ਆਈ. ਜੀ. ਪਰਮਾਰ ਦਾ ਵੱਡਾ ਬਿਆਨ, ਬਰਗਾੜੀ ਕਾਂਡ ’ਚੋਂ ਨਹੀਂ ਹਟਾਇਆ ਡੇਰਾ ਮੁੱਖੀ ਦਾ ਨਾਂ

Wednesday, Jul 14, 2021 - 11:22 PM (IST)

ਆਈ. ਜੀ. ਪਰਮਾਰ ਦਾ ਵੱਡਾ ਬਿਆਨ, ਬਰਗਾੜੀ ਕਾਂਡ ’ਚੋਂ ਨਹੀਂ ਹਟਾਇਆ ਡੇਰਾ ਮੁੱਖੀ ਦਾ ਨਾਂ

ਫ਼ਰੀਦਕੋਟ (ਰਾਜਨ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਰਗਾੜੀ ਬੇਅਦਬੀ ਮਾਮਲੇ ’ਚੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਂ ਕੱਢਣ ਦੇ ਉਠਾਏ ਗਏ ਮੁੱਦੇ ਨੂੰ ਲੈ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਮੁਖੀ ਆਈ. ਜੀ. ਐੱਸ. ਪੀ. ਐੱਸ. ਪਰਮਾਰ ਨੇ ਸਪਸ਼ਟ ਕੀਤਾ ਕਿ ਇਸ ਮਾਮਲੇ ਵਿੱਚੋਂ ਕਿਸੇ ਵੀ ਦੋਸ਼ੀ ਦਾ ਨਾਮ ਕੱਢੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਚਾਹੇ ਉਹ ਕੋਈ ਵੀ ਹੋਵੇ। ਸਿਟ ਮੁਖੀ ਪਰਮਾਰ ਨੇ ਕਿਹਾ ਕਿ ਇਹ ਜਾਂਚ ਅਜੇ ਜਾਰੀ ਹੈ ਅਤੇ ਇਸ ਕੇਸ ਵਿੱਚ ਸਿਟ ਵੱਲੋਂ ਹਾਲ ਦੀ ਘੜੀ ਪਹਿਲਾ ਚਲਾਨ ਸਿਰਫ਼ 6 ਦੋਸ਼ੀਆਂ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਖ਼ਿਲਾਫ਼ ਦਾਇਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਤਿੰਨ ਡੇਰਾ ਪ੍ਰੇਮੀ, ਮੁੱਖ ਦੋਸ਼ੀ ਅਜੇ ਭਗੌੜੇ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਉਨ੍ਹਾਂ ਇਹ ਜ਼ੁਰਮ ਕਿਸਦੇ ਇਸ਼ਾਰੇ ’ਤੇ ਅਤੇ ਕਿਸਦੀ ਮਿਲੀ ਭੁਗਤ ਨਾਲ ਕੀਤਾ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਡੀ ਪੱਧਰ ’ਤੇ ਕਾਰਵਾਈ ਜਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਚਲਾਨ ਐੱਫ. ਆਈ. ਆਰ. ਨੰਬਰ 128 ’ਚ ਪੇਸ਼ ਕੀਤਾ ਗਿਆ ਹੈ ਕਿਉਂਕਿ ਗ੍ਰਿਫ਼ਤਾਰ ਕੀਤੇ ਗਏ 6 ਦੋਸ਼ੀਆਂ ਸੁਖਜਿੰਦਰ ਸਿੰਘ, ਸ਼ਕਤੀ ਸਿੰਘ, ਰਣਜੀਤ ਸਿੰਘ ਭੋਲਾ, ਬਲਜੀਤ ਸਿੰਘ, ਨਿਸ਼ਾਨ ਸਿੰਘ ਅਤੇ ਪ੍ਰਦੀਪ ਸਿੰਘ ਦੀ ਗ੍ਰਿਫ਼ਤਾਰੀ ਦੇ 60 ਦਿਨਾਂ ਦੇ ਅੰਦਰ-ਅੰਦਰ ਇਹ ਕਾਰਵਾਈ ਅਮਲ ਵਿੱਚ ਲਿਆਉਣੀ ਜ਼ਰੂਰੀ ਸੀ।

ਇਹ ਵੀ ਪੜ੍ਹੋ : 2017 ਦੀਆਂ ਚੋਣਾਂ ’ਚ ਮੋਦੀ ਦੇ ਹੁਕਮਾਂ ’ਤੇ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਨੇ ਕਾਂਗਰਸ ਨੂੰ ਪਾਈਆਂ ਸਨ ਵੋਟਾਂ : ਰਾਘਵ

ਉਨ੍ਹਾਂ ਸਪਸ਼ਟ ਕੀਤਾ ਕਿ ਜਾਂਚ ਦੌਰਾਨ ਜਿਸ-ਜਿਸ ਦਾ ਨਾਂ ਆਵੇਗਾ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਯਕੀਨਨ ਹੋਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਹੋਰ ਕਿਹਾ ਕਿ ਢੁਕਵੇਂ ਸਮੇਂ ’ਤੇ ਇਸ ਕੇਸ ਵਿੱਚ ਸਪਲੀਮੈਂਟਰੀ ਚਲਾਨ ਪੇਸ਼ ਕੀਤੇ ਜਾਣਗੇ। ਉਨ੍ਹਾਂ ਹੋਰ ਕਿਹਾ ਕਿ ਬਰਗਾੜੀ ਅਤੇ ਜਵਾਹਰ ਸਿੰਘ ਬੇਅਦਬੀ ਮਾਮਲਿਆਂ ਨਾਲ ਸਬੰਧਤ ਤਿੰਨ ਕੇਸਾਂ ਦੀ ਜਾਂਚ ਅਜੇ ਜਾਰੀ ਹੈ ਅਤੇ ਮੁਕੱਦਮਾ ਨੰਬਰ 128 ’ਚ ਪੇਸ਼ ਕੀਤਾ ਗਿਆ ਚਲਾਨ ਇੱਕ ਜਨਤਕ ਡਾਕੂਮੈਂਟ ਹੈ। ਇਸ ਲਈ ਉਨ੍ਹਾਂ ਦੀ ਅਪੀਲ ਹੈ ਕਿ ਇਸਨੂੰ ਪੜ੍ਹੇ ਅਤੇ ਘੋਖੇ ਬਿਨਾਂ ਇਸਦੇ ਸਟੇਟਸ ਬਾਰੇ ਕੋਈ ਟਿੱਪਣੀ ਜਾਂ ਰਿਪੋਰਟ ਨਹੀਂ ਕਰਨੀ ਚਾਹੀਦੀ । ਇਸਨੂੰ ਇੱਕ ਜੁਡੀਸ਼ੀਅਲ ਟਰਾਇਲ ਅਤੇ ਇਸੇ ਹੀ ਭਾਵਨਾ ਨਾਲ ਲਿਆ ਜਾਣਾ ਚਾਹੀਦਾ ਹੈ ਅਤੇ ਸਿਟ ਵੱਲੋਂ ਜਾਰੀ ਇਸ ਨਿਰਪੱਖ ਜਾਂਚ ਵਿੱਚ ਕਿਸੇ ਦੀ ਦਖਲਅੰਦਾਜੀ ਨਹੀਂ ਹੋਂਣੀ ਚਾਹੀਦੀ। ਉਨ੍ਹਾਂ ਇਸ ਮਾਮਲੇ ਵਿੱਚ ਗ਼ਲਤ ਅਫ਼ਵਾਹਾਂ ਫੈਲਾਉਣ ਤੋਂ ਵੀ ਗੁਰੇਜ਼ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ‘ਪੰਜਾਬ ਨਿਰਮਾਣ’ਦੇ ਨਾਂ ’ਤੇ ਇਕੱਲੇ ਬਠਿੰਡਾ ਨੂੰ ਜਾਰੀ ਹੋਏ 3285.35 ਲੱਖ ਰੁਪਏ, ਖ਼ਜ਼ਾਨਾ ਮੰਤਰੀ ’ਤੇ ਉਠੇ ਸਵਾਲ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News