ਪਤਨੀ ਨਾਲ ਹੋਏ ਝਗੜੇ ਮਗਰੋਂ ਸਹੁਰਿਆਂ ਵੱਲੋਂ ਜਵਾਈ ਦੀ ਕੁੱਟਮਾਰ, ਬੇਇੱਜ਼ਤੀ ਨਾ ਸਹਾਰਦੇ ਨੇ ਕੀਤੀ ਖ਼ੁਦਕੁਸ਼ੀ
Sunday, Apr 30, 2023 - 03:09 PM (IST)
 
            
            ਫਿਰੋਜ਼ਪੁਰ/ਗੁਰੂਹਰਸਹਾਏ (ਮਲਹੋਤਰਾ, ਸੁਨੀਲ ਵਿੱਕੀ) : ਆਪਣੀ ਪਤਨੀ ਅਤੇ ਸਹੁਰਿਆਂ ਵਲੋਂ ਕਿਸੇ ਗੱਲ ਨੂੰ ਲੈ ਕੇ ਕੀਤੀ ਗਈ ਕੁੱਟਮਾਰ ਤੋਂ ਬਾਅਦ ਨੌਜਵਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਲੱਖੋਕੇ ਬਹਿਰਾਮ ਪੁਲਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਉਸਦੀ ਪਤਨੀ, ਸੱਸ ਅਤੇ ਸਾਲਿਆਂ ਦੇ ਖ਼ਿਲਾਫ਼ ਕੁੱਟਮਾਰ ਕਰਨ ਅਤੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ’ਚ ਪਰਚਾ ਦਰਜ ਕਰ ਲਿਆ ਹੈ। ਇੰਸਪੈਕਟਰ ਬਚਨ ਸਿੰਘ ਦੇ ਅਨੁਸਾਰ ਸ਼ਵਿੰਦਰ ਕੌਰ ਨੇ ਬਿਆਨ ਦੇ ਦੱਸਿਆ ਕਿ ਚਾਰ ਦਿਨ ਪਹਿਲਾਂ ਉਹ ਆਪਣੀ ਸੱਸ ਬੀਬਾ ਰਾਣੀ, ਮੁੰਡੇ ਸੌਰਵ ਅਤੇ ਕੁੜੀ ਮੋਨਾ ਦੇ ਨਾਲ ਘਰ ਵਿਚ ਮੌਜੂਦ ਸੀ ਤਾਂ ਉਸਦੀ ਨੂੰਹ ਪਲਵਿੰਦਰ ਕੌਰ ਮੁੰਡੇ ਸੌਰਵ ਦੇ ਨਾਲ ਝਗੜਾ ਕਰਨ ਲੱਗ ਗਈ। ਪਲਵਿੰਦਰ ਕੌਰ ਨੇ ਆਪਣੇ ਪੇਕੇ ਘਰ ਫੋਨ ਕਰ ਦਿੱਤਾ, ਜਿਸ ਤੋਂ ਬਾਅਦ ਸੌਰਵ ਦੀ ਸੱਸ ਕਰਮਜੀਤ ਕੌਰ, ਸਾਲੇ ਦਿਲਬਾਗ ਸਿੰਘ ਅਤੇ ਪਿੱਪਲ ਸਿੰਘ ਉਨ੍ਹਾਂ ਦੇ ਘਰ ਆ ਗਏ ਅਤੇ ਸੌਰਵ ਦੀ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ- ਸ਼ਰਾਬੀ ਪੁੱਤ ਦੀ ਨਿੱਤ ਦੀ ਕੁੱਟਮਾਰ ਤੋਂ ਦੁਖ਼ੀ ਪਿਓ ਨੇ ਚੁੱਕਿਆ ਖ਼ੌਫ਼ਨਾਕ ਕਦਮ, ਅੱਕੇ ਨੇ ਪੁੱਤ ਦਾ ਹੀ ਕਰ ਦਿੱਤਾ ਕਤਲ
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੇ ਮੁੰਡੇ ਨੂੰ ਸਿਵਲ ਹਸਪਤਾਲ ਮਮਦੋਟ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਕਿਤੇ ਹੋਰ ਲੈ ਜਾਣ ਲਈ ਕਿਹਾ। ਜਦ ਉਹ ਹਸਪਤਾਲ ਤੋਂ ਬਾਹਰ ਨਿਕਲ ਰਹੇ ਸਨ ਤਾਂ ਸੌਰਵ ਨੇ ਆਪਣੇ ਸਹੁਰਿਆਂ ਦੀ ਕੁੱਟਮਾਰ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਲਈ। ਉਸ ਨੂੰ ਗੁਰੂਹਰਸਹਾਏ ਦੇ ਨਿੱਜੀ ਹਸਪਤਾਲ ਵਿਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਫਰੀਦਕੋਟ ਮੈਡੀਕਲ ਕਾਲਜ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਇੰਸਪੈਕਟਰ ਨੇ ਦੱਸਿਆ ਕਿ ਸੌਰਵ ਦੀ ਪਤਨੀ ਪਲਵਿੰਦਰ ਕੌਰ, ਸੱਸ ਕਰਮਜੀਤ ਕੌਰ, ਸਾਲੇ ਦਿਲਬਾਗ ਸਿੰਘ ਅਤੇ ਪਿੱਪਲ ਸਿੰਘ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ- ਲੁਧਿਆਣਾ ਗੈਸ ਲੀਕ ਮਾਮਲੇ 'ਤੇ CM ਮਾਨ ਦਾ ਟਵੀਟ, ਕਿਹਾ- ਹਰ ਸੰਭਵ ਮਦਦ ਪਹੁੰਚਾਈ ਜਾ ਰਹੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            