ਅਕਾਲੀ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਕੰਢੀ ਇਲਾਕੇ ਲਈ ਬਣਾਇਆ ਜਾਵੇਗਾ ਵਿਸ਼ੇਸ਼ ਮੰਤਰਾਲਾ : ਸੁਖਬੀਰ

Tuesday, Oct 12, 2021 - 09:33 PM (IST)

ਅਕਾਲੀ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਕੰਢੀ ਇਲਾਕੇ ਲਈ ਬਣਾਇਆ ਜਾਵੇਗਾ ਵਿਸ਼ੇਸ਼ ਮੰਤਰਾਲਾ : ਸੁਖਬੀਰ

ਹੁਸ਼ਿਆਰਪੁਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਬਣਨ ’ਤੇ ਕੰਢੀ ਇਲਾਕੇ ਦੇ ਵਿਕਾਸ ਵਾਸਤੇ ਵੱਖਰਾ ਮੰਤਰਾਲਾ ਬਣਾਇਆ ਜਾਵੇਗਾ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਐਲਾਨ ਅੱਜ ਦਸੂਹਾ, ਟਾਂਡਾ ਉੜਮੁੜ ਤੇ ਹੁਸ਼ਿਆਰਪੁਰ ਹਲਕਿਆਂ ਦੇ ਦੌਰੇ ਵੇਲੇ ਕੀਤੀ ਜਿਸ ਦੌਰਾਨ ਉਹਨਾਂ ਸਾਬਕਾ ਮੰਤਰੀ ਬਲਬੀਰ ਸਿੰਘ ਮਿਆਣੀ ਨੂੰ ਸਮਰਥਕਾਂ ਸਮੇਤ ਅਕਾਲੀ ਦਲ ਵਿਚ ਮੁੜ ਸ਼ਾਮਲ ਹੋਣ ’ਤੇ ਜੀ ਆਇਆਂ ਆਖਿਆ। ਇਸ ਦੌਰਾਨ ਮਿਆਣੀ ਨੇ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਤੇ ਉੜਮੁੜ ਤੋਂ ਬਸਪਾ ਦੇ ਉਮੀਦਵਾਰ ਲਖਵਿੰਦ ਸਿੰਘ ਲੱਖੀ ਨਾਲ ਹੱਥ ਮਿਲਾ ਕੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਤੇ ਤਿੰਨੇ ਆਗੂਆਂ ਨੇ ਗਠਜੋੜ ਦੇ ਉਮੀਦਵਾਰਾਂ ਦੀ ਜਿੱਤ ਵਾਸਤੇ ਇਕਜੁੱਟ ਹੋ ਕੇ ਕੰਮ ਕਰਨ ਦਾ ਭਰੋਸਾ ਦੁਆਇਆ।

ਅਕਾਲੀ ਦਲ ਦੇ ਪ੍ਰਧਾਨ ਨੇ ਅਕਾਲੀ ਦਲ ਤੇ ਬਸਪਾ ਹੁਸ਼ਿਆਰਪੁਰ ਦੇ ਉਮੀਦਵਾਰ ਤੇ ਸਮਾਜ ਸੇਵਕ ਵਰਿੰਦਰ ਪਰਿਹਾਰ ਦੇ ਐਨ ਜੀ ਓ ਹੋਮ ਫੋਰ ਹੋਮਲੈਸ ਵੱਲੋਂ ਬਣਾਏ ਬੇਘਰਿਆਂ ਲਈ ਬਣਾਏ ਘਰਾਂ ਵਿਚੋਂ ਇਕ ਦਾ ਉਦਘਾਟਨ ਵੀ ਕੀਤਾ। ਉਹਨਾਂ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬੇਘਰਿਆਂ ਵਾਸਤੇ 5 ਲੱਖ ਘਰਾਂ ਦਾ ਨਿਰਮਾਣ ਕਰੇਗਾ।

ਇਹ ਵੀ ਪੜ੍ਹੋ- 15 ਲੱਖ ਹੋਰ ਪਰਿਵਾਰਾਂ ਨੂੰ ਬਣਾਇਆ ਜਾਵੇਗਾ ਸਿਹਤ ਬੀਮਾ ਯੋਜਨਾ ਦਾ ਹਿੱਸਾ : ਸੋਨੀ
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੰਢੀ ਇਲਾਕੇ ਦੇ ਵਿਕਾਸ ਵਾਸਤੇ ਵੱਖਰਾ ਮੰਤਰਾਲਾ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਇਸ ਇਲਾਕੇ ਨੂੰ ਅਣਡਿੱਠ ਕੀਤਾ ਹੈ। ਉਹਨਾਂ ਕਿਹਾ ਕਿ ਇਲਾਕੇ ਵਿਚ ਪੀਣ ਵਾਲੇ ਪਾਣੀ ਤੇ ਸਿੰਜਾਈ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਵਾਸਤੇ ਕੋਈ ਯਤਨ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਵਾਸਤੇ ਬੁਨਿਆਦੀ ਢਾਂਚਾ ਹੀ ਉਪਲਬਧ ਨਹੀਂ ਹੈ। ਉਹਨਾਂ ਕਿਹਾ ਕਿ ਕੰਡੀ ਇਲਾਕੇ ਦੇ ਵਿਕਾਸ ਵਾਸਤੇ ਵੱਖਰਾ ਮੰਤਰਾਲਾ ਸਮੁੱਚੇ ਇਲਾਕੇ ਦੇ ਵਿਕਾਸ ਵਾਸਤੇ ਕੰਮ ਕਰੇਗਾ।
ਅਕਾਲੀ ਦਲ ਦੇਪ੍ਰ ਧਾਨ ਤੋਂ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਹੈਰਾਨੀ ਪ੍ਰਗਟ ਕੀਤ ਕਿ ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਜਲੀ ਖੇਤਰ ਦੇ ਮੌਜੂਦਾ ਸੰਕਟ ਦੇ ਮਾਮਲੇ ਵਿਚ ਵੀ ਦੋਗਲੀ ਰਾਜਨੀਤੀ ਕੀਤੀ ਹੈ। ਉਹਨਾਂ ਕਿਹਾ ਕਿ ਇਕ ਪਾਸੇ ਤਾਂ ਕੇਜਰੀਵਾਲ ਐਲਾਨ ਕਰ ਰਹੇ ਨ ਕਿ ਦਿੱਲੀ ਇਕਲੌਤਾ ਅਜਿਹਾ ਰਾਜ ਬਣ ਗਿਆ ਹੈ ਜਿਥੇ ਕੋਲੇ ਨਾਲ ਬਿਜਲੀ ਪੈਦਾ ਨਹੀਂ ਕੀਤੀ ਜਾ ਰਹੀ ਜਦਕਿ ਹਾਲ ਹੀ ਵਿਚ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਹੋਰ ਥਰਮਲਾਂ ਦਾ ਕੋਲਾ ਦਿੱਲੀ ਦੇ ਦੋ ਥਰਮਲਾਂ ਵਾਸਤੇ ਭੇਜਿਆ ਜਾਵੇ। ਉਹਨਾਂ ਕਿਹਾ ਕਿ ਪਹਿਲਾਂ ਵੀ ਕੇਜਰੀਵਾਲ ਨੇ ਸਤਲੁਜ ਯਮੁਨਾ ਲਿੰਕ ਨਹਿਰ ਤੇ ਪਰਾਲੀ ਸਾੜਨ ਦੇ ਮਾਮਲੇ ਵਿਚ ਦੋਗਲਾ ਸਟੈਂਡ ਅਪਦਾਇਆ ਸੀ। ਉਹਨਾਂ ਕਿਹਾ ਕਿ ਦਿੱਲੀ ਸਰਕਾਰ ਨੇ ਤਾਂ ਸੁਪਰੀਮ ਕੋਰਟ ਵਿਚ ਹਲਫੀਆ ਬਿਆਨ ਦਾਇਰ ਕਰ ਕੇ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਦੀ ਮੰਗ ਵੀ ਕੀਤੀ ਸੀ।

ਸਰਦਾਰ ਬਾਦਲ ਨੇ ਕੇਜਰੀਵਾਲ ਵੱਲੋਂ ਦਿੱਤੀਆਂ ਜਾ ਰਹੀਆਂ ਗਰੰਟੀਆਂ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਜਿਸ ਵਿਅਕਤੀ ਨੇ ਆਪਣੇ ਬੱਚਿਆਂ ਦੇ ਸਿਰ ’ਤੇ ਹੱਥ ਰੱਖ ਕੇ ਖਾਧੀ ਸਹੁੰ ਤੋੜ ਦਿੱਤੀ ਹੋਵੇ, ਉਸ ’ਤੇ ਕੌਣ ਭਰੋਸਾ ਕਰ ਸਕਦਾ ਹੈ। 

ਜਦੋਂ ਉਹਨਾਂ ਤੋਂ ਸੂਬੇ ਦੇ ਬਿਜਲੀ ਸੰਕਟ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਹ ਕਾਂਗਰਸ ਸਰਕਾਰ ਦੇ ਬਿਜਲੀ ਸੈਕਟਰ ਵਿਚ ਕੁਪ੍ਰਬੰਧਨ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ ਪਿਛਲੇ ਪੰਜ ਸਾਲਾਂ ਵਿਚ ਬਿਜਲੀ ਪੈਦਾਵਾਰ ਵਘਾਉਣ ਵਾਸਤੇ ਕੁਝ ਨਹੀਂ ਕੀਤਾ ਜਦਕਿ 700 ਮੈਗਾਵਾਟ ਪ੍ਰਤੀ ਸਾਲ ਦੇ ਹਿਸਾਬ ਨਾਲ 3500 ਮੈਗਾਵਾਟ ਪੈਦਾਵਾਰ ਦਾ ਵਾਧਾ ਹੋਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਪੀ ਪੀ ਏ ਮੁਤਾਬਕ ਬਿਜਲੀ 2.85 ਰੁਪਏ ਪ੍ਰਤੀ ਯੁਨਿਟ ਦੀ ਦਰ ਨਾਲ ਖਰੀਦੀ ਜਾ ਰਹੀ ਹੈ ਜਦਕਿ ਕੱਲ੍ਹ ਕਾਂਗਰਸ ਸਰਕਾਰ ਨੇ 14.46 ਰੁਪਏ ਪ੍ਰਤੀ ਯੁਨਿਟ ਦੀ ਦਰ ’ਤੇ ਬਿਜਲੀ ਖਰੀਦੀ ਹੈ ਤੇ ਅੱਜ 14.06  ਰੁਪਏ ਪ੍ਰਤੀ ਯੁਨਿਟ ਦੀ ਦਰ ’ਤੇ ਬਿਜਲੀ ਖਰੀਦੀ ਹੈ।

ਇਹ ਵੀ ਪੜ੍ਹੋ- ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ DC ਦਫਤਰ ਅੱਗੇ ਦਿੱਤਾ ਧਰਨਾ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਚੰਨੀ ਪਿਛਲੀ ਵਜ਼ਾਰਤ ਦੇ ਮੈਂਬਰ ਸਨ ਜਦੋਂ ਐਸ ਸੀ ਵਿਦਿਆਰਥੀਆਂ ਨੁੰ ਸਕਾਲਰਸ਼ਿਪ ਤੋਂ ਵਾਂਝਾ ਕੀਤਾ ਗਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਚੰਨੀ ਗਰੀਬਾਂ ਵਾਸਤੇ ਸਸਤੀਆਂ ਦਰਾਂ ’ਤੇ ਆਟਾ ਦਾਲ ਪ੍ਰਦਾਨ ਕਰਨ ਦੀ ਸਕੀਮ ਵਿਚੋਂ ਲੱਖਾਂ ਲੋਕਾਂ ਦੇ ਨਾਂ ਕੱਟੇ ਜਾਣ ਦੇ ਫੈਸਲੇ ਦੇ ਵੀ ਭਾਈਵਾਲ ਸਨ।

ਪਿੰਡ ਮਿਆਣੀ ਵਿਖੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਆਗੂਆਂ ਤੇ ਵਰਕਰਾਂ ਵਿਚ ਮੁਕੰਮਲ ਏਕਤਾ ਤੇ ਗਠਜੋੜ ਦੀ ਸਾਂਝੀ ਮੁਹਿੰਮ ਦੀ ਬਦੌਲਤ ਆਉਂਦੀਆਂ ਚੋਣਾਂ ਵਿਚ ਗਠਜੋੜ ਜ਼ਿਲ੍ਹੇ ਦੀਆਂ ਸਾਰੀਆਂ 7 ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗਾ।

ਇਸ ਮੌਕੇ ਉੜਮੁੜ, ਦਸੂਹਾ ਤੇ ਹੁਸ਼ਿਆਰਪੁਰ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰਾਂ ਲਖਵਿੰਦ ਸਿੰਘ ਲੱਖੀ, ਸੁਸ਼ੀਲ ਕੁਮਾਰ ਪਿੰਕੀ ਸ਼ਰਮਾ ਤੇ ਵਰਿੰਦਰ ਪਰਿਹਾਰ  ਤੋਂ ਇਲਾਵਾ ਭਾਜਪਾ ਦੇ ਜਨਰਲ ਸਕੱਤਰ ਗੁਰਲਾਲ ਸ਼ਰਮਾ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਨਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਲਖਬੀਰ ਸਿੰਘ ਲੋਧੀਨੰਗਲ, ਅਰਵਿੰਦਰ ਸਿੰਘ ਰਸੂਲਪੁਰ, ਸੋਹਣ ਸਿੰਘ ਠੰਢਲ, ਸਰਬਜੋਤ ਸਿੰਘ ਸਾਬੀ, ਹਰਜਿੰਦਰ ਸਿੰਘ ਧਾਮੀ, ਜਤਿੰਦਰ ਸਿੰਘ ਲਾਲੀ ਬਾਜਵਾ ਅਤੇ ਵਰਿੰਦਰ ਸਿੰਘ ਬਾਜਵਾ ਵੀ ਹਾਜ਼ਰ ਸਨ।


author

Bharat Thapa

Content Editor

Related News