ਗਾਜਰ-ਬੂਟੀ ''ਚ ਘਿਰ ਗਿਐ ਗਮਾਡਾ ਦਾ ''ਸਪੋਰਟਸ ਸਟੇਡੀਅਮ''

Monday, Jul 01, 2019 - 02:52 PM (IST)

ਗਾਜਰ-ਬੂਟੀ ''ਚ ਘਿਰ ਗਿਐ ਗਮਾਡਾ ਦਾ ''ਸਪੋਰਟਸ ਸਟੇਡੀਅਮ''

ਮੋਹਾਲੀ (ਕੁਲਦੀਪ) : ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਫੇਜ਼-7 'ਚ ਬਣਾਇਆ ਗਿਆ ਸਪੋਰਟਸ ਸਟੇਡੀਅਮ ਆਪਣੀ ਹੀ ਬਦਹਾਲੀ 'ਤੇ ਹੰਝੂ ਵਹਾ ਰਿਹਾ ਹੈ। ਗਮਾਡਾ ਅਧਿਕਾਰੀਆਂ ਦੀ ਕਥਿਤ ਅਣਦੇਖੀ ਕਾਰਨ ਸਟੇਡੀਅਮ ਦੇ ਹਾਲਾਤ ਕੁਝ ਇਸ ਕਦਰ ਬਦਤਰ ਹੋ ਚੁੱਕੇ ਹਨ ਕਿ ਪੂਰਾ ਸਟੇਡੀਅਮ ਗਾਜਰ-ਬੂਟੀ 'ਚ ਘਿਰ ਚੁੱਕਿਆ ਹੈ। ਇਸ ਤੋਂ ਇਲਾਵਾ ਸਟੇਡੀਅਮ ਦੀ ਇਮਾਰਤ ਤੋਂ ਟਾਈਲਾਂ ਝੜਨ ਕਾਰਨ ਇਮਾਰਤ ਵੀ ਖੰਡਰ ਬਣਦੀ ਜਾ ਰਹੀ ਹੈ।

ਗਾਜਰ-ਬੂਟੀ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਗਰਾਊਂਡ ਦੀ ਸਾਈਡ 'ਤੇ ਬੈਠਣ ਲਈ ਲਾਏ ਗਏ ਬੈਂਚ ਵੀ ਇਸ 'ਚ ਛੁਪਦੇ ਜਾ ਰਹੇ ਹਨ। ਫੇਜ਼-7 ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਫੇਜ਼ 'ਚ ਬੱਚਿਆਂ ਦੇ ਖੇਡਣ ਲਈ ਹੋਰ ਕੋਈ ਗਰਾਊਂਡ ਨਹੀਂ ਹੈ। ਭਾਵੇਂ ਹੀ ਫੇਜ਼ 'ਚ ਕਈ ਸਕੂਲ ਹਨ ਪਰ ਬੱਚੇ ਖੇਡਣ ਲਈ ਇਸ ਸਟੇਡੀਅਮ ਨੂੰ ਇਸਤੇਮਾਲ ਕਰਦੇ ਹਨ ਪਰ ਸਟੇਡੀਅਮ 'ਚ ਗਾਜਰ-ਬੂਟੀ ਦੀ ਭਰਮਾਰ ਹੋਣ ਕਾਰਨ ਬੱਚੇ ਇੱਥੇ ਵੀ ਨਹੀਂ ਆ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਕਤ ਸਟੇਡੀਅਮ 'ਚ ਸਾਫ-ਸਫਾਈ ਹੁੰਦੀ ਸੀ ਤਾਂ ਬੱਚੇ ਇੱਥੇ ਫੁੱਟਬਾਲ, ਹਾਕੀ ਤੇ ਹੋਰ ਖੇਡਾਂ ਖੇਡਦੇ ਰਹਿੰਦੇ ਸਨ ਪਰ ਹੁਣ ਗਰਾਊਂਡ 'ਚ ਵੱਡੀ-ਵੱਡੀ ਗਾਜਰ-ਬੂਟੀ ਖੜ੍ਹੀ ਹੋਣ ਕਾਰਨ ਬੱਚੇ ਇੱਥੇ ਨਹੀਂ ਆ ਰਹੇ ਹਨ ਅਤੇ ਆਪਣੇ ਘਰਾਂ 'ਚ ਬੈਠ ਕੇ ਮੋਬਇਲ ਫੋਨ 'ਤੇ ਗੇਮ ਖੇਡ ਕੇ ਆਪਣਾ ਸਮਾਂ ਬਿਤਾ ਰਹੇ ਹਨ, ਜਿਸ ਕਾਰਨ ਬੱਚਿਆਂ ਦੀ ਸਿਹਤ ਖਰਾਬ ਹੋਣ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ।


author

Babita

Content Editor

Related News