ਲਿਟਫੈਸਟ ''ਚ ਭਸੂੜੀ : ਚੰਡੀਗੜ੍ਹ ਲੇਕ ਕਲੱਬ ''ਚ ਵੱਜਿਆ ਸਪੀਕਰ ਤਾਂ ਹੋਵੇਗੀ ਸਖਤ ਕਾਰਵਾਈਰ
Friday, Nov 24, 2017 - 08:01 AM (IST)

ਚੰਡੀਗੜ੍ਹ (ਅਸ਼ਵਨੀ) - ਚੰਡੀਗੜ੍ਹ ਲੇਕ ਕਲੱਬ 'ਚ ਜੇਕਰ ਆਵਾਜ਼ ਪ੍ਰਦੂਸ਼ਣ ਫੈਲਿਆ ਤਾਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਪੱਤਰ ਚੰਡੀਗੜ੍ਹ ਵਾਤਾਵਰਣ ਵਿਭਾਗ ਨੇ ਸੁਖਨਾ ਲੇਕ ਕਲੱਬ ਅਥਾਰਟੀ ਨੂੰ ਲਿਖਿਆ ਹੈ। ਵਿਭਾਗ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਲੇਕ ਕਲੱਬ, ਸੁਖਨਾ ਲੇਕ ਸਮੇਤ ਆਸ-ਪਾਸ ਦਾ ਪੂਰਾ ਇਲਾਕਾ ਸਾਇਲੈਂਸ ਜ਼ੋਨ ਐਲਾਨਿਆ ਹੋਇਆ ਹੈ ਤੇ ਇੱਥੇ ਆਵਾਜ਼ ਪ੍ਰਦੂਸ਼ਣ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਵਿਭਾਗ ਦੇ ਇਸ ਪੱਤਰ ਨੇ ਸੁਖਨਾ ਲੇਕ ਕਲੱਬ 'ਚ 25-26 ਨਵੰਬਰ ਨੂੰ ਹੋਣ ਵਾਲੇ ਇੰਟਰਨੈਸ਼ਨਲ ਲਿਟਫੈਸਟ-2017 ਦੌਰਾਨ ਸਪੀਕਰ ਦੀ ਵਰਤੋਂ 'ਤੇ ਸਿੱਧਾ ਸਵਾਲ ਖੜ੍ਹਾ ਕਰ ਦਿੱਤਾ ਹੈ। ਲਿਟਫੈਸਟ 'ਚ ਪਦਮਭੂਸ਼ਣ ਨਾਲ ਸਨਮਾਨਿਤ ਪ੍ਰਸਿੱਧ ਸਾਹਿਤਕਾਰ ਰਸਕਿਨ ਬਾਂਡ ਸਮੇਤ ਕਈ ਵੱਡੇ ਨਾਮੀ ਸਾਹਿਤਕਾਰ ਭਾਗ ਲੈਣ ਵਾਲੇ ਹਨ। ਚੰਡੀਗੜ੍ਹ ਲਿਟਰੇਰੀ ਸੁਸਾਇਟੀ ਦੇ ਬੈਨਰ ਹੇਠ ਹੋਣ ਵਾਲੇ ਲਿਟਫੈਸਟ 'ਚ ਮੁਸ਼ਾਇਰਾ ਵੀ ਹੋਣਾ ਹੈ, ਜਿਸ 'ਚ ਪ੍ਰਸਿੱਧ ਸ਼ਾਇਰ ਵਸੀਮ ਬਰੇਲਵੀ, ਕੁੰਵਰ ਬੈਚੇਨ ਸਮੇਤ ਕਈ ਨਾਮੀ ਸ਼ਾਇਰ ਸ਼ਾਮਲ ਹੋਣਗੇ। ਇੰਨੇ ਵੱਡੇ ਕਲਾਕਾਰਾਂ ਦੇ ਸਮਾਗਮ 'ਚ ਸਪੀਕਰ ਦੀ ਵਰਤੋਂ ਤੈਅ ਹੈ ਪਰ ਵਾਤਾਵਰਣ ਵਿਭਾਗ ਦੇ ਪੱਤਰ ਨੇ ਸਪੀਕਰ ਦੀ ਵਰਤੋਂ ਸਬੰਧੀ ਹੁਣ ਤੋਂ ਸਵਾਲ ਖੜ੍ਹਾ ਕਰ ਦਿੱਤਾ ਹੈ।
ਸਬ-ਡਵੀਜ਼ਨਲ ਮੈਜਿਸਟ੍ਰੇਟ ਕੋਲ ਕਰਨਾ ਹੋਵੇਗਾ ਅਪਲਾਈ
ਸਪੀਕਰ ਦੀ ਵਰਤੋਂ ਦੀ ਸੂਰਤ 'ਚ ਚੰਡੀਗੜ੍ਹ ਲਿਟਰੇਰੀ ਸੁਸਾਇਟੀ ਨੂੰ ਸਬੰਧਤ ਸਬ-ਡਵੀਜ਼ਨਲ ਮੈਜਿਸਟ੍ਰੇਟ ਕੋਲ ਸਾਊਂਡ ਪਰਮਿਸ਼ਨ ਲਈ ਅਪਲਾਈ ਕਰਨਾ ਹੋਵੇਗਾ ਕਿਉਂਕਿ ਲੇਕ ਕਲੱਬ ਨੂੰ ਸਾਇਲੈਂਸ ਜ਼ੋਨ ਐਲਾਨਿਆ ਹੋਇਆ ਹੈ, ਇਸ ਲਈ ਇਸ ਖੇਤਰ 'ਚ ਸਪੀਕਰ ਦੀ ਮਨਜ਼ੂਰੀ ਸ਼ਾਇਦ ਸੰਭਵ ਨਹੀਂ ਹੈ। ਇਹੋ ਕਾਰਨ ਹੈ ਕਿ ਜੇਕਰ ਸੁਖਨਾ ਪਥ 'ਤੇ ਵੀ ਕੋਈ ਵਿਅਕਤੀ ਵਿਸ਼ੇਸ਼ ਸਾਊਂਡ ਪਰਮਿਸ਼ਨ ਲਈ ਅਪਲਾਈ ਕਰਦਾ ਹੈ ਤਾਂ ਉਸ ਨੂੰ ਆਪਣੀ ਮੋਬਾਇਲ ਲੋਕੇਸ਼ਨ ਨਾਲ ਦੇਣੀ ਪੈਂਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਮਨਜ਼ੂਰੀ ਕਿਸ ਥਾਂ ਲਈ ਮੰਗੀ ਜਾ ਰਹੀ ਹੈ।
7 ਤੋਂ 9 ਦਸੰਬਰ ਨੂੰ ਆਰਮੀ ਲਿਟਰੇਚਰ ਫੈਸਟੀਵਲ
ਲਿਟਫੈਸਟ-2017 ਵਾਂਗ 7 ਤੋਂ 9 ਦਸੰਬਰ 2017 ਨੂੰ ਲੇਕ ਕਲੱਬ 'ਚ ਆਰਮੀ ਲਿਟਰੇਚਰ ਫੈਸਟੀਵਲ ਵੀ ਪ੍ਰਸਤਾਵਿਤ ਹੈ। ਇਸ ਆਰਮੀ ਲਿਟਰੇਚਰ ਫੈਸਟੀਵਲ ਦਾ ਐਲਾਨ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ ਸੀ। ਆਰਮੀ ਲਿਟਰੇਚਰ ਫੈਸਟੀਵਲ ਦਾ ਤਾਂ ਬਕਾਇਦਾ ਪੂਰਾ ਲੋਕੇਸ਼ਨ ਮੈਪ ਤਕ ਜਾਰੀ ਕੀਤਾ ਗਿਆ ਸੀ। ਹੁਣ ਜਦੋਂਕਿ ਵਾਤਾਵਰਣ ਵਿਭਾਗ ਨੇ ਪੱਤਰ ਲਿਖ ਕੇ ਸਖਤੀ ਦਿਖਾਈ ਹੈ ਤਾਂ ਆਰਮੀ ਲਿਟਰੇਚਰ ਫੈਸਟੀਵਲ 'ਚ ਵੀ ਸਪੀਕਰ ਦੀ ਵਰਤੋਂ 'ਤੇ ਸਵਾਲ ਖੜ੍ਹਾ ਹੋਣਾ ਤੈਅ ਹੈ।