ਤੇਜ਼ ਰਫ਼ਤਾਰ ਕਾਰ BRTS ਟ੍ਰੈਕ ’ਤੇ ਲੱਗੇ ਖੰਭੇ ਨਾਲ ਟਕਰਾਈ, ਵਿਦਿਆਰਥੀਆਂ ਦੀ ਮੌਤ, 5 ਜਖ਼ਮੀ
Wednesday, Nov 17, 2021 - 12:42 AM (IST)
ਅੰਮ੍ਰਿਤਸਰ (ਸੰਜੀਵ) - ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦੀ ਤੇਜ਼ ਰਫ਼ਤਾਰ ਕਾਰ ਬੀ.ਆਰ.ਟੀ.ਐਸ. ਟ੍ਰੈਕ ’ਤੇ ਲੱਗੇ ਖੰਭੇ ਨਾਲ ਟਕਰਾਉਣ ’ਤੇ ਇਕ ਵਿਦਿਆਰਥੀ ਦੀ ਮੌਤ ਹੋ ਗਈ, ਜਦੋਂ ਕਿ 5 ਗੰਭੀਰ ਤੌਰ ’ਤੇ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਇਲਾਜ਼ ਲਈ ਸਥਾਨਕ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਦੋਂ ਕਿ ਦੂਜੇ ਪਾਸੇ ਮਰਨ ਵਾਲੇ ਗੁਰਬੀਰ ਵਿਰਕ ਵਾਸੀ ਮੁਕਤਸਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਜ਼ਖ਼ਮੀ ਹੋਏ ਨੌਜਵਾਨਾਂ ’ਚ ਉਦੈ ਸਿੰਘ, ਤਰੁਣਦੀਪ, ਹਰਜੀਤ ਸਿੰਘ, ਜਸਪ੍ਰੀਤ ਸਿੰਘ ਅਤੇ ਸ਼ੁਭਦੀਪ ਸਿੰਘ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਸਾਰੇ ਨੌਜਵਾਨ ਆਈ-20 ਗੱਡੀ ਨੰਬਰ ਪੀ. ਬੀ. 04 ਡਬਲਿਊ 2035 ’ਚ ਸਵਾਰ ਹੋ ਕੇ ਅਟਾਰੀ ਰੋਡ ’ਤੇ ਕਿਸੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਗਏ ਸਨ। ਦੇਰ ਰਾਤ ਸਾਰੇ ਰਾਣੀ ਕਾ ਬਾਗ ਸਥਿਤ ਆਪਣੇ ਪੀ. ਜੀ. ਨੂੰ ਪਰਤ ਰਹੇ ਸਨ ਕਿ ਗਵਾਲਮੰਡੀ ਨੇੜੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਅਤੇ ਉਨ੍ਹਾਂ ਦੀ ਕਾਰ ਬੀ. ਆਰ. ਟੀ. ਐਸ. ਟ੍ਰੈਕ ’ਚ ਲੱਗੇ ਇਕ ਖੰਭੇ ਨਾਲ ਟਕਰਾ ਗਈ। ਹਾਦਸਾ ਇਸ ਕਦਰ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ। ਜਦੋਂ ਕਿ ਗੁਰਬੀਰ ਪਿਛਲੀ ਸੀਟ ਬੈਠਣ ਦੇ ਬਾਵਜੂਦ ਅੱਗੇ ਦੇ ਸ਼ੀਸ਼ੇ ਨਾਲ ਜਾ ਟਕਰਾਇਆ ਅਤੇ ਗੰਭੀਰ ਸੱਟ ਲੱਗਣ ਕਾਰਨ ਘਟਨਾ ਥਾਂ ’ਤੇ ਹੀ ਦਮ ਤੋੜ ਗਿਆ। ਦੇਰ ਰਾਤ ਉੱਥੇ ਖੜੇ ਲੋਕਾਂ ਨੇ ਕਿਸੇ ਤਰ੍ਹਾਂ ਕਾਰ ਦੇ ਦਰਵਾਜੇ ਤੋੜ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ। ਜ਼ਖ਼ਮੀਆਂ ’ਚ ਸ਼ੁਭਦੀਪ ਸਿੰਘ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਥਾਣਾ ਕੰਟੋਨਮੈਂਟ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀਆਂ ਹਾਂ।
ਖ਼ਾਲਸਾ ਕਾਲਜ ਮੈਨੇਜ਼ਮੈਂਟ ਵਲੋਂ ਸੜਕ ਹਾਦਸੇ ’ਚ ਵਿਦਿਆਰਥੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਖ਼ਾਲਸਾ ਕਾਲਜ ਮੈਨੇਜ਼ਮੈਂਟ ਵਲੋਂ ਬੀਤੀ ਰਾਤ ਦਰਦਨਾਕ ਸੜਕ ਹਾਦਸੇ ’ਚ ਕਾਲਜ ਦੇ ਜਰਨਲਿਜ਼ਮ ਵਿਭਾਗ ਦੇ ਵਿਦਿਆਰਥੀ ਗੁਰਬੀਰ ਸਿੰਘ ਵਿਰਕ ਦੀ ਹੋਈ ਮੌਤ ’ਤੇ ਗਹਿਣੇ ਦੁਖ ਦਾ ਇਜ਼ਹਾਰ ਕੀਤਾ। ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਗੁਰਬੀਰ ਹੋਣਹਾਰ ਵਿਦਿਆਰਥੀ ਸੀ, ਜੋ ਕਿ ਆਪਣੇ ਸਾਥੀਆ ਨਾਲ ਬੀਤੀ ਅੱਧੀ ਰਾਤ ਨੂੰ ਕਿਸੇ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਕਿ ਉਨ੍ਹਾਂ ਦੀ ਕਾਰ ਦੁਰਘਟਨਾ ਦਾ ਸ਼ਿਕਾਰ ਹੋ ਗਈ। ਜਿਸ ’ਚ ਕਾਲਜ ਦੇ 4 ਹੋਰ ਵਿਦਿਆਰਥੀ ਊਦੈ ਪ੍ਰਤਾਪ ਸਿੰਘ, ਸ਼ੁਭਦੀਪ ਸਿੰਘ, ਹਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਵੀ ਗੰਭੀਰ ਜਖ਼ਮੀ ਹੋ ਗਏ, ਜੋ ਕਿ ਸਥਾਨਕ ਇਕ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਹਨ।
ਇਸ ਮੌਕੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀ ਜਰਨਲਿਜ਼ਮ ਤੋਂ ਇਲਾਵਾ ਖੇਤੀਬਾੜੀ ਵਿਭਾਗ ਨਾਲ ਸਬੰਧਿਤ ਸਨ ਅਤੇ ਬਹਾਰ ਇਕ ਪ੍ਰਾਈਵੇਟ ਪੀ. ਜੀ. ’ਚ ਰਹਿੰਦੇ ਹਨ, ਜੋ ਕਿ ਕਿਸੇ ਵਿਆਹ ’ਚ ਸ਼ਾਮਿਲ ਹੋਣ ਉਪਰੰਤ ਵਾਪਸ ਪਰਤ ਰਹੇ ਸਨ। ਪ੍ਰਿੰ: ਡਾ. ਮਹਿਲ ਸਿੰਘ ਨੇ ਹਸਪਤਾਲ ਜਾ ਕੇ ਜਖ਼ਮੀ ਹੋਏ ਵਿਦਿਆਰਥੀਆਂ ਦਾ ਹਾਲ ਚਾਲ ਵੀ ਜਾਣਿਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।