ ਹੋ ਰਹੀ ਨਤਮਸਤਕ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)- 17 ਤੋਂ 19 ਮਾਰਚ ਤੱਕ ਖਾਲਸੇ ਦੀ ਜਨਮ-ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਸਾਲਾਨਾ ਕੌਮੀ ਤਿਉਹਾਰ ਹੋਲਾ-ਮਹੱਲਾ ਨੂੰ ਲੈ ਕੇ ਗੁਰੂ ਨਗਰੀ ਵਿਖੇ ਅਗਾਊਂ ਹੀ ਰੌਣਕਾਂ ਸ਼ੁਰੂ ਹੋ ਗਈਆਂ ਹਨ। ਬੀਤੇ ਦਿਨ ਹਜ਼ਾਰਾਂ ਦੀ ਗਿਣਤੀ ’ਚ ਦੇਸ਼ਾਂ-ਵਿਦੇਸ਼ਾਂ ਤੋਂ ਆਈਆਂ ਸੰਗਤਾਂ ਨੇ ਇਥੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਵਿਖੇ ਮੱਥਾ ਟੇਕਿਆ। ਤਖ਼ਤ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਅਤੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਬੀਤੇ ਦਿਨ ਸਵੇਰ ਤੋਂ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਭੋਰਾ ਸਾਹਿਬ ਗੁਰੂ ਕੇ ਮਹਿਲ, ਗੁਰਦੁਆਰਾ ਕਿਲ੍ਹਾ ਫਤਹਿਗੜ੍ਹ ਸਾਹਿਬ, ਗੁਰਦੁਆਰਾ ਕਿਲ੍ਹਾ ਆਨੰਦਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਸੰਗਤਾਂ ਵੱਡੀ ਗਿਣਤੀ ਵਿਚ ਪਹੁੰਚੀਆਂ ਹੋਈਆਂ ਸਨ। 

ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲ ਲਗਾਤਾਰ ਕੋਵਿਡ ਕਾਰਨ ਹੋਲਾ-ਮਹੱਲਾ ਮੌਕੇ ਸੰਗਤਾਂ ਦੀ ਆਮਦ ਭਾਵੇਂ ਘੱਟ ਰਹੀ ਪਰ ਇਸ ਵਾਰ ਲੱਖਾਂ ਦੀ ਗਿਣਤੀ ਸੰਗਤਾਂ ਦੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਦੀ ਆਸ ਹੈ, ਜਿਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: BBMB ਅਤੇ ਯੂਕ੍ਰੇਨ ਮੁੱਦੇ ਨੂੰ ਲੈ ਕੇ CM ਚੰਨੀ ਨੇ ਅਮਿਤ ਸ਼ਾਹ ਕੋਲੋਂ ਮਿਲਣ ਦਾ ਮੰਗਿਆ ਸਮਾਂ

ਉਨ੍ਹਾਂ ਦੱਸਿਆ ਕਿ ਰਿਹਾਇਸ਼ ਪੱਖੋਂ ਤਖ਼ਤ ਸਾਹਿਬ ਦੀਆਂ ਸਾਰੀਆਂ ਸਰਾਵਾਂ ਸੰਗਤਾਂ ਲਈ ਤਿਆਰ ਬਰ ਤਿਆਰ ਹਨ ਅਤੇ ਇਸ ਤੋਂ ਇਲਾਵਾ ਜੋੜਾ ਘਰ, ਗੱਠੜੀ ਘਰ, ਲੰਗਰ ਆਦਿ ਵਰਗੇ ਸਾਰੇ ਕੰਮ ਮੁਕੰਮਲ ਕਰ ਲਏ ਗਏ ਹਨ। ਭਾਈ ਚਾਵਲਾ ਨੇ ਅੱਗੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਆਨੰਦਪੁਰ ਸਾਹਿਬ ਦੇ 20 ਕਿਲੋਮੀਟਰ ਦੇ ਘੇਰੇ ਅੰਦਰ ਸੰਗਤਾਂ ਨੂੰ ਬੀਮੇ ਦੀ ਸਹੂਲਤ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ ਵਿਖੇ ਨਿੱਜੀ ਹਸਪਤਾਲ ਦੀ ਨਰਸ ਨੇ ਕੀਤੀ ਖ਼ੁਦਕੁਸ਼ੀ, ਹੋਸਟਲ ਦੇ ਕਮਰੇ ’ਚ ਲਟਕਦੀ ਮਿਲੀ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News