ਸ੍ਰੀ ਅਕਾਲ ਤਖਤ ਸਾਹਿਬ ''ਤੇ ਪਸ਼ਚਾਤਾਪ ਸਿਰਫ ਇਕ ਡਰਾਮਾ: ਸਿਮਰਨਜੀਤ ਮਾਨ

Sunday, Dec 09, 2018 - 09:56 AM (IST)

ਸ੍ਰੀ ਅਕਾਲ ਤਖਤ ਸਾਹਿਬ ''ਤੇ ਪਸ਼ਚਾਤਾਪ ਸਿਰਫ ਇਕ ਡਰਾਮਾ: ਸਿਮਰਨਜੀਤ ਮਾਨ

ਮਾਨਸਾ (ਮਿੱਤਲ)—ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਆਪਣੇ ਰਾਜਭਾਗ ਦੇ 10 ਵਰ੍ਹਿਆਂ ਦੌਰਾਨ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ  ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਡੇਰਾ ਸੱਚਾ ਸੌਦਾ ਸਿਰਸਾ ਮੁਖੀ ਨੂੰ ਮੁਆਫੀ ਦਿਵਾਏ ਜਾਣ ਦੇ ਲੱਗ ਰਹੇ ਦੋਸ਼ਾਂ ਸਮੇਤ ਹੋਈਆਂ ਹੋਰ ਵੀ ਭੁੱਲਾਂ ਨੂੰ ਬਖਸ਼ਾਉਣ ਲਈ ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਸ਼ਚਾਤਾਪ ਕੀਤਾ  ਜਾ ਰਿਹਾ ਹੈ ਪਰ ਲੋਕਾਂ ਦਾ ਖੂਨ ਪੀ ਚੁੱਕੇ ਇਸ ਅਕਾਲੀ ਦਲ ਨੂੰ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਇਥੇ ਪਾਰਟੀ ਆਗੂ ਰਜਿੰਦਰ ਸਿੰਘ ਜਵਾਹਰਕੇ ਦੇ ਪਿਤਾ ਜ਼ੋਰਾ ਸਿੰਘ ਦੀ ਮੌਤ 'ਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਗੱਲਬਾਤ ਦੌਰਾਨ ਕੀਤਾ।

ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ (ਬ) ਨੇ ਆਪਣੇ ਰਾਜ ਦੌਰਾਨ ਲੋਕਾਂ ਨੂੰ ਬੁਰੀ ਤਰ੍ਹਾਂ ਲੁੱਟਿਆ ਅਤੇ ਕੁੱਟਿਆ  ਪਰ ਅੱਜ  ਇਹ ਦਲ ਪਸ਼ਚਾਤਾਪ ਦਾ ਇਕ ਡਰਾਮਾ ਕਰ ਕੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਹੈ ਪਰ ਹੁਣ ਪੰਜਾਬ ਦੇ ਲੋਕ ਕਦੇ ਵੀ ਇਸ ਦੇ ਬਹਿਕਾਵੇ ਵਿਚ ਨਹੀਂ ਆਉਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸੀ ਅਤੇ ਅਕਾਲੀ ਇਕੋ ਥਾਲੀ ਦੇ ਚੱਟੇ-ਵੱਟੇ ਹਨ ਜੋ ਆਪਸ ਵਿਚ ਰਲ ਕੇ ਲੋਕਾਂ ਨੂੰ ਲੁੱਟ ਰਹੇ ਹਨ। ਬਰਗਾੜੀ ਮੋਰਚੇ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ 9 ਦਸੰਬਰ ਨੂੰ ਪੰਜਾਬ ਸਰਕਾਰ ਦੇ ਨੁਮਾਇੰਦੇ ਉਥੇ ਪੁੱਜ ਰਹੇ ਹਨ। ਜੇਕਰ ਉਨ੍ਹਾਂ ਗੋਲੀ ਕਾਂਡ ਮਾਮਲੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਅਤੇ ਪੰਜਾਬ ਤੋਂ ਬਾਹਰ ਜੇਲਾਂ  'ਚ ਬੰਦ ਕੈਦੀਆਂ ਦੀ ਰਿਹਾਈ ਦੀ ਮੰਗ ਮੰਨ ਲਈ ਤਾਂ ਸਮੁੱਚੇ ਆਗੂਆਂ ਦੀ ਸਹਿਮਤੀ ਨਾਲ ਬਰਗਾੜੀ ਮੋਰਚਾ ਸਮਾਪਤ ਕਰ ਦਿੱਤਾ ਜਾਵੇਗਾ।


author

Shyna

Content Editor

Related News