ਪਟਿਆਲਾ 'ਚ ਵੱਡੀ ਵਾਰਦਾਤ, ਫੋਨ ਬੰਦ ਕਰਨ ਦਾ ਕਹਿਣ 'ਤੇ ਤੈਸ਼ 'ਚ ਆਏ ਕਲਯੁੱਗੀ ਪੁੱਤ ਨੇ ਛੱਤ ਤੋਂ ਹੇਠਾਂ ਸੁੱਟੀ ਮਾਂ
Thursday, Mar 02, 2023 - 02:52 PM (IST)
ਪਟਿਆਲਾ (ਬਲਜਿੰਦਰ, ਕੰਵਲਜੀਤ) : ਤ੍ਰਿਪਤੀ ਥਾਣਾ ਅਧੀਨ ਪੈਂਦੇ ਆਨੰਦ ਨਗਰ-ਏ-ਖੇਤਰ 'ਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਨੌਜਵਾਨ ਨੇ ਬੀਤੇ ਦਿਨੀਂ ਲੜਾਈ ਤੋਂ ਬਾਅਦ ਆਪਣੀ ਮਾਂ ਨੂੰ ਪਹਿਲੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ ਅਤੇ ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਉਸਦੀ ਮਾਤਾ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੇਖਾ ਰਾਣੀ (52) ਵਜੋਂ ਹੋਈ ਹੈ। ਸੂਚਨਾ ਮਿਲਣ ਉਪਰੰਤ ਪੁਲਸ ਵੱਲੋਂ ਕੀਤੀ ਤਫਤੀਸ਼ ਦੌਰਾਨ ਥਾਣਾ ਸਦਰ ਦੀ ਪੁਲਸ ਨੇ ਦੋਸ਼ੀ ਗੋਬਿੰਦ ਬਹਿਲ ਦੇ ਵੱਡੇ ਭਰਾ ਰਾਜਨ ਬਹਿਲ ਦੇ ਬਿਆਨਾਂ 'ਤੇ ਉਕਤ ਦੋਸ਼ੀ ਖ਼ਿਲਾਫ਼ ਇਰਾਦਾ-ਏ-ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਡੇਰਾ ਸਿਰਸਾ ਪ੍ਰੇਮੀਆਂ ਦਾ ਨਵਾਂ ਕਾਰਾ ਆਇਆ ਸਾਹਮਣੇ, ਜਥੇਦਾਰ ਹਰਪ੍ਰੀਤ ਸਿੰਘ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ
ਪਰਿਵਾਰ ਨੇ ਦੱਸਿਆ ਕਿ ਦੋਸ਼ੀ ਪਿਛਲੇ 5 ਸਾਲ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ, ਜਿਸ ਕਾਰਨ ਉਸਦਾ ਵੱਡਾ ਭਰਾ ਆਪਣੀ ਮਾਤਾ ਤੇ ਛੋਟੇ ਭਰਾ ਤੋਂ ਵੱਖ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਗੋਬਿੰਦ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਵੀ ਝਗੜਾ ਕਰਨ ਲੱਗ ਜਾਂਦਾ ਸੀ। ਬੀਤੇ ਦਿਨੀਂ ਵੀ ਜਦੋਂ ਉਸ ਦੀ ਮਾਤਾ ਨੇ ਤੜਕੇ 3 ਵਜੇ ਦੇ ਕਰੀਬ ਉਸ ਨੂੰ ਫੋਨ ਬੰਦ ਕਰਕੇ ਸੌਣ ਲਈ ਆਖਿਆ ਤਾਂ ਉਸ ਨੇ ਤੈਸ਼ 'ਚ ਆ ਕੇ ਆਪਣੀ ਮਾਤਾ ਨੂੰ ਛੱਤ ਤੋਂ ਧੱਕਾ ਦੇ ਦਿੱਤਾ, ਜਿਸ ਨਾਲ ਉਸ ਦੇ ਸਿਰ ’ਚ ਸੱਟ ਲੱਗ ਗਈ। ਜਿਸ ਤੋਂ ਬਾਅਦ ਉਸ ਦੀ ਮਾਤਾ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਦਰ ਦੀ ਪੁਲਸ ਨੇ ਮਾਮਲੇ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਕੁਹਾੜੀ ਨਾਲ ਵੱਢੀ ਜਨਾਨੀ ਦੇ ਮਾਮਲੇ 'ਚ ਹੋਇਆ ਖ਼ੁਲਾਸਾ, ਸਾਹਮਣੇ ਆਇਆ ਵਾਰਦਾਤ ਦਾ ਸੱਚ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।