ਸ੍ਰੀ ਅਕਾਲ ਤਖਤ ਸਾਹਿਬ ''ਤੇ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਅਰਦਾਸ ਕਰਨ ''ਤੇ ਗੂੰਜਿਆ ਨਗਾਰਾ
Sunday, Apr 26, 2020 - 07:05 PM (IST)
ਅੰਮ੍ਰਿਤਸਰ (ਅਨਜਾਣ) : ਰੋਜ਼ਾਨਾ ਦੀ ਮਰਯਾਦਾ ਅਨੁਸਾਰ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਭੋਗ ਉਪਰੰਤ ਅਰਦਾਸ ਕਰਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਨਗਾਰਾ ਗੂੰਜਿਆ। ਅਰਦਾਸੀਏ ਸਿੰਘ ਨੇ ਕੋਰੋਨਾ ਦੇ ਕਹਿਰ ਤੋਂ ਬਚਾਉਣ ਲਈ ਸਮੁੱਚੀ ਲੋਕਾਈ ਦੇ ਭਲੇ ਦੀ ਅਰਦਾਸ ਕੀਤੀ। ਹੁਕਮਨਾਮੇ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤੀ। ਪੁਲਸ ਦੇ ਨਾਕਿਆਂ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ , ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅਤੇ ਨਾਲ ਲੱਗਦੇ ਗੁਰਦੁਆਰਾ ਸਾਹਿਬਾਨ ਦੇ ਆਲੇ-ਦੁਆਲੇ ਦਰਸ਼ਨਾ ਨੂੰ ਉਤਾਵਲੀਆਂ ਸੰਗਤਾਂ ਘੰਟਿਆਂ ਬੱਧੀ ਉਡੀਕਦੀਆਂ ਰਹੀਆਂ ਪਰ ਇਹਤਿਆਤ ਨੂੰ ਲੈ ਕੇ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਗਿਆ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਪਹਿਲੇ ਦੀਆਂ ਪਾਸ ਵਾਲੀਆਂ ਸੰਗਤਾਂ ਨੂੰ ਤਾਂ ਜਾਣ ਦਿੱਤਾ ਜਾਂਦਾ ਹੈ ਪਰ ਜਿਨ੍ਹਾਂ ਸੰਗਤਾਂ ਨੂੰ ਉਨ੍ਹਾਂ ਬਾਰੇ ਪਤਾ ਨਹੀਂ ਹੁੰਦਾ ਉਹ ਬਹਿਸਬਾਜ਼ੀ ਵਿਚ ਉਲਝ ਜਾਂਦੀਆਂ ਹਨ ਪਰ ਸਾਡੀ ਡਿਊਟੀ ਹੈ ਅਤੇ ਕੋਰੋਨਾ ਦੇ ਚੱਲਦਿਆਂ ਲੋਕ ਹਿੱਤ ਲਈ ਜਨਤਾ ਦੀ ਬਚਾਉਣਾ ਸਾਡਾ ਪਹਿਲਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਲਾਹ ਮਸ਼ਵਰਾ ਕਰਕੇ ਇਕ ਹੀ ਨਾਕੇ ਤੋਂ ਪਾਸ ਵਾਲੀਆਂ ਤਿਨ ਪਹਿਰੇ ਦੀਆਂ ਸੰਗਤਾਂ ਨੂੰ ਲੰਘਾਇਆ ਜਾਵੇਗਾ ਅਤੇ ਬਾਕੀ ਸੰਗਤਾਂ ਨੂੰ ਦਰਸ਼ਨਾ ਲਈ ਨਹੀਂ ਜਾਣ ਦਿੱਤਾ ਜਾਵੇਗਾ। ਇਸੇ ਵਿਚ ਹੀ ਸਭ ਦੀ ਭਲਾਈ ਹੈ। ਇਸ ਦਰਮਿਆਨ ਸ੍ਰੀ ਹਰਿਮੰਦਰ ਸਾਹਿਬ ਅਤੇ ਬਾਕੀ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਸੰਗਤਾਂ ਅਤੇ ਸੇਵਾਦਾਰਾਂ ਨੇ ਮਿਲ ਕੇ ਸੰਭਾਲੀ। ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਬਾਹਰ ਦੀਪ੍ਰੀਕਰਮਾ ਵਿਚ ਜਲ ਦੀ ਸੇਵਾ, ਜੂਠੇ ਬਰਤਨਾ ਦੀ ਸੇਵਾ, ਸਰੋਵਰ ਦੀ ਸਫਾਈ ਦੀ ਸੇਵਾ ਅਤੇ ਜੌੜੇ ਘਰ ਵਿਖੇ ਸੇਵਾ ਕੀਤੀ।
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਹੋਈ ਦੀਪਮਾਲਾ
ਬੀਤੀ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਸੰਗਤਾਂ ਨੇ ਪਾਵਨ ਸਰੋਵਰ ਵਿਚ ਇਸ਼ਨਾਨ ਕੀਤਾ। ਗੁਰੂ ਸਾਹਿਬ ਦੇ ਜਨਮ ਦਿਹਾੜੇ 'ਤੇ ਸੰਗਤਾਂ ਵੱਲੋਂ ਆਪਣੇ ਪ੍ਰੀਵਾਰਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰੀਕਰਮਾ ਵਿਚ ਦੀਵੇ ਬਾਲ ਕੇ ਦੀਪਮਾਲਾ ਕੀਤੀ ਗਈ ।