ਅੰਮ੍ਰਿਤਸਰ ’ਚ ਫੈਲਿਆ ਸਪਾ ਸੈਂਟਰਾਂ ਦਾ ਗੋਰਖ ਧੰਦਾ, ਰਸ਼ੀਅਨ-ਥਾਈ ਲੜਕੀਆਂ ਦੀ ਭਾਰੀ ਡਿਮਾਂਡ

Sunday, Sep 21, 2025 - 12:47 AM (IST)

ਅੰਮ੍ਰਿਤਸਰ ’ਚ ਫੈਲਿਆ ਸਪਾ ਸੈਂਟਰਾਂ ਦਾ ਗੋਰਖ ਧੰਦਾ, ਰਸ਼ੀਅਨ-ਥਾਈ ਲੜਕੀਆਂ ਦੀ ਭਾਰੀ ਡਿਮਾਂਡ

ਅੰਮ੍ਰਿਤਸਰ (ਜਸ਼ਨ) – ਸਪਾ ਤੇ ਮਸਾਜ ਸੈਂਟਰਾਂ ਦਾ ਗੋਰਖ ਧੰਦਾ ਅੰਮ੍ਰਿਤਸਰ ’ਚ ਮੁੜ ਅੰਦਰਖਾਤੇ ਬਾਦਸਤੂਰ ਚੱਲ ਰਿਹਾ ਹੈ। ਸ਼ਹਿਰ ਦੇ ਕਈ ਹੋਟਲਾਂ ਤੇ ਪ੍ਰਮੁੱਖ ਬਿਲਡਿੰਗਾਂ ’ਚ ਇਨ੍ਹਾਂ ਸੈਂਟਰਾਂ ਦਾ ਜਾਲ ਖੁੰਬਾਂ ਵਾਂਗ ਫੈਲ ਚੁੱਕਾ ਹੈ। ਗੱਲ ਸੂਬੇ ਦੀ ਕੀਤੀ ਜਾਵੇ ਤਾਂ ਸਭ ਤੋਂ ਵੱਧ ਸਪਾ ਸੈਂਟਰ ਪੰਜਾਬ ਦੀ ਆਰਥਿਕ ਰਾਜਧਾਨੀ ਕਹਾਏ ਜਾਣ ਵਾਲੇ ਸ਼ਹਿਰ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਵਿਚ ਹੈ। ਇਨ੍ਹਾਂ ਤਿੰਨਾਂ ਸ਼ਹਿਰਾਂ ਵਿਚ ਇੰਨੀ ਵੱਡੀ ਗਿਣਤੀ ’ਚ ਸਪਾ ਤੇ ਮਸਾਜ ਸੈਂਟਰ ਹਨ, ਜੋ ਪੂਰੇ ਸੂਬੇ ਦੇ 80 ਫੀਸਦੀ ਤੋਂ ਵੀ ਵੱਧ ਬਣਦੇ ਹਨ। ਇਸੇ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਧੰਦਾ ਦਿਨੋ-ਦਿਨ ਕਿੰਨਾ ਵਧ-ਫੁਲ ਰਿਹਾ ਹੈ।

ਅੰਮ੍ਰਿਤਸਰ ਦੀ ਕਮਿਸ਼ਨਰੇਟ ਪੁਲਸ ਨੇ ਹਾਲਾਂਕਿ ਕੁਝ ਸਮੇਂ ਤੋਂ ਕਾਫੀ ਸਪਾ ਸੈਂਟਰਾਂ ਵਿਚ ਰੇਡ ਕਰ ਕੇ ਕਈ ਖੁਲਾਸੇ ਕੀਤੇ ਹਨ ਅਤੇ ਉੱਥੋਂ ਦੇਸੀ ਤੇ ਵਿਦੇਸ਼ੀ ਲੜਕੀਆਂ ਨੂੰ ਬਰਾਮਦ ਕੀਤਾ ਹੈ ਪਰ ਅਜੇ ਵੀ ਅੰਦਰਖਾਤੇ ਇਹ ਗੋਰਖ ਧੰਦਾ ਬਾਦਸਤੂਰ ਜਾਰੀ ਹੈ।

ਕਿਉਂ ਅਪਣਾਉਂਦੇ ਹਨ ਲੋਕ ਇਸ ਧੰਦੇ ਨੂੰ?
ਸੂਤਰਾਂ ਦੀ ਮੰਨੀਏ ਤਾਂ ਇਸ ਗੰਦੇ ਧੰਦੇ ਵਿਚ ਪੈਸਾ ਹੀ ਪੈਸਾ ਹੈ ਅਤੇ ਇਹ ਗੰਦਾ ਕੰਮ 12 ਮਹੀਨੇ ਤੇ 24 ਘੰਟੇ ਚੱਲਦਾ ਹੈ। ਜੇ ਇਸ ਕੰਮ ਪ੍ਰਤੀ ਲਾਗਤ ਦੀ ਗੱਲ ਕੀਤੀ ਜਾਵੇ ਤਾਂ ਸੰਚਾਲਕ ਨੂੰ ਇਕ ਹਾਈਫਾਈ ਬਿਲਡਿੰਗ ਵਿਚ ਆਪਣਾ ਸੈਂਟਰ ਲੈਣਾ ਪੈਂਦਾ ਹੈ ਅਤੇ ਉਸ ਨੂੰ ਚੰਗੇ ਢੰਗਨਾਲ ਡੈਕੋਰੇਟਿਡ ਹੋਣਾ ਚਾਹੀਦਾ ਹੈ, ਬਸ ਇਸ ਗੰਦੇ ਧੰਦੇ ਦੀ ਇਹੀ ਲਾਗਤ ਹੈ ਮਤਲਬ ਇਸ ਕੰਮ ਵਿਚ ਕੋਈ ਸਾਮਾਨ (ਪ੍ਰੋਡਕਟ) ਵਗੈਰਾ ਦਾ ਸਟਾਕ ਨਹੀਂ ਰੱਖਣਾ ਪੈਂਦਾ ਅਤੇ ਕਿਸੇ ਬ੍ਰਾਂਚ ਦੀ ਏਜੰਸੀ ਲੈਣ ਖਾਤਰ ਕਾਫੀ ਵੱਡੀ ਰਕਮ ਵੀ ਖਰਚ ਨਹੀਂ ਕਰਨੀ ਪੈਂਦੀ।

ਸੂਬੇ ਦੇ ਵੱਡੇ ਸ਼ਹਿਰਾਂ ’ਚ ਉਕਤ ਗੋਰਖ ਧੰਦੇ ਦਾ ਕਾਫੀ ਵੱਡਾ ਨੈੱਟਵਰਕ
ਇਸ ਤੋਂ ਸਪਸ਼ਟ ਹੈਕਿ ਪੰਜਾਬ ਦੇ ਵੱਡੇ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਵਿਚ ਇਸ ਗੋਰਖ ਧੰਦੇ ਦਾ ਕਾਫੀ ਵੱਡਾ ਨੈੱਟਵਰਕ ਬਣ ਚੁੱਕਾ ਹੈ। ਬੀਤੇ ਸਮੇਂ ’ਚ ਜਲੰਧਰ ’ਚ ਫੜੇ ਗਏ ਇਕ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਪੁਲਸ ਨੇ ਲਿੰਕ ਨਾਲ ਲਿੰਕ ਜੋੜਿਆ ਤਾਂ ਇਹ ਮਾਮਲਾ ਸਿਰਫ ਜਲੰਧਰ ਹੀ ਨਹੀਂ, ਸਗੋਂ ਅੰਮ੍ਰਿਤਸਰ ਤੇ ਲੁਧਿਆਣਾ ਤਕ ਫੈਲਿਆ ਹੋਇਆ ਨਿਕਲਿਆ ਸੀ। ਉਸ ਵੇਲੇ ਇਸ ਹਾਈ ਪ੍ਰੋਫਾਈਲ ਨੈੱਟਵਰਕ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਮਾਮਲਾ ਹਾਈ ਪ੍ਰੋਫਾਈਲ ਹੋਣ ਕਾਰਨ ਇਸ ਤੋਂ ਬਾਅਦ ਅੰਮ੍ਰਿਤਸਰ ’ਚ ਖੁੱਲ੍ਹੇ ਸਪਾ ਤੇ ਸਮਾਜ ਸੈਂਟਰ ਰਾਤੋ-ਰਾਤ ਹੀ ਜਿਵੇਂ ਬੰਦ ਹੋ ਗਏ ਸਨ। ਇਨ੍ਹਾਂ ਸੈਂਟਰਾਂ ਦੇ ਲੱਗੇ ਬੋਰਡ ਵੀ ਰਾਤੋ-ਰਾਤ ਗਾਇਬ ਹੋ ਗਏ ਅਤੇ ਇਨ੍ਹਾਂ ਦੇ ਸੰਚਾਲਕ ਵੀ ਅੰਡਰਗਰਾਊਂਡ ਹੋ ਗਏ ਸਨ। ਪੁਲਸ ਨੇ ਜਦੋਂ ਜਾਂਚ ਦੌਰਾਨ ਇਨ੍ਹਾਂ ਦੇ ਮੋਬਾਈਲ ਫੋਨ ਫਰੋਲੇ ਤਾਂ ਲੱਗਭਗ ਸਾਰਿਆਂ ਹੀ ਫੋਨ ਸਵਿੱਚ ਆਫ ਸਨ। ਇਸ ਸਾਰੇ ਕਾਂਡ ਕਾਰਨ ਇਸ ਗੰਦੇ ਧੰਦੇ ਨੂੰ ਚਲਾਉਣ ਵਾਲੇ ਸੂਬੇ ਦੇ ਲੱਗਭਗ ਸਾਰੇ ਸਪਾ ਤੇ ਮਸਾਜ ਸੈਂਟਰਾਂ ਦੇ ਸੰਚਾਲਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਸੀ।

ਕਿੱਥੇ ਹਨ ਇਹ ਸਪਾ ਤੇ ਮਸਾਜ ਸੈਂਟਰ
ਅੰਮ੍ਰਿਤਸਰ ’ਚ ਮੁੱਖ ਤੌਰ ’ਤੇ ਇਹ ਸਪਾ ਸੈਂਟਰ ਪੌਸ਼ ਇਲਾਕਿਆਂ ਦੇ ਵੱਡੇ-ਵੱਡੇ ਹੋਟਲਾਂ, ਮਸ਼ਹੂਰ ਬਿਲਡਿੰਗਾਂ ਤੋਂ ਇਲਾਵਾ ਸਿਵਲਲਾਈਨ ਖੇਤਰਾਂ ਤੇ ਰਣਜੀਤ ਐਵੇਨਿਊ ਸਮੇਤ ਹੋਰ ਪੌਸ਼ ਖੇਤਰਾਂ ਵਿਚ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਕੁਝ ਹੋਟਲਾਂ ਤੇ ਮੁੱਖ ਕਾਰੋਬਾਰੀ ਸਥਾਨਾਂ ’ਤੇ ਵੀ ਇਹ ਗੰਦਾ ਧੰਦਾ ਅੰਦਰਖਾਤੇ ਚੱਲਦਾ ਰਹਿੰਦਾ ਹੈ। ਇਹ ਸੈਂਟਰ ਅੰਮ੍ਰਿਤਸਰ ’ਚ ਪਿਛਲੇ 7-8 ਸਾਲਾਂ ਤੋਂ ਹੋਂਦ ਵਿਚ ਆਏ ਸਨ ਪਰ ਇਸ ਧੰਦੇ ਵਿਚ ਬੇਤਹਾਸ਼ਾ ਗੈਰ-ਕਾਨੂੰਨੀ ਕਮਾਈ ਵੇਖਦੇ ਹੋਏ ਇਹ ਗੋਰਖ ਧੰਦਾ ਇੰਨਾ ਵਧ-ਫੁਲ ਗਿਆ ਕਿ ਫਿਰ ਤਾਂ ਹੋਟਲਾਂ ਤੋਂ ਇਲਾਵਾ ਇਹ ਧੰਦਾ ਮੁੱਖ ਤੇ ਬਹੁਤ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿਚ ਸੈਂਟਰਾਂ ਦੇ ਰੂਪ ’ਚ ਫੈਲ ਗਿਆ।

ਰਸ਼ੀਅਨ ਤੇ ਥਾਈ ਲੜਕੀਆਂ ਦੀ ਡਿਮਾਂਡ
ਜਲੰਧਰ ਦਾ ਮਾਮਲਾ ਹੁਣ ਠੰਢਾ ਪੈਣ ਦੇ ਨਾਲ ਹੀ ਮੁੜ ਇਨ੍ਹਾਂ ਸਪਾ ਤੇ ਮਸਾਜ ਸੈਂਟਰਾਂ ਦਾ ਜਾਲ ਫੈਲ ਚੁੱਕਾ ਹੈ। ਜਾਣਕਾਰੀ ਅਨੁਸਾਰ ਨੌਜਵਾਨਾਂ ਤੋਂ ਇਲਾਵਾ ਕਈ ਸਫੇਦਪੋਸ਼ ਤੇ ਪ੍ਰਮੁੱਖ ਵਿਅਕਤੀ ਵੀ ਇਸ ਦੇ ਨਿਯਮਿਤ ਗਾਹਕ ਬਣ ਚੁੱਕੇ ਹਨ। ਇਹ ਵੀ ਪਤਾ ਲੱਗਾ ਹੈ ਕਿ ਸਭ ਤੋਂ ਜ਼ਿਆਦਾ ਡਿਮਾਂਡ ਰਸ਼ੀਅਨ ਤੇ ਥਾਈ ਲੜਕੀਆਂ ਦੀ ਹੁੰਦੀ ਸੀ।

ਇਸ ਵੇਲੇ ਵੀ ਰਸ਼ੀਅਨ ਤੇ ਥਾਈ ਲੜਕੀਆਂ ਦੀ ਹੀ ਡਿਮਾਂਡ ਸੁਣੀ ਜਾ ਰਹੀ ਹੈ। ਪਹਿਲਾਂ ਇਸ ਗੰਦੇ ਧੰਦੇ ਵਿਚ ਰਸ਼ੀਅਨ ਲੜਕੀਆਂ ਦਾ ਹੀ ਦਬਦਬਾ ਸੀ ਪਰ ਫਿਰ ਇਨ੍ਹਾਂ ਦੀ ਜਗ੍ਹਾ ਥਾਈ ਲੜਕੀਆਂ ਨੇ ਲੈ ਲਈ ਸੀ ਕਿਉਂਕਿ ਥਾਈ ਲੜਕੀਆਂ ਇਸ ਕੰਮ ਵਿਚ ਕਾਫੀ ਪ੍ਰੋਫੈਸ਼ਨਲ ਹੁੰਦੀਆਂ ਹਨ ਅਤੇ ਇਨ੍ਹਾਂ ਦੀ ਰਕਮ (ਮਿਹਨਤਾਨਾ) ਵੀ ਰਸ਼ੀਅਨ ਲੜਕੀਆਂ ਦੇ ਮੁਕਾਬਲੇ ਕਾਫੀ ਘੱਟ ਹੁੰਦਾ ਹੈ।

ਦੱਸਣਯੋਗ ਹੈ ਕਿ ਸਾਲ 2020 ’ਚ ਥਾਣਾ ਸਿਵਲ ਲਾਈਨਸ ਦੀ ਪੁਲਸ ਨੇ ਲਾਰੈਂਸ ਰੋਡ ਦੇ ਨੇੜੇ ਅਤੇ ਐੱਮ. ਐੱਮ. ਮਾਲਵੀਆ ਰੋਡ ’ਤੇ ਸਥਿਤ 2-3 ਮਸਾਜ ਤੇ ਸਪਾ ਸੈਂਟਰਾਂ ਵਿਚ ਕਾਰਵਾਈ ਕਰ ਕੇ ਵੱਡਾ ਖੁਲਾਸਾ ਕੀਤਾ ਸੀ। ਉਸ ਮਾਮਲੇ ਚ ਵੀ ਥਾਈ ਲੜਕੀਆਂ ਨੂੰ ਭਾਰਤ ਵਿਚ ਲਿਆਉਣ ਵਾਲੇ ਨੈਕਸਸ ਦਾ ਪਰਦਾਫਾਸ਼ ਹੋਇਆ ਸੀ। ਇਹ ਪਰਦਾਫਾਸ਼ ਥਾਣਾ ਸਿਵਲ ਲਾਈਨਸ ਦੇ ਐੱਸ. ਐੱਚ. ਓ. ਰਹੇ ਸ਼ਿਵਦਰਸ਼ਨ ਸਿੰਘ ਸੰਧੂ (ਮੌਜੂਦਾ ਸਮੇਂ ’ਚ ਅੰਮ੍ਰਿਤਸਰ ਵੈਸਟ ਦੇ ਏ. ਸੀ. ਪੀ.) ਨੇ ਕੀਤਾ ਸੀ। ਉਸ ਦੌਰਾਨ ਜਾਂਚਵਿਚ ਪਤਾ ਲੱਗਾ ਸੀ ਕਿ ਥਾਈਲੈਂਡ ਤੋਂ ਕੋਈ ਦਲਾਲ ਇੱਥੇ 1-1 ਸਾਲ ਦੇ ਵੀਜ਼ਾ ’ਤੇ ਲੜਕੀਆਂ ਭਾਰਤ ਵਿਚ ਲਿਆਉਂਦੇ ਸਨ ਅਤ ਫਿਰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਜ਼ਿਲਿਆਂ ਵਿਚ ਭੇਜਦਿੰਦੇ ਸਨ। ਖਾਸ ਗੱਲ ਇਹ ਸੀ ਕਿ ਇਹ ਲੋਕ ਇਨ੍ਹਾਂ ਲੜਕੀਆਂ ਨੂੰ ਕਿਸੇ ਇਕੋ ਜਗ੍ਹਾ ’ਤੇ ਜ਼ਿਆਦਾ ਦੇਰ ਤਕ ਨਹੀਂ ਰੱਖਦੇ ਸਨ। ਇਹ ਲੋਕ ਰੋਟੇਸ਼ਨ ਨੀਤੀ ਤਹਿਤ ਇਨ੍ਹਾਂ ਲੜਕੀਆਂ ਦੀ ਇਕ ਸ਼ਹਿਰ ਤੋਂ ਦੂਜੇ ਸ਼ਹਿਰ ’ਚ 2-3 ਮਹੀਨਿਆਂ ਅੰਦਰ ਅਦਲੀ-ਬਦਲੀ ਕਰਦੇ ਰਹਿੰਦੇ ਸਨ ਅਤੇ ਇਹ ਸਿਲਸਿਲਾ ਹੁਣ ਵੀ ਚੱਲ ਰਿਹਾ ਹੈ।

ਫੜੇ ਜਾਣ ਦੇ ਡਰੋਂ ਰੋਟੇਸ਼ਨ ਨੀਤੀ ਤਹਿਤ ਚੱਲਦਾ ਹੈ ਇਹ ਧੰਦਾ
ਜਾਣਕਾਰੀ ਅਨੁਸਾਰ ਹੁਣ ਮਸਾਜ ਤੇ ਸਪਾ ਸੈਂਟਰਾਂ ਦਾ ਇਹ ਧੰਦਾ ਮੁੜਹੋਟਲਾਂ ਵਿਚ ਹੀ ਚਲਾ ਗਿਆ ਹੈ। ਇਸ ਗੋਰਖ ਧੰਦੇ ਦੇ ਸੰਚਾਲਕ ਆਪਣੇ ਪੂਰੇ ਸਟਾਫ ਦੀ ਅਦਲਾ-ਬਦਲੀ 2-3 ਮਹੀਨਿਆਂ ਅੰਦਰ ਕਰ ਦਿੰਦੇ ਹਨ ਤਾਂ ਜੋ ਕੋਈ ਵੀ ਸਟਾਫ ਮੈਂਬਰ ਕਿਸੇ ਅੱਗੇ ਇਸ ਸਬੰਧੀ ਮੂੰਹ ਨਾ ਖੋਲ੍ਹ ਸਕੇ। ਇਨ੍ਹਾਂ ਸੰਚਾਲਕਾਂ ਦਾ ਮੇਨ ਟਾਰਗੈੱਟ ਆਰਥਿਕ ਤੌਰ ’ਤੇ ਕਮਜ਼ੋਰ ਲੜਕੀਆਂ ਹੁੰਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਸਬਜ਼-ਬਾਗ ਵਿਖਾ ਕੇ ਅਤੇ ਮੋਟੀ ਰਕਮ ਦਾ ਲਾਲਚ ਦੇ ਕੇ ਉਹ ਆਪਣੇ ਝਾਂਸੇ ਵਿਚ ਲੈ ਲੈਂਦੇ ਹਨ। ਇਹ ਸੰਚਾਲਕ ਲੋਕਾਂ ਨਾਲ ਪੈਕੇਜ ਕਰਦੇ ਹਨ ਅਤੇ ਉਸੇ ਹਿਸਾਬ ਨਾਲ ਇੰਡੀਅਨ, ਰਸ਼ੀਅਨ ਜਾਂ ਥਾਈ ਲੜਕੀਆਂ ਨੂੰ ਗਾਹਕ ਦੇ ਸਾਹਮਣੇ ਡਿਮਾਂਡ ਅਨੁਸਾਰ ਪਰੋਸਦੇ ਹਨ।
 


author

Inder Prajapati

Content Editor

Related News