ਪ੍ਰੋ. ਸਰਚਾਂਦ ਨੇ ਢੱਡਰੀਆਂ ਵਾਲਿਆਂ ਨੂੰ ਭੇਜਿਆ ਕਾਨੂੰਨੀ ਨੋਟਿਸ
Saturday, Dec 21, 2019 - 11:04 PM (IST)

ਅੰਮ੍ਰਿਤਸਰ,(ਮਮਤਾ)-ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਵਲੀ ਦਾ ਮਾਮਲਾ ਕਾਨੂੰਨੀ ਰੁਖ ਅਖ਼ਤਿਆਰ ਕਰਨ ਜਾ ਰਿਹਾ ਹੈ।
ਅੱਜ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਰਾਹੀਂ ਢੱਡਰੀਆਂ ਵਾਲਿਆਂ ਅਤੇ ਉਸ ਦੇ ਯੂ-ਟਿਊਬ ਚੈਨਲ 'ਤੇ ਟੀ. ਵੀ. ਖ਼ਿਲਾਫ਼ ਕਾਨੂੰਨੀ ਚਾਰਾਜੋਈ ਕਰਦਿਆਂ ਨੋਟਿਸ ਭੇਜਿਆ ਹੈ। ਉਨ੍ਹਾਂ ਢੱਡਰੀਆਂ ਵਾਲਿਆਂ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਵਲੀ ਲਈ ਸ੍ਰੀ ਅਕਾਲ ਤਖਤ ਸਾਹਿਬ ਅੱਗੇ 15 ਦਿਨਾਂ 'ਚ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਅਜਿਹਾ ਨਾ ਹੋਣ ਦੀ ਸੂਰਤ 'ਚ ਉਨ੍ਹਾਂ ਨੂੰ ਅਦਾਲਤ 'ਚ ਦਾਇਰ ਕੀਤੇ ਜਾਣ ਵਾਲੇ ਅਪਰਾਧਿਕ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ।
ਉਨ੍ਹਾਂ ਦੱਸਿਆ ਕਿ ਢੱਡਰੀਆਂ ਵਾਲੇ ਅਤੇ ਉਸ ਦੇ ਚੈਨਲ ਦੇ ਪ੍ਰਚਾਰ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਵਿਸ਼ਵਾਸ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਢੱਡਰੀਆਂ ਵਾਲਾ ਕੂੜ ਅਤੇ ਗੁਮਰਾਹਕੁਨ ਪ੍ਰਚਾਰ ਰਾਹੀਂ ਸਿੱਖ ਗੁਰੂ ਸਾਹਿਬਾਨ, ਗੁਰਬਾਣੀ, ਧਰਮ, ਸਿਧਾਂਤ, ਮਰਿਆਦਾ, ਪਰੰਪਰਾਵਾਂ ਅਤੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਤੋਂ ਇਲਾਵਾ 7 ਦਸੰਬਰ 2019 ਨੂੰ ਸਿੱਖ ਪੰਥ 'ਚ ਅਹਿਮ ਰੁਤਬਿਆਂ 'ਤੇ ਬਿਰਾਜਮਾਨ ਸਿੰਘ ਸਾਹਿਬਾਨ ਅਤੇ ਜਥੇਦਾਰ ਪ੍ਰਣਾਲੀ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਵਲੀ ਕਾਰਣ ਸਿੱਖ ਹਿਰਦਿਆਂ 'ਚ ਭਾਰੀ ਰੋਸ ਹੈ। ਢੱਡਰੀਆਂ ਵਾਲੇ ਦਾ ਜੁਰਮ ਧਾਰਾ 153-ਏ / 294-ਏ / 499/500/501 (ਬੀ) ਦੇ ਤਹਿਤ ਸਜ਼ਾਯੋਗ ਹੈ। ਜ਼ਿਕਰਯੋਗ ਹੈ ਕਿ ਢੱਡਰੀਆਂ ਵਾਲੇ ਨੇ ਜਥੇਦਾਰੀ ਪ੍ਰਣਾਲੀ 'ਤੇ ਕਿੰਤੂ-ਪ੍ਰੰਤੂ ਕਰਦਿਆਂ ਬਹੁਤ ਨਾਕਾਰਾਤਮਕ ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ।