ਸ੍ਰੀ ਅਕਾਲ ਤਖ਼ਤ ਸਾਹਿਬ ''ਤੇ ਅਰਦਾਸ ਉਪਰੰਤ ''ਪਿੰਡ ਬਚਾਓ, ਪੰਜਾਬ ਬਚਾਓ'' ਦਾ ਕਾਫ਼ਲਾ ਹੋਇਆ ਰਵਾਨਾ

11/01/2020 4:14:30 PM

ਅੰਮ੍ਰਿਤਸਰ (ਅਨਜਾਣ) : ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਉਪਰੰਤ 'ਪਿੰਡ ਬਚਾਓ, ਪੰਜਾਬ ਬਚਾਓ' ਸੰਸਥਾ ਨੇ ਜਲ੍ਹਿਆਂ ਵਾਲਾ ਬਾਗ ਵਿਖੇ ਸ਼ਹੀਦਾਂ ਦੇ ਸਮਾਰਕ 'ਤੇ ਸ਼ਰਧਾਂਜਲੀ ਅਰਪਣ ਕਰਦਿਆਂ ਕਾਫ਼ਲਾ ਰਵਾਨਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਕਾਲ ਪੁਰਖ ਕੀ ਫੌਜ ਦੇ ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਇਸ ਕਾਫ਼ਲੇ ਦਾ ਮਕਸਦ ਪੰਜਾਬ ਦੇ ਮੁੱਦਿਆਂ ਦੀ ਨਿਸ਼ਾਨਦੇਹੀ ਕਰਦਿਆਂ ਇਸ ਦੇ ਭਵਿੱਖ ਦੇ ਏਜੰਡੇ ਬਾਬਤ ਸਮੁੱਚੇ ਪੰਜਾਬੀਆਂ ਨਾਲ ਸੰਵਾਦ ਰਚਾਉਣਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਆਪਣੀ ਹੋਂਦ ਦੀ ਲੜਾਈ ਨਾਲ ਜੂਝ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਤਾਕਤਾਂ ਦੇ ਕੇਂਦਰੀਕਰਣ ਤਹਿਤ ਐਨ. ਆਈ. ਏ., ਯੂ. ਏ. ਪੀ. ਏ., ਨਾਗਰਿਕ ਸੋਧ ਬਿੱਲ, ਐਨ. ਆਰ. ਸੀ., ਸਿੱਖਿਆ ਨੀਤੀ, ਕਿਰਤ ਕਾਨੂੰਨ, ਖੇਤੀ ਸਬੰਧਿਤ ਤਿੰਨ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਰਾਹੀਂ ਰਾਜਾਂ ਦੇ ਅਧਿਕਾਰਾਂ 'ਤੇ ਛਾਪਾ ਮਾਰਨ ਦੇ ਨਾਲ ਦੇਸ਼ ਦਾ ਸਭ ਕੁਝ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਿਹਾ ਹੈ। ਕਿਸਾਨ ਆਰ-ਪਾਰ ਦੀ ਲੜਾਈ ਲੜ ਰਿਹਾ ਹੈ ਅਤੇ ਇਸ ਨੂੰ ਦਲਿਤਾਂ, ਵਪਾਰੀਆਂ, ਨੌਜਵਾਨਾ, ਔਰਤਾਂ, ਗਾਇਕਾਂ ਤੇ ਕਲਾਕਾਰਾਂ ਸਮੇਤ ਹਰ ਵਰਗ ਦਾ ਸਾਥ ਮਿਲ ਰਿਹਾ ਹੈ।

ਇਸ ਦੀ ਹਮਾਇਤ ਕਰਦਿਆਂ ਅਤੇ ਕਿਸਾਨ ਅੰਦੋਲਨ ਨੂੰ ਲੋਕ ਅੰਦੋਲਨ 'ਚ ਤਬਦੀਲ ਕਰਨ ਦੀ ਸਲਾਹ ਦੇਣ ਦੇ ਲਈ ਇਕ ਕਾਫ਼ਲਾ ਲੋਕਾਂ ਨਾਲ ਪੰਜਾਬ ਦੇ ਹਰ ਜ਼ਿਲ੍ਹੇ 'ਚ ਸੰਵਾਦ ਰਚਾਏਗਾ। ਉਨ੍ਹਾਂ ਕਿਹਾ ਕਿ ਇਹ ਕਾਫ਼ਲਾ ਹਰ ਜ਼ਿਲ੍ਹੇ 'ਚ ਚਾਰ ਦਿਨ ਰਹੇਗਾ ਤੇ ਹਰ ਰੋਜ਼ ਲਗਭਗ ਤਿੰਨ ਕਾਨਫਰੰਸਾਂ ਰਾਹੀਂ ਲੋਕਾਂ ਨਾਲ ਸੰਵਾਦ ਰਚਾਏਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੁਦਰਤੀ ਵਸੀਲੇ ਭਾਰੀ ਦਬਾਅ ਹੇਠ ਹਨ ਬੇਰੁਜ਼ਗਾਰੀ ਤੇ ਵਿਗੜਦੀ ਕਾਨੂੰਨੀ ਵਿਵਸਥਾ ਤੋਂ ਅੱਕੇ ਕਰੀਬ ਡੇਢ ਲੱਖ ਨੌਜਵਾਨ ਮੁੰਡੇ-ਕੁੜੀਆਂ ਨੂੰ ਜ਼ਬਰੀ ਵਿਦੇਸ਼ਾਂ ਵੱਲ ਧੱਕਿਆ ਜਾ ਰਿਹਾ ਹੈ। ਪੰਜ ਲੱਖ ਦੇ ਕਰੀਬ ਨਸ਼ਿਆਂ ਦੀ ਦਲਦਲ 'ਚ ਫਸ ਚੁੱਕੇ ਹਨ। ਕਿਸਾਨ ਮਜ਼ਦੂਰ ਕਰਜ਼ੇ ਦੇ ਬੋਝ ਹੇਠ ਖ਼ੁਦਕਸ਼ੀਆਂ ਕਰ ਰਹੇ ਹਨ।

ਕਿਰਤੀਆਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ। ਨੋਟਬੰਦੀ ਤੇ ਜੀ. ਐਸ. ਟੀ. ਨੇ ਵਪਾਰੀਆਂ ਦੇ ਨੱਕ 'ਚ ਦਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਲੋਕਾਂ ਦੇ ਵਿਸ਼ੇਸ਼ ਕਰਕੇ ਪੰਜਾਬ ਦੀ ਜਵਾਨੀ ਦੇ ਸੁਪਨੇ ਜਗਾ ਕੇ ਪੰਜਾਬ ਉਪਰ ਪੰਜਾਬੀਆਂ ਨੂੰ ਆਪਣਾ ਹੱਕ ਜਮਾਉਣ ਦੀ ਲੋੜ ਹੈ। ਇਸ ਮੌਕੇ ਡਾ. ਪਿਆਰਾ ਸਿੰਘ ਗਰਗ, ਤਰਸੇਮ ਜੋਧਾਂ, ਡਾ. ਸ਼ਾਮ ਸੁੰਦਰ ਦੀਪਤੀ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਕਰਨੈਲ ਸਿੰਘ ਜਖੇਪਲ, ਕਿਰਨਜੋਤ ਕੌਰ ਝੁਨੀਰ, ਗੁਰਮੀਤ ਕੌਰ, ਪ੍ਰੋ. ਮਨਜੀਤ ਸਿੰਘ, ਡਾ. ਖੁਸ਼ਹਾਲ ਸਿੰਘ, ਡਾ. ਮੇਘਾ ਸਿੰਘ ਤੇ ਵੱਡੀ ਗਿਣਤੀ 'ਚ ਸਖ਼ਸ਼ੀਅਤਾਂ ਹਾਜ਼ਰ ਸਨ।


Babita

Content Editor

Related News