ਸੱਭਿਆਚਾਰ ਤੇ ਸੈਰ ਸਪਾਟਾ ਨੀਤੀ ਦਾ ਜਲਦੀ ਹੋਵੇਗਾ ਐਲਾਨ: ਨਵਜੋਤ ਸਿੱਧੂ

Friday, Jun 30, 2017 - 05:50 AM (IST)

ਸੱਭਿਆਚਾਰ ਤੇ ਸੈਰ ਸਪਾਟਾ ਨੀਤੀ ਦਾ ਜਲਦੀ ਹੋਵੇਗਾ ਐਲਾਨ: ਨਵਜੋਤ ਸਿੱਧੂ

ਚੰਡੀਗੜ੍ਹ - ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੂਬੇ ਨੂੰ ਸੈਰ ਸਪਾਟਾ ਨਕਸ਼ੇ 'ਤੇ ਉਭਾਰਨ ਲਈ ਅੱਜ ਮਾਹਿਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਪੰਜਾਬ ਵਿਚ ਧਾਰਮਿਕ, ਵਿਰਾਸਤੀ, ਸ਼ਾਹੀ ਅਤੇ ਹੋਰ ਇਤਿਹਾਸਕ ਸਥਾਨਾਂ ਦੀ ਸ਼ਨਾਖਤ ਕਰ ਕੇ ਇਨ੍ਹਾਂ ਥਾਵਾਂ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣ ਬਾਰੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਵਿਚ ਵਿਆਪਕ ਸੈਰ ਸਪਾਟਾ ਨੀਤੀ ਬਣਾਉਣ 'ਤੇ ਵੀ ਵਿਚਾਰ ਹੋਇਆ, ਜਿਸ ਵਿਚ ਪੰਜਾਬ, ਦੇਸ਼ ਅਤੇ ਦੇਸ਼ ਤੋਂ ਬਾਹਰ ਦੇ ਸੈਲਾਨੀਆਂ ਨੂੰ ਸੂਬੇ ਵਿਚ ਖਿੱਚਣ ਲਈ ਇਕ ਯੋਜਨਾ ਬਣਾਈ ਜਾਵੇਗੀ।
ਮੀਟਿੰਗ ਉਪਰੰਤ ਜਾਰੀ ਪ੍ਰੈੱਸ ਬਿਆਨ ਵਿਚ ਜਾਣਕਾਰੀ ਦਿੰਦਿਆਂ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਸੁਪਨਾ ਹੈ ਕਿ ਪੰਜਾਬ ਨੂੰ ਸੈਰ ਸਪਾਟਾ ਖੇਤਰ ਵਿਚ ਮੋਹਰੀ ਸੂਬਾ ਬਣਾਇਆ ਜਾਵੇ, ਜਿਸ ਕਾਰਨ ਇਸ ਵਾਰ ਪਹਿਲੀ ਵਾਰ ਬਜਟ ਵਿਚ ਵਿਭਾਗ ਨੂੰ ਵੱਖਰੀ ਰਕਮ ਅਲਾਟ ਹੋਈ ਹੈ। ਵਿਭਾਗ ਹੁਣ ਸੱਭਿਆਚਾਰ ਤੇ ਸੈਰ ਸਪਾਟਾ ਨੀਤੀ ਬਣਾਉਣ ਉਪਰ ਕੰਮ ਕਰ ਰਿਹਾ ਹੈ, ਜਿਸ ਦਾ ਐਲਾਨ ਜਲਦ ਹੋਵੇਗਾ। ਉਨ੍ਹਾਂ ਕਿਹਾ ਕਿ ਸੈਰ ਸਪਾਟਾ ਨੀਤੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਜਾਵੇਗੀ, ਜਿਸ ਵਿਚ ਤਕਨੀਕੀ ਮਾਹਿਰਾਂ ਵਜੋਂ ਐੱਸ. ਕੇ. ਮਿਸ਼ਰਾ, ਕੇ. ਐੱਮ. ਸ਼੍ਰੀਵਾਸਤਵ, ਵਿਨੋਦ ਜੋਤਸ਼ੀ, ਰੋਮੀ ਚੋਪੜਾ ਤੇ ਅਨੀਤਾ ਲਾਲ ਨੂੰ ਵੀ ਵਿਸ਼ੇਸ਼ ਤੌਰ 'ਤੇ ਬੁਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਤਿਹਾਸਕ, ਧਾਰਮਿਕ ਤੇ ਵਿਰਾਸਤੀ ਮਹੱਤਤਾ ਰੱਖਦੇ ਸੂਬੇ ਪੰਜਾਬ ਅੰਦਰ ਸੈਰ ਸਪਾਟਾ ਦੀਆਂ ਅਨੇਕਾਂ ਸੰਭਾਵਨਾਵਾਂ ਹਨ ਅਤੇ ਸੈਲਾਨੀਆਂ ਲਈ ਸੈਰ ਸਪਾਟਾ ਦੀਆਂ ਉਕਤ ਖੇਤਰਾਂ ਦੀਆਂ  ਥਾਵਾਂ ਨੂੰ ਵਿਕਸਤ ਕਰਨ ਦੀ ਲੋੜ ਹੈ।
ਸਿੱਧੂ ਨੇ ਦੱਸਿਆ ਕਿ ਵਿਭਾਗ ਵੱਲੋਂ ਸੈਲਾਨੀਆਂ ਦੀ ਸਹੂਲਤ ਅਤੇ ਸੈਰ ਸਪਾਟਾ ਨੂੰ ਪ੍ਰਫੁਲਿਤ ਕਰਨ ਲਈ ਵੱਖ-ਵੱਖ ਟੂਰਿਸਟ ਸਰਕਟ ਬਣਾਏ ਜਾ ਰਹੇ, ਜਿਨ੍ਹਾਂ ਵਿਚ ਧਾਰਮਿਕ, ਮਹਾਰਾਜਾ, ਮੁਗਲ ਤੇ ਸੂਫੀ ਸਰਕਟ ਸ਼ਾਮਲ ਹਨ। ਅੰਮ੍ਰਿਤਸਰ ਨੂੰ ਸੈਰ ਸਪਾਟਾ ਦੇ ਧੁਰੇ ਵਜੋਂ ਵਿਕਸਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਅੰਦਰ ਅਨੇਕ ਟੂਰਿਸਟ ਕੰਪਲੈਕਸ ਹਨ, ਜਿਨ੍ਹਾਂ ਦੀ ਨਵ-ਉਸਾਰੀ ਕਰ ਕੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਸੈਰ ਸਪਾਟਾ ਖੇਤਰ ਨਾਲ ਜੁੜੇ ਵੱਖ-ਵੱਖ ਮਾਹਿਰਾਂ ਵਲੋਂ ਆਪਣੇ ਵਿਚਾਰ ਰੱਖੇ ਗਏ। ਮੀਟਿੰਗ ਵਿਚ ਵਿਭਾਗ ਦੇ ਸਲਾਹਕਾਰ ਡਾ.ਅਮਰ ਸਿੰਘ, ਪ੍ਰਮੁੱਖ ਸਕੱਤਰ ਜਸਪਾਲ ਸਿੰਘ, ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ, ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਤਿਮਾ ਸ਼੍ਰੀਵਾਸਤਵਾ, ਚੀਫ ਜਨਰਲ ਮੈਨੇਜਰ ਕਰਨਲ ਸੰਦੀਪ ਸਿੰਘ ਬਾਜਵਾ, ਪ੍ਰੋਜੈਕਟ ਕੋਆਰਡੀਨੇਟਰ ਐੱਸ.ਪੀ. ਸਿੰਘ ਢੀਂਡਸਾ ਤੇ ਮੈਨੇਜਰ ਪ੍ਰੋਜੈਕਟ ਅਲਕਾ ਕਪੂਰ ਵੀ ਹਾਜ਼ਰ ਸਨ।


Related News