ਸਰਕਾਰ ਤੁਰੰਤ ਗ੍ਰਿਫਤਾਰੀ ਵਾਰੰਟ ਲੈ ਕੇ ਬਾਦਲਾਂ ਨੂੰ ਜੇਲ ''ਚ ਸੁੱਟੇ : ਦਾਦੂਵਾਲ
Friday, May 31, 2019 - 09:55 AM (IST)

ਸ੍ਰੀ ਅਨੰਦਪੁਰ ਸਾਹਿਬ(ਸ਼ਮਸ਼ੇਰ ਸਿੰਘ ਡੂਮੇਵਾਲ) : ਬਹੁਚਰਚਿਤ ਬਰਗਾੜੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਤਫਤੀਸ਼ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਕੋਰਟ 'ਚ ਪੇਸ਼ ਕੀਤੇ ਤਾਜ਼ਾ ਚਲਾਨ ਤੇ ਉਕਤ ਘਟਨਾਵਾਂ ਨਾਲ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨਾਲ ਜੁੜੀ ਇਸੇ ਦੀ ਕਥਿਤ ਭੂਮਿਕਾ ਦੇ ਮੱਦੇਨਜ਼ਰ ਪ੍ਰਤੀਕਰਮ ਪ੍ਰਗਟਾਉਂਦਿਆਂ ਸਰਬੱਤ ਖਾਲਸਾ ਦੇ ਜਥੇਦਾਰ ਤੇ ਪੰਥਕ ਸੇਵਾ ਲਹਿਰ ਦੇ ਮੋਢੀ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਗ੍ਰਿਫਤਾਰੀ ਵਾਰੰਟ ਲੈ ਕੇ ਤੁਰੰਤ ਬਾਦਲਾਂ ਨੂੰ ਜੇਲ 'ਚ ਸੁੱਟਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਿੱਟ ਵੱਲੋਂ ਪੇਸ਼ ਕੀਤਾ ਗਿਆ ਇਹ ਬਾਦਲਾਂ ਖਿਲਾਫ ਦੋਸ਼ ਭਰਪੂਰ ਚਲਾਨ ਭਾਵੇਂ ਕਿ ਬਾਦਲਾਂ ਦਾ ਭੁਲੇਖਾ ਦੂਰ ਕਰਨ ਦੇ ਸਮਰੱਥ ਹੈ ਪਰ ਸਾਰਾ ਸਿੱਖ ਜਗਤ ਇਸ ਸੱਚਾਈ ਤੋਂ ਮੁੱਢੋਂ ਜਾਣੂ ਸੀ ਤੇ ਅੱਜ ਤੱਕ ਇਨਸਾਫਪ੍ਰਸਤੀ ਦੀ ਲੜਾਈ ਲੜਦਾ ਆ ਰਿਹਾ ਹੈ। ਭਾਈ ਦਾਦੂਵਾਲ ਨੇ ਕਿਹਾ ਹੈ ਕਿ ਪੰਥਕ ਧਿਰਾਂ ਵੱਲੋਂ ਸਰਕਾਰੀ ਧਿਰਾਂ ਦੇ ਬਰਾਬਰ ਨਿਆਂਪਾਲਕਾ 'ਚ ਉਕਤ ਕੇਸ ਦੀ ਪੈਰਵਾਈ ਕੀਤੀ ਜਾਵੇਗੀ ਅਤੇ ਪੀੜਤ ਪਰਿਵਾਰਾਂ ਵੱਲੋਂ ਜੋ ਕਾਨੂੰਨੀ ਪ੍ਰਕਿਰਿਆ ਵੱਖਰੇ ਤੌਰ 'ਤੇ ਚਲਾਈ ਗਈ ਹੈ, ਉਸ ਨੂੰ ਇਨਸਾਫ ਦੇ ਮੁਕਾਮ 'ਤੇ ਪਹੁੰਚਾਉਣ ਲਈ ਹਰ ਯਤਨ ਕੀਤਾ ਜਾਵੇਗਾ।