ਲੁਧਿਆਣਾ ਤੋਂ ਬਾਅਦ ਜਲੰਧਰ ''ਚ ਪੁੱਤ ਵਲੋਂ ਪਿਉ ਦਾ ਕਤਲ,''ਮਾਂ ਨੂੰ ਬੋਲਿਆ ਕਰ ਦਿੱਤਾ ਕੰਮ ਖ਼ਤਮ''
Friday, Jun 12, 2020 - 01:58 PM (IST)
ਜਲੰਧਰ (ਮਹੇਸ਼, ਮ੍ਰਿਦੁਲ) : ਗੁਰੂ ਨਾਨਕ ਪੁਰਾ ਸਥਿਤ ਗਲੀ ਨੰ-1 'ਚ ਪਿਤਾ ਵੱਲੋਂ ਤਾਲਾਬੰਦੀ ਦੌਰਾਨ ਬੇਰੋਜ਼ਗਾਰ ਪੁੱਤਰ ਨੂੰ ਝਿੜਕਣਾ ਮਹਿੰਗਾ ਪੈ ਗਿਆ। ਪਿਤਾ ਨਾਲ ਇਸੇ ਗੱਲ ਨੂੰ ਲੈ ਕੇ ਰੋਜ਼ਾਨਾ ਲੜਾਈ ਹੋਣ ਕਾਰਣ ਬੇਟੇ ਨੇ ਪਹਿਲਾਂ ਗੁੱਸੇ 'ਚ ਪਿਤਾ 'ਤੇ ਰਾਡ ਨਾਲ 7 ਹਮਲੇ ਕੀਤੇ ਅਤੇ ਫਿਰ ਆਰੀ ਨਾਲ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਥਾਣਾ ਰਾਮਾ ਮੰਡੀ ਦੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਬੇਟੇ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਏ. ਸੀ. ਪੀ. ਬਿਮਲਕਾਂਤ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੋਪਾਲ ਸਿੰਘ ਰਾਣਾ (60) ਪੁੱਤਰ ਦਿਆਲ ਸਿੰਘ ਰਾਣਾ ਵਾਸੀ ਗੁਰੂ ਨਾਨਕ ਪੁਰਾ ਗਲੀ ਨੰ. 1 ਵਜੋਂ ਹੋਈ ਹੈ। ਉਸ ਦੇ 2 ਬੇਟੇ ਦਿਨੇਸ਼ ਸਿੰਘ ਉਰਫ ਸੋਨੂੰ (ਮੁਲਜ਼ਮ ਵੱਡਾ ਬੇਟਾ) ਅਤੇ ਅਰੁਣ (24) (ਛੋਟਾ ਬੇਟਾ) ਹੈ। ਗੋਪਾਲ ਸਿੰਘ ਨਿੱਜੀ ਬੈਂਕ ਦੇ ਇਕ ਏ. ਟੀ. ਐੱਮ. 'ਚ ਪ੍ਰਾਈਵੇਟ ਸਕਿਓਰਿਟੀ ਗਾਰਡ ਵਜੋਂ ਕੰਮ ਕਰਦਾ ਹੈ। ਉਸ ਦਾ ਪੁੱਤਰ ਮੁਲਜ਼ਮ ਦਿਨੇਸ਼ ਸਿੰਘ ਸੋਨੂੰ ਤਾਲਾਬੰਦੀ ਤੋਂ ਪਹਿਲਾਂ ਨਿੱਜੀ ਕੰਪਨੀ 'ਚ ਕੰਮ ਕਰਦਾ ਸੀ। ਤਾਲਾਬੰਦੀ ਤੋਂ ਪਹਿਲਾਂ ਦਿਨੇਸ਼ ਕੰਮ ਕਰਦਾ ਸੀ ਪਰ ਉਸ ਦੇ ਬਾਅਦ ਆਰਥਿਕ ਮੰਦੀ ਕਾਰਣ ਉਸ ਦੀ ਨੌਕਰੀ ਚਲੀ ਗਈ। ਉਹ ਹੁਣ ਕੰਮ ਦੀ ਤਲਾਸ਼ ਕਰ ਰਿਹਾ ਸੀ।
ਇਹ ਵੀ ਪੜ੍ਹੋ : ਪਰਵਾਸੀ ਮਜ਼ਦੂਰਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਝੋਨਾ ਲਾਉਣ ਲਈ ਆ ਰਹੇ ਸੀ ਪੰਜਾਬ
ਘਰ 'ਚ ਵਿਹਲੇ ਬੈਠਣ ਨੂੰ ਲੈ ਕੇ ਬਾਪ-ਬੇਟੇ ਵਿਚ ਅਕਸਰ ਆਪਸੀ ਝਗੜਾ ਹੁੰਦਾ ਰਹਿੰਦਾ ਸੀ। ਬੀਤੇ ਦਿਨੀਂ ਦੋਵੇਂ ਬਾਪ-ਬੇਟਾ ਘਰ ਸਨ ਅਤੇ ਮੁਲਜ਼ਮ ਦੀ ਮਾਂ ਸਾਵਿਤਰੀ ਅਤੇ ਉਸ ਦੀ ਪਤਨੀ ਕੰਮ 'ਤੇ ਗਏ ਸਨ। ਕਰੀਬ 3.30 ਵਜੇ ਪਿਤਾ ਗੋਪਾਲ ਦੀ ਬੇਟੇ ਦੇ ਕੰਮ ਨਾ ਕਰਨ ਨੂੰ ਲੈ ਕੇ ਬਹਿਸ ਹੋ ਗਈ, ਗੁੱਸੇ ਵਿਚ ਆਏ ਬੇਟੇ ਨੇ ਲੋਹੇ ਦੀ ਰਾਡ ਨਾਲ ਸਿਰ 'ਤੇ 5-7 ਵਾਰ ਕੀਤੇ। ਪਿਤਾ ਖੂਨ ਨਾਲ ਲਥਪਥ ਹੋ ਕੇ ਡਿੱਗ ਗਿਆ ਅਤੇ ਚੀਕਾਂ ਮਾਰਨ ਲੱਗਾ। ਉਸ ਦੀ ਆਵਾਜ਼ ਬੰਦ ਕਰਨ ਲਈ ਬੇਟੇ ਨੇ ਘਰ ਦੇ ਸਟੋਰ ਤੋਂ ਆਰੀ ਲੈ ਕੇ ਆਇਆ ਅਤੇ ਉਸ ਦਾ ਗਲਾ 3 ਵਾਰ ਵੱਢ ਦਿੱਤਾ। ਪਿਤਾ ਦੀਆਂ ਚੀਕਾਂ ਸੁਣ ਕੇ ਗੁਆਂਢੀ ਬਾਹਰ ਆਏ ਅਤੇ ਖਿੜਕੀ ਤੋਂ ਅੰਦਰ ਗੋਪਾਲ ਦੀ ਲਾਸ਼ ਨੂੰ ਦੇਖ ਕੇ ਉਨ੍ਹਾਂ ਨੇ ਪੁਲਸ ਨੂੰ ਫੋਨ ਕਰ ਦਿੱਤਾ। ਪਿਤਾ ਦੀ ਹੱਤਿਆ ਕਰਨ ਦੇ ਬਾਅਦ ਬੇਟੇ ਨੇ ਮਾਂ ਅਤੇ ਪਤਨੀ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਨੇ ਪਿਤਾ ਦਾ ਕਤਲ ਕਰ ਦਿੱਤਾ ਹੈ।
'ਅੱਜ ਮੈਂ ਕੰਮ ਖਤਮ ਕਰ ਦਿੱਤਾ, ਰੋਜ਼-ਰੋਜ਼ ਦਾ ਕਲੇਸ਼ ਮੇਰੇ ਤੋਂ ਸਹਿਣ ਨਹੀਂ ਹੁੰਦਾ ਸੀ'
ਮਾਂ ਨੂੰ ਜਦ ਉਹ ਘਰ ਲੈ ਕੇ ਆਇਆ ਤਾਂ ਉਸ ਨੇ ਮਾਂ ਨੂੰ ਕਿਹਾ ਕਿ ਅੱਜ ਮੈਂ ਕੰਮ ਖਤਮ ਕਰ ਦਿੱਤਾ, ਰੋਜ਼-ਰੋਜ਼ ਦਾ ਕਲੇਸ਼ ਮੇਰੇ ਤੋਂ ਸਹਿਣ ਨਹੀਂ ਹੁੰਦਾ ਸੀ, ਜਿਸ ਦੇ ਬਾਅਦ ਉਸ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਘਰ ਆਉਣ ਲਈ ਕਿਹਾ। ਇਸ ਦੇ ਬਾਅਦ ਉਸ ਨੇ ਆਪਣੇ ਛੋਟੇ ਭਰਾ ਨੂੰ ਫੋਨ ਕਰਕੇ ਘਰ ਬੁਲਾਇਆ। ਕਰੀਬ 4.30 ਵਜੇ ਪੁਲਸ ਆਈ ਤਾਂ ਉਹ ਫਰਾਰ ਹੋਣ ਲੱਗਾ ਪਰ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਜਾਂਚ ਵਿਚ ਮੁਲਜ਼ਮ ਨੇ ਆਪਣਾ ਕਸੂਰ ਕਬੂਲ ਕਰ ਲਿਆ ਹੈ। ਥਾਣਾ ਰਾਮਾ ਮੰਡੀ ਦੇ ਐੱਸ. ਐੱਚ. ਓ. ਭਗਵੰਤ ਭੁੱਲਰ ਨੇ ਕਿਹਾ ਕਿ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਕੋਰਟ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਲੰਮੇ ਸਮੇਂ ਬਾਅਦ ਕਾਂਗਰਸ ਦੇ 'ਆਨਲਾਈਨ' ਮੰਚ 'ਤੇ ਗਰਜਣਗੇ ਸਿੱਧੂ, ਨਹੀਂ ਛੱਡਣਗੇ ਕਾਂਗਰਸ