ਵਲਟੋਹਾ ਖ਼ਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਮਿਸਾਲੀ ਸਜ਼ਾ ਸਣਾਉਣ : ਗਿੱਲ
Thursday, Oct 17, 2024 - 06:16 PM (IST)
ਅੰਮ੍ਰਿਤਸਰ (ਛੀਨਾ) : ਹਰ ਗੱਲ ਬੇਬਾਕੀ ਨਾਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਲਬੀਰ ਸਿੰਘ ਗਿੱਲ ਨੇ ਇਕ ਵੀਡੀਓ ਜਾਰੀ ਕਰਕੇ ਵਿਰਸਾ ਸਿੰਘ ਵਲਟੋਹਾ ਤੇ ਅਕਾਲੀ ਲੀਡਰਸ਼ਿਪ ਨੂੰ ਲੰਮੇ ਹੱਥੀਂ ਲੈਂਦਿਆ ਆਖਿਆ ਕਿ ਅਕਾਲੀ ਲੀਡਰ ਹੁਣ ਸਿੰਘ ਸਹਿਬਾਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸਮਝਦੇ ਹੋਏ ਦਬਕੇ ਮਾਰ ਕੇ ਡਰਾਉਣਾ ਚਾਹੁੰਦੇ ਹਨ ਜਿੰਨਾਂ ਨੂੰ ਇਸ ਭੁੱਲ ਦਾ ਵੱਡਾ ਖਮਿਆਜ਼ਾ ਭੁੱਗਤਣਾ ਪਵੇਗਾ। ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਿੱਜੀ ਹਿੱਤਾਂ ਦੀ ਪੂਰਤੀ ਲਈ ਵਰਤਣ ਵਾਲੀ ਅਕਾਲੀ ਲੀਡਰਸ਼ਿੱਪ ਨੇ ਜੋ ਬੀਜਿਆ ਹੈ ਉਹ ਇਕ ਦਿਨ ਉਸ ਨੂੰ ਵੱਡਣਾ ਹੀ ਪਵੇਗਾ ਅਤੇ ਹਰੇਕ ਗਲਤੀ ਦੀ ਸਜ਼ਾ ਵੀ ਭੁੱਗਤਣੀ ਹੋਵੇਗੀ।
ਤਲਬੀਰ ਗਿੱਲ ਨੇ ਕਿਹਾ ਕਿ ਸ੍ਰੀ ਦਮਦਮਾ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ ਭੱਦੀ ਸ਼ਬਦਾਵਲੀ ਬੋਲਣ ਵਾਲੇ ਵਲਟੋਹਾ ਨੂੰ ਸਿੱਖ ਕੌਮ ਕਦੇ ਵੀ ਮੁਆਫ ਨਹੀਂ ਕਰੇਗੀ। ਤਲਬੀਰ ਗਿੱਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਵੱਲੋਂ ਇਕ ਸਾਜ਼ਿਸ਼ ਤਹਿਤ ਜੋ ਗਿਆਨੀ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਲਈ ਕੋਝੇ ਹੱਥਕੰਡੇ ਵਰਤੇ ਜਾ ਰਹੇ ਹਨ ਉਸ ਤੋਂ ਵੀ ਸਿੱਖ ਕੌਮ ਭਲੀਭਾਂਤੀ ਜਾਣੂ ਹੋ ਚੁੱਕੀ ਹੈ। ਤਲਬੀਰ ਸਿੰਘ ਗਿੱਲ ਨੇ ਅਖੀਰ ’ਚ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਗਿਆਨੀ ਰਘਬੀਰ ਸਿੰਘ ਨੂੰ ਮੌਜੂਦਾ ਘਟਨਾਕ੍ਰਮ ਦਾ ਸਖ਼ਤ ਨੋਟਿਸ ਲੈਂਦਿਆਂ ਵਿਰਸਾ ਸਿੰਘ ਵਲਟੋਹਾ ਖ਼ਿਲਾਫ ਮਿਸਾਲੀ ਫੈਂਸਲਾ ਸਣਾਉਣਾ ਚਾਹੀਦਾ ਹੈ ਤਾਂ ਜੋ ਭਵਿੱਖ ’ਚ ਮੁੜ ਕੋਈ ਵੀ ਸ਼ਰਾਰਤੀ ਅਨਸਰ ਜਥੇਦਾਰ ਸਹਿਬਾਨਾਂ ਦੇ ਮਾਣ ਸਨਮਾਣ ਨੂੰ ਠੇਸ ਪਹੁੰਚਾਉਣ ਦੀ ਹਿੰਮਤ ਨਾ ਕਰ ਸਕੇ।