ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਾਮਣਾ ਖੱਟਣ ਵਾਲੀਆਂ 11 ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਨੂੰ ਕੀਤਾ ਜਾ ਸਕਦਾ ਹੈ ਸਨਮਾਨਿਤ

Saturday, Aug 29, 2020 - 06:08 PM (IST)

ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਾਮਣਾ ਖੱਟਣ ਵਾਲੀਆਂ 11 ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਨੂੰ ਕੀਤਾ ਜਾ ਸਕਦਾ ਹੈ ਸਨਮਾਨਿਤ

ਅੰਮ੍ਰਿਤਸਰ (ਅਨਜਾਣ): ਸਿੱਖਾਂ ਦੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੀਆਂ ਤੇ ਪੰਥਕ ਕਾਰਜ ਕਰਨ ਵਾਲੀਆਂ 11 ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦੀ ਖ਼ਬਰ ਮਿਲੀ ਹੈ, ਜਿਨ੍ਹਾਂ ਨੂੰ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਭਾਵੇਂ ਬੀਤੇ ਦਿਨੀਂ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ 'ਚ ਅਜਿਹਾ ਫ਼ੈਸਲਾ ਕਰਨ ਦਾ ਕੋਈ ਬਿਆਨ ਨਹੀਂ ਦਿੱਤਾ ਗਿਆ ਪਰ ਨੇੜੇ ਦੇ ਸੂਤਰਾਂ ਦੇ ਹਵਾਲੇ ਨਾਲ ਪਤਾ ਚੱਲਿਆ ਹੈ ਕਿ ਇਹ ਫ਼ੈਸਲਾ ਗੁਪਤ ਰੂਪ 'ਚ ਲਿਆ ਜਾ ਚੁੱਕਾ ਹੈ। ਇਨ੍ਹਾਂ ਸ਼ਖ਼ਸੀਅਤਾਂ 'ਚ ਚਾਰ ਸ਼ਖ਼ਸੀਅਤਾਂ ਗੁਰੂ ਚਰਨਾਂ 'ਚ ਜਾ ਬਿਰਾਜੀਆਂ ਹਨ ਤੇ ਬਾਕੀ 7 ਸ਼ਖ਼ਸੀਅਤਾਂ ਇਸ ਵੇਲੇ ਵੱਖ-ਵੱਖ ਖੇਤਰਾਂ 'ਚ ਵਿਸ਼ੇਸ਼ ਕਾਰਜ ਨਿਭਾ ਰਹੀਆਂ ਹਨ।

ਇਹ ਵੀ ਪੜ੍ਹੋ : ਕੋਰੋਨਾ ਨਾਲ ਜੂਝ ਰਹੇ ਗੁਰਦਾਸਪੁਰ ਸ਼ਹਿਰ 'ਚ ਕਈ ਥਾਵਾਂ 'ਤੇ ਮਿਲਿਆ ਡੇਂਗੂ ਦਾ ਲਾਰਵਾ

ਪ੍ਰਾਪਤ ਵੇਰਵਿਆਂ ਅਨੁਸਾਰ ਇਨ੍ਹਾਂ ਐਵਾਰਡਾਂ 'ਚ ਨਾਮਵਰ ਸਿੱਖ ਸ਼ਖ਼ਸੀਅਤਾਂ 'ਚ ਗੁਰਪੁਰਵਾਸੀ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਨੂੰ 'ਗੁਰਮਤਿ ਮਾਰਤੰਡ', ਗੁਰਪੁਰਵਾਸੀ ਗਿਆਨੀ ਗੁਰਬਚਨ ਸਿੰਘ ਖਾਲਸਾ ਨੂੰ 'ਪੰਥ ਰਤਨ', ਗੁਰਪੁਰਵਾਸੀ ਗਿਆਨੀ ਮੇਵਾ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੂੰ 'ਸ਼੍ਰੋਮਣੀ ਗੁਰਮਤਿ ਪ੍ਰਚਾਰਕ' ਗੁਰਪੁਰਵਾਸੀ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲਿਆਂ ਨੂੰ 'ਕੌਮੀ ਸ਼ਹੀਦ' ਦਾ ਸਨਮਾਨ ਤੇ ਵੱਖ-ਵੱਖ ਖੇਤਰਾਂ 'ਚ ਕੰਮ ਕਰ ਰਹੀਆਂ ਹੋਰ ਸ਼ਖ਼ਸੀਅਤਾਂ ਵਿੱਚ ਡਾ: ਗੁਰਨਾਮ ਸਿੰਘ ਮੁਖੀ ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 'ਭਾਈ ਮਰਦਾਨਾ ਜੀ' ਯਾਦਗਾਰੀ ਐਵਾਰਡ, ਭਾਈ ਹਰਸਿਮਰਨ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੂੰ 'ਕੌਮੀ ਚਿੰਤਕ' ਸਨਮਾਨ, ਭਾਈ ਗਜਿੰਦਰ ਸਿੰਘ ਦਲ ਖਾਲਸਾ ਤੇ ਭਾਈ ਹਰਿੰਦਰ ਸਿੰਘ ਖਾਲਸਾ ਬਠਿੰਡਾ ਨੂੰ 'ਪੰਥ ਸੇਵਕ', ਡਾ: ਦਰਸ਼ਨ ਸਿੰਘ ਸਾਬਕਾ ਪ੍ਰੋਫੈਸਰ ਅਤੇ ਮੁਖੀ ਧਰਮ ਅਧਿਅਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 'ਭਾਈ ਗੁਰਦਾਸ ਜੀ ਯਾਦਗਾਰੀ' ਐਵਾਰਡ, ਗਿਆਨੀ ਗੁਰਬਚਨ ਸਿੰਘ ਮੁਕਤਸਰੀ ਨੂੰ 'ਸ਼੍ਰੋਮਣੀ ਸੇਵਕ' ਅਤੇ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਨੂੰ 'ਵਿਦਿਆ ਮਾਰਤੰਡ' ਐਵਾਰਡ ਨਾਲ ਸਨਮਾਨਿਤ ਕੀਤਾ ਜਾ ਸਕਦਾ ਹੈ। ਇਹ ਵੀ ਪਤਾ ਚੱਲਿਆ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਹੁਤ ਜਲਦ ਇਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦੀ ਮਿਤੀ ਤੇ ਸਮੇਂ ਦਾ ਐਲਾਨ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਗੈਂਗਸਟਰ ਬੀਰ ਬਹਾਦਰ ਸਿੰਘ ਉਰਫ ਕਾਲਾ ਭਾਠੂਆ ਗ੍ਰਿਫ਼ਤਾਰ


author

Shyna

Content Editor

Related News