ਪੰਜਾਬ ਤੋਂ ਪਟਨਾ ਸਾਹਿਬ ਨੂੰ ਵਿਸ਼ੇਸ਼ ਟਰੇਨਾਂ ਚਲਾਉਣ ਦੀ ਰੇਲਵੇ ਨੇ ਦਿੱਤੀ ਪ੍ਰਵਾਨਗੀ

Wednesday, Dec 20, 2017 - 07:06 AM (IST)

ਪੰਜਾਬ ਤੋਂ ਪਟਨਾ ਸਾਹਿਬ ਨੂੰ ਵਿਸ਼ੇਸ਼ ਟਰੇਨਾਂ ਚਲਾਉਣ ਦੀ ਰੇਲਵੇ ਨੇ ਦਿੱਤੀ ਪ੍ਰਵਾਨਗੀ

ਚੰਡੀਗੜ੍ਹ (ਬਿਊਰੋ) - ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਲਈ ਪੰਜਾਬ ਤੋਂ ਪਟਨਾ ਸਾਹਿਬ ਜਾਣ ਅਤੇ ਆਉਣ ਵਾਸਤੇ ਸ਼ਰਧਾਲੂਆਂ ਨੂੰ ਲਿਜਾਣ ਲਈ ਵਿਸ਼ੇਸ਼ ਟਰੇਨਾਂ ਨੂੰ ਰੇਲਵੇ ਅਥਾਰਟੀ ਨੇ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਸੂਬਾ ਸਰਕਾਰ ਨੇ ਭਾਰਤੀ ਰੇਲਵੇ ਕੋਲੋਂ ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਤੋਂ ਪਟਨਾ ਸਾਹਿਬ ਲਈ ਵਿਸ਼ੇਸ਼ ਟਰੇਨਾਂ ਚਲਾਉਣ ਲਈ ਇਜਾਜ਼ਤ ਮੰਗੀ ਸੀ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰੇਲਵੇ ਮੰਤਰਾਲਾ ਨੇ ਸੂਬੇ ਤੋਂ ਪਟਨਾ ਸਾਹਿਬ ਲਈ ਇਹ ਟਰੇਨਾਂ 22 ਤੋਂ 27 ਦਸੰਬਰ ਤੱਕ ਚਲਾਉਣ ਦੀ ਪ੍ਰਵਾਨਗੀ ਦਿੱਤੀ ਹੈ।
ਬੁਲਾਰੇ ਨੇ ਦੱਸਿਆ ਕਿ ਇਕ ਵਿਸ਼ੇਸ਼ ਟਰੇਨ 22 ਦਸੰਬਰ ਨੂੰ ਸਵੇਰੇ 9.45 ਵਜੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ 23 ਦਸੰਬਰ ਨੂੰ ਸਵੇਰੇ 11.45 ਵਜੇ ਪਟਨਾ ਸਾਹਿਬ ਵਿਖੇ ਪਹੁੰਚੇਗੀ। ਇਕ ਹੋਰ ਟਰੇਨ 22 ਦਸੰਬਰ ਨੂੰ ਸਵੇਰੇ 9.30 ਵਜੇ ਪਟਿਆਲਾ ਰੇਲਵੇ ਸਟੇਸ਼ਨ ਤੋਂ ਪਟਨਾ ਸਾਹਿਬ ਲਈ ਰਵਾਨਾ ਹੋਵੇਗੀ ਅਤੇ 23 ਦਸੰਬਰ ਨੂੰ ਸਵੇਰੇ 11 ਵਜੇ ਪਟਨਾ ਸਾਹਿਬ ਰੇਲਵੇ ਸਟੇਸ਼ਨ 'ਤੇ ਪਹੁੰਚੇਗੀ। ਇਸੇ ਤਰ੍ਹਾਂ ਤੀਜੀ ਵਿਸ਼ੇਸ਼ ਟਰੇਨ 22 ਦਸੰਬਰ ਨੂੰ ਸਵੇਰੇ 9 ਵਜੇ ਬਠਿੰਡਾ ਰੇਲਵੇ ਸਟੇਸ਼ਨ ਤੋਂ ਚੱਲੇਗੀ ਅਤੇ ਅਗਲੇ ਦਿਨ ਸਵੇਰੇ 11 ਵਜੇ ਪਹੁੰਚੇਗੀ। ਇਹ ਸਾਰੀਆਂ ਟਰੇਨਾਂ 26 ਦਸੰਬਰ ਨੂੰ ਪਟਨਾ ਸਾਹਿਬ ਤੋਂ ਪੰਜਾਬ ਲਈ ਰਵਾਨਾ ਹੋਣਗੀਆਂ ਅਤੇ 27 ਦਸੰਬਰ ਨੂੰ ਆਪੋ-ਆਪਣੇ ਟਿਕਾਣਿਆਂ 'ਤੇ ਪਹੁੰਚਣਗੀਆਂ। ਹਰੇਕ ਵਿਸ਼ੇਸ਼ ਰੇਲ ਗੱਡੀ ਵਿਚ 1500 ਸ਼ਰਧਾਲੂ ਹੋਣਗੇ, ਜੋ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ ਜਿਨ੍ਹਾਂ ਦੀ ਸਹੂਲਤ ਲਈ ਸਰਕਾਰੀ ਅਧਿਕਾਰੀ, ਕਰਮਚਾਰੀ, ਡਾਕਟਰਾਂ ਦੀ ਟੀਮ ਅਤੇ ਫਾਰਮਾਸਿਸਟ ਵੀ ਮੌਜੂਦ ਰਹਿਣਗੇ।


Related News