ਖੇਡ ਅਧਿਕਾਰੀ ਤੇ ਕੋਚ ਕਾਗਜ਼ੀ ਕਾਰਵਾਈਆਂ ਛੱਡ ਕੇ ਖੇਡ ਮੈਦਾਨਾਂ ’ਚ ਨਿੱਤਰਣ : ਪਰਗਟ ਸਿੰਘ
Thursday, Oct 14, 2021 - 11:17 PM (IST)
ਚੰਡੀਗੜ੍ਹ (ਬਿਊਰੋ)-ਖੇਡਾਂ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਖੇਡ ਅਧਿਕਾਰੀਆਂ ਤੇ ਕੋਚਾਂ ਨੂੰ ਕਿਹਾ ਹੈ ਕਿ ਕਾਗਜ਼ੀ ਕਾਰਵਾਈਆਂ ਛੱਡ ਕੇ ਖੇਡਾਂ ਨਾਲ ਸਬੰਧਤ ਗਤੀਵਿਧੀਆਂ ਪ੍ਰੈਕਟੀਕਲ ਤੌਰ ਉਤੇ ਗਰਾਊਂਡ ਵਿੱਚ ਨਜ਼ਰ ਆਉਣੀਆਂ ਚਾਹੀਦੀਆਂ ਹਨ। ਖਿਡਾਰੀਆਂ ਲਈ ਜਾਰੀ ਖੇਡਾਂ ਦਾ ਸਾਮਾਨ ਤੇ ਕਿੱਟਾਂ ਦੀ ਵੰਡ ਤੁਰੰਤ ਕੀਤੀ ਜਾਵੇ। ਜੇਕਰ ਕਿਸੇ ਵੀ ਖੇਡ ਦਫਤਰ ਦੇ ਸਟੋਰ ’ਚ ਸਾਮਾਨ ਅਣ-ਵੰਡਿਆ ਪਾਇਆ ਗਿਆ, ਉਸ ਜ਼ਿਲ੍ਹੇ ਦੇ ਖੇਡ ਅਧਿਕਾਰੀ ਖ਼ਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਖੇਡ ਅਧਿਕਾਰੀਆਂ ਤੇ ਕੋਚਾਂ ਨੂੰ ਦਫਤਰੀ ਕਮਰਿਆਂ ’ਚੋਂ ਨਿਕਲ ਕੇ ਖੇਡ ਮੈਦਾਨਾਂ ’ਚ ਖੇਡਾਂ ਲਈ ਸਾਜ਼ਗਾਰ ਮਾਹੌਲ ਬਣਾਉਣ ਲਈ ਕਿਹਾ ਕਿਉਂਕਿ ਅਸਲ ਡਿਊਟੀ ਉਨ੍ਹਾਂ ਦੀ ਗਰਾਊਂਡ ’ਚ ਹੈ। ਪਰਗਟ ਸਿੰਘ ਨੇ ਯੁਵਕ ਸੇਵਾਵਾਂ ਵਿਭਾਗ ਨੂੰ ਵੀ ਆਖਿਆ ਹੈ ਕਿ ਪਿੰਡਾਂ ’ਚ ਠੱਪ ਹੋਏ ਯੂਥ ਕਲੱਬਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ। ਇਸੇ ਤਰ੍ਹਾਂ ਖੇਡ ਵਿਭਾਗ ਦੇ ਕੋਚਾਂ, ਯੁਵਕ ਸੇਵਾਵਾਂ ਵਿਭਾਗ ਦੇ ਅਧਿਕਾਰੀਆਂ ਅਤੇ ਸਕੂਲ ਸਿੱਖਿਆ ਤੇ ਉਚੇਰੀ ਸਿੱਖਿਆ ਵਿਭਾਗਾਂ ਦੇ ਸਰੀਰਕ ਸਿੱਖਿਆ ਅਧਿਆਪਕਾਂ ਤੇ ਲੈਕਚਰਾਰਾਂ ਨੂੰ ਆਪਸੀ ਤਾਲਮੇਲ ਬਣਾ ਕੇ ਮਿਲ ਕੇ ਕੰਮ ਲਈ ਪ੍ਰੇਰਿਆ ਹੈ ਤਾਂ ਜੋ ਸੂਬੇ ਦੀ ਨੌਜਵਾਨੀ ਨੂੰ ਖੇਡ ਮੈਦਾਨਾਂ ਨਾਲ ਜੋੜਿਆ ਜਾ ਸਕੇ।
ਪਰਗਟ ਸਿੰਘ ਨੇ ਇਹ ਨਿਰਦੇਸ਼ ਅੱਜ ਇਥੇ ਦੋਵਾਂ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਪੰਜਾਬ ਭਵਨ ਵਿਖੇ ਸੱਦੀ ਖੇਡ ਵਿਭਾਗ ਦੇ ਅਧਿਕਾਰੀਆਂ, ਜ਼ਿਲ੍ਹਾ ਖੇਡ ਅਫਸਰਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਡਿਪਟੀ ਡਾਇਰੈਕਟਰਾਂ ਤੇ ਜ਼ਿਲ੍ਹਿਆਂ ਦੇ ਸਹਾਇਕ ਡਾਇਰੈਕਟਰਾਂ ਦੀ ਮੀਟਿੰਗ ਵਿੱਚ ਦਿੱਤੇ। ਖੇਡ ਮੰਤਰੀ ਜੋ ਖੁਦ ਹਾਕੀ ਓਲੰਪੀਅਨ ਰਹੇ ਹਨ, ਨੇ ਆਖਿਆ ਕਿ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਖਿਡਾਰੀਆਂ ਨੂੰ ਵੰਡਿਆ ਜਾਣ ਵਾਲਾ ਖੇਡ ਸਾਮਾਨ ਤੇ ਕਿੱਟਾਂ ਅਣ-ਵੰਡੀਆਂ ਹੀ ਸਟੋਰਾਂ ’ਚ ਪਈਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇਗੀ। ਸਟੋਰਾਂ ’ਚ ਕੰਡਮ ਹੋਏ ਸਾਮਾਨ ਨੂੰ ਵਿਧੀ ਅਨੁਸਾਰ ਬਾਹਰ ਕੱਢਿਆ ਜਾਵੇ। ਉਨ੍ਹਾਂ ਸਾਰੇ ਜ਼ਿਲ੍ਹਾ ਖੇਡ ਅਫਸਰਾਂ ਤੋਂ ਵਿੰਗਾਂ, ਖੇਡ ਸੈਂਟਰਾਂ, ਕੋਚਾਂ ਦੀ ਤਾਇਨਾਤੀ ਅਤੇ ਖਿਡਾਰੀਆਂ ਦੀ ਗਿਣਤੀ ਦੇ ਵੇਰਵੇ ਵੀ ਵਾਰੋ-ਵਾਰੀ ਲੈਂਦਿਆਂ ਆਦੇਸ਼ ਦਿੱਤੇ ਕਿ ਜਿਸ ਜਗ੍ਹਾ ਕੋਚ ਲੋੜੀਂਦਾ ਹੋਵੇ, ਉਥੇ ਉਸ ਦੀ ਤਾਇਨਾਤੀ ਕੀਤੀ ਜਾਵੇ ਅਤੇ ਕੋਈ ਵੀ ਸੈਂਟਰ ਬੰਦ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਵੀ ਕਿਸੇ ਵੀ ਸੈਂਟਰ ਦੀ ਚੈਕਿੰਗ ਕਰ ਸਕਦੇ ਹਨ ਤੇ ਸੈਂਟਰ ਬੰਦ ਪਾਏ ਜਾਣ ਦੀ ਸੂਰਤ ’ਚ ਸਬੰਧਤ ਖੇਡ ਅਧਿਕਾਰੀ ਖਿਲਾਫ ਕਾਰਵਾਈ ਹੋਵੇਗੀ।
ਪਰਗਟ ਸਿੰਘ ਨੇ ਕਿਹਾ ਕਿ ਦੋਵੇਂ ਵਿਭਾਗ ਸੂਬੇ ਦੇ ਨੌਜਵਾਨਾਂ ਨਾਲ ਸਿੱਧੇ ਤੌਰ ਉਤੇ ਜੁੜੋ ਹੋਏ ਹਨ ਅਤੇ ਇਨ੍ਹਾਂ ਵਿਭਾਗਾਂ ਦੇ ਕੰਮਕਾਜ ’ਚ ਫੁਰਤੀ ਲਿਆਉਣ ਦੀ ਲੋੜ ਹੈ। ਇਸ ਤੋਂ ਇਲਾਵਾ ਕੋਰੋਨਾ ਕਾਰਨ ਠੱਪ ਹੋਈਆਂ ਗਤੀਵਿਧੀਆਂ ਮੁੜ ਸ਼ੁਰੂ ਕੀਤੀਆਂ ਜਾਣ ਤੇ ਹਰ ਜ਼ਿਲ੍ਹਾ ਆਪਣੇ ਖੇਡ ਕੈਲੰਡਰ ਬਣਾ ਕੇ ਟੂਰਨਾਮੈਂਟ ਕਰਵਾਏ। ਖੇਡ ਗਤੀਵਿਧੀਆਂ ਵੀ ਤਿੰਨ ਪਰਤੀ ਸ਼ੁਰੂ ਕੀਤੀਆਂ ਜਾਣ। ਸਾਰੇ ਨੌਜਵਾਨਾਂ ਦੀ ਸ਼ਮੂਲੀਅਤ ਵਾਲੀਆਂ ਖੇਡਾਂ, ਖਿਡਾਰੀਆਂ ਲਈ ਵਿਸ਼ੇਸ਼ੀਕ੍ਰਿਤ ਅਤੇ ਉੱਚ ਕੋਟੀ ਦੇ ਖਿਡਾਰੀਆਂ ਲਈ ਉੱਚ ਵਿਸ਼ੇਸ਼ਕ੍ਰਿਤੀ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ. ਆਈ. ਐੱਸ.) ਦੇ ਕੰਮਕਾਜ ਕਾਰਜਸ਼ੀਲ ਬਣਾਉਣ ਉਤੇ ਵੀ ਜ਼ੋਰ ਦਿੱਤਾ। ਮੀਟਿੰਗ ਵਿੱਚ ਖੇਡ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ, ਡਾਇਰੈਕਟਰ ਡੀ. ਪੀ. ਐੱਸ. ਖਰਬੰਦਾ, ਪੀ. ਆਈ. ਐੱਸ. ਦੇ ਡਾਇਰੈਕਟਰ (ਪ੍ਰਸ਼ਾਸਕੀ) ਅਮਰਦੀਪ ਸਿੰਘ, ਜੁਆਇੰਟ ਡਾਇਰੈਕਟਰ ਕਰਤਾਰ ਸਿੰਘ, ਹਾਕੀ ਓਲੰਪੀਅਨ ਸੁਖਬੀਰ ਸਿੰਘ ਗਰੇਵਾਲ, ਯੁਵਕ ਸੇਵਾਵਾਂ ਦੇ ਡਿਪਟੀ ਡਾਇਰੈਕਟਰ ਕਮਲਜੀਤ ਸਿੰਘ ਸਿੱਧੂ ਵੀ ਹਾਜ਼ਰ ਸਨ।