ਗਿਆਨੀ ਹਰਪ੍ਰੀਤ ਸਿੰਘ ਹੋਣਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ

Monday, Oct 22, 2018 - 07:00 PM (IST)

ਗਿਆਨੀ ਹਰਪ੍ਰੀਤ ਸਿੰਘ ਹੋਣਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ

ਅੰਮ੍ਰਿਤਸਰ—ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਹੋਈ ਐਗਜ਼ੈਕਟਿਵ ਕਮੇਟੀ ਦੀ ਬੈਠਕ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਅਗਲੇ ਜਥੇਦਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਮੀਟਿੰਗ ਦੌਰਾਨ ਲਏ ਗਏ ਅਹਿਮ ਫੈਸਲੇ 'ਚ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਹੈ। ਹਰਪ੍ਰੀਤ ਸਿੰਘ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਨ ਅਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ 'ਚ ਵੀ ਸਿੱਖਾਂ ਦੀ ਸਿਰਮੌਰ ਸੰਸਥਾ ਦੀ ਕਮਾਨ ਸੰਭਾਲਣਗੇ। 

ਜ਼ਿਕਰਯੋਗ ਹੈ ਕਿ ਹਰਪ੍ਰੀਤ ਸਿੰਘ ਪੀ. ਐੱਚ. ਡੀ. ਕਰ ਰਹੇ ਹਨ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਕਸਬਾ ਗਿੱਦੜਬਾਹਾ ਦੇ ਰਹਿਣ ਵਾਲੇ ਹਨ ਅਤੇ ਤੁਲਨਾਤਮਿਕ ਧਾਰਮਿਕ ਅਧਿਐਨਾਂ 'ਚ ਮਾਸਟਰ ਡਿਗਰੀ ਹੋਲਡਰ ਹਨ। ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੀ ਕਮਾਨ ਸੰਭਾਲਣ ਦੇ ਨਾਲ-ਨਾਲ ਸ੍ਰੀ ਦਮਦਮਾ ਸਾਹਿਬ ਦਾ ਕੰਮਕਾਜ ਵੀ ਦੇਖਦੇ ਰਹਿਣਗੇ। 

ਦੱਸਣਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਦੇ ਤੌਰ 'ਤੇ ਜਥੇਦਾਰ ਲਗਾਉਣ ਦਾ ਮਤਲਬ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸ੍ਰੀ ਅਕਾਲ ਤਖਤ ਸਾਹਿਬ ਲਈ ਨਵਾਂ ਅਤੇ ਪੱਕਾ ਜਥੇਦਾਰ ਦੀ ਭਾਲ ਅਜੇ ਖਤਮ ਨਹੀਂ ਹੋਈ ਹੈ। ਦੱਸ ਦੇਈਏ ਕਿ 10 ਸਾਲ ਕਾਰਜਕਾਲ ਭੋਗਣ ਤੋਂ ਬਾਅਦ ਬੀਤੀ 18 ਅਕਤੂਬਰ ਦੇਰ ਰਾਤ ਨੂੰ ਗਿਆਨੀ ਗੁਰਬਚਨ ਸਿੰਘ ਨੇ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ, ਜਿਸ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਸੀ।


Related News