ਸੋਨੀਆ ਮਾਨ ਨੇ ਦੀਪ ਸਿੱਧੂ ਨੂੰ ਆਖਿਆ ਬੀ. ਜੇ. ਪੀ. ਦਾ ਸੱਪ, ਪੋਸਟ ਵਾਇਰਲ
Wednesday, Jan 27, 2021 - 01:40 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰ ਦੀਪ ਸਿੱਧੂ 26 ਜਨਵਰੀ ਮੌਕੇ ਦਿੱਲੀ ਵਿਖੇ ਹੋਏ ਘਟਨਾਕ੍ਰਮ ਤੋਂ ਬਾਅਦ ਵਿਵਾਦਾਂ ’ਚ ਘਿਰ ਗਿਆ ਹੈ। ਦੀਪ ਸਿੱਧੂ ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਝੰਡਾ ਚੜ੍ਹਾਉਣ ਕਰਕੇ ਸੁਰਖ਼ੀਆਂ ’ਚ ਆ ਗਏ ਹਨ। ਇਹ ਵਿਵਾਦ ਉਦੋਂ ਸਾਹਮਣੇ ਆਇਆ, ਜਦੋਂ ਦੀਪ ਸਿੱਧੂ ਨੇ ਲਾਈਵ ਹੋ ਕੇ ਲਾਲ ਕਿਲੇ ’ਤੇ ਕੇਸਰੀ ਝੰਡਾ ਚੜ੍ਹਾਉਣ ਨੂੰ ਲੈ ਕੇ ਇਕ ਲਾਈਵ ਵੀਡੀਓ ਸਾਂਝੀ ਕੀਤੀ। ਦੀਪ ਨੇ ਜਥੇਬੰਦੀਆਂ ਦੀ ਇਜਾਜ਼ਤ ਤੋਂ ਬਿਨਾਂ ਇਹ ਕਦਮ ਚੁੱਕਿਆ ਹੈ, ਜਿਸ ’ਤੇ ਹੁਣ ਕਿਸਾਨ ਜਥੇਬੰਦੀਆਂ ਵੀ ਐਕਸ਼ਨ ਲੈ ਰਹੀਆਂ ਹਨ।
ਇਸ ਸਭ ਵਿਚਾਲੇ ਪੰਜਾਬੀ ਮਾਡਲ ਸੋਨੀਆ ਮਾਨ ਨੇ ਵੀ ਚੁੱਪੀ ਤੋੜੀ ਹੈ। ਸੋਨੀਆ ਮਾਨ ਕਿਸਾਨ ਸੰਘਰਸ਼ ’ਚ ਪਹਿਲੇ ਦਿਨ ਤੋਂ ਡਟੀ ਹੋਈ ਹੈ ਤੇ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ। ਸੋਨੀਆ ਮਾਨ ਨੇ ਇੰਸਟਾਗ੍ਰਾਮ ਸਟੋਰੀ ’ਚ ਦੀਪ ਸਿੱਧੂ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ’ਚ ਦੀਪ ਸਿੱਧੂ ਸੰਨੀ ਦਿਓਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨਾਲ ਦੀਪ ਸਿੱਧੂ ਦੀ ਇਕ ਲਾਈਵ ਵੀਡੀਓ ਦਾ ਕਟਆਊਟ ਵੀ ਲੱਗਾ ਹੈ।
ਦੂਜੀ ਤਸਵੀਰ ’ਚ ਦੀਪ ਸਿੱਧੂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ’ਤੇ ਲਿਖਿਆ ਹੈ, ‘ਬੀ. ਜੇ. ਪੀ. ਦਾ ਸੱਪ ਪੰਜਾਬ ਦੀ ਜਵਾਨੀ ਨੂੰ ਡੰਗਣ ਲਈ ਤਿਆਰ।’ ਸੋਨੀਆ ਮਾਨ ਵਲੋਂ ਸਾਂਝੀ ਕੀਤੀ ਗਈ ਇਹ ਤਸਵੀਰ ਬੇਹੱਦ ਵਾਇਰਲ ਹੋ ਰਹੀ ਹੈ।
ਦੱਸਣਯੋਗ ਹੈ ਕਿ ਦੀਪ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਧਰਮਿੰਦਰ ਦੇ ਪ੍ਰੋਡਕਸ਼ਨ ਹਾਊਸ ’ਚ ਬਣੀ ਫ਼ਿਲਮ ‘ਰਮਤਾ ਜੋਗੀ’ ਨਾਲ ਕੀਤੀ ਸੀ। ਸੰਨੀ ਦਿਓਲ ਨੂੰ ਗੁਰਦਾਸਪੁਰ ’ਚ ਜਿਤਾਉਣ ’ਚ ਦੀਪ ਸਿੱਧੂ ਨੇ ਅਹਿਮ ਭੂਮਿਕਾ ਨਿਭਾਈ ਸੀ। ਹਾਲਾਂਕਿ ਕੱਲ ਵਾਲੇ ਵਿਵਾਦ ਤੋਂ ਬਾਅਦ ਸੰਨੀ ਦਿਓਲ ਨੇ ਮੁੜ ਇਹ ਗੱਲ ਸਾਫ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਦੀਪ ਸਿੱਧੂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਨੋਟ– ਦੀਪ ਸਿੱਧੂ ਵਿਵਾਦ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।