ਬਜ਼ੁਰਗ ਪਿਓ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਣ ਵਾਲੇ ਕੈਨੇਡਾ ਤੋਂ ਆਏ ਪੁੱਤ ਦੇ ਮਾਮਲੇ 'ਚ ਸਾਹਮਣੇ ਆਈ ਇਹ ਗੱਲ
Wednesday, Aug 30, 2023 - 06:57 PM (IST)
ਨਕੋਦਰ (ਪਾਲੀ) : ਨਕੋਦਰ ਦੀ ਪੁਰੇਵਾਲ ਕਾਲੋਨੀ ’ਚ ਬੀਤੇ ਦਿਨੀਂ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਕੁਝ ਮਹੀਨੇ ਪਹਿਲਾ ਕੈਨੇਡਾ ਤੋਂ ਆਏ ਪੁੱਤ ਨੇ ਆਪਣੇ ਬਜ਼ੁਰਗ ਪਿਤਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ। ਗੰਭੀਰ ਜ਼ਖਮੀ ਹਾਲਤ ’ਚ ਬਜ਼ੁਰਗ ਨੂੰ ਲੁਧਿਆਣਾ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਥਾਣਾ ਮੁਖੀ ਇੰਸ. ਬਲਜੀਤ ਸਿੰਘ, ਏ. ਐੱਸ. ਆਈ ਕੁਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜ਼ਖਮੀ ਬਜ਼ੁਰਗ ਦੀ ਪਛਾਣ ਹਰਜੀਤ ਸਿੰਘ ਵਾਸੀ ਪੁਰੇਵਾਲ ਕਾਲੋਨੀ ਵਜੋਂ ਹੋਈ ਹੈ।
ਮੁਹੱਲਾ ਵਾਸੀਆਂ ਨੇ ਦੱਸਿਆ ਕਿ ਬਜ਼ੁਰਗ ਹਰਜੀਤ ਸਿੰਘ ਆਪਣੀ ਪਤਨੀ ਨਾਲ ਰਹਿੰਦਾ ਹੈ। ਉਸ ਦਾ ਪੁੱਤਰ ਜੋ 2-3 ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀ। ਬਜ਼ੁਰਗ ਦੀ ਪਤਨੀ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰੀ ’ਚ ਰੱਖੜੀ ਬੰਨ੍ਹਣ ਗਈ ਹੋਈ ਸੀ।
ਇਹ ਵੀ ਪੜ੍ਹੋ : ਗਵਰਨਰ ਬਨਵਾਰੀ ਲਾਲ ਦਾ ਚੰਡੀਗੜ੍ਹ ਵਾਸੀਆਂ ਨੂੰ ਵੱਡਾ ਤੋਹਫ਼ਾ, ਉਲੰਪਿਕ ’ਚ ਮੈਡਲ ਜਿੱਤਣ ’ਤੇ ਮਿਲਣਗੇ 6 ਕਰੋੜ
ਘਰ ’ਚ ਪਿਓ-ਪੁੱਤ ਇਕੱਲੇ ਸਨ। ਬਜ਼ੁਰਗ ਪਤੀ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਬੀਮਾਰ ਸੀ। ਪੁੱਤ ਕੁਝ ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀ, ਜਿਸ ਦਾ ਆਪਣੀ ਪਤਨੀ ਨਾਲ ਡਿਸਪਿਊਟ ਚੱਲ ਰਿਹਾ ਹੈ। ਉੱਧਰ ਇਸ ਸਬੰਧੀ ਸਿਟੀ ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਹਮਲਾ ਕਰਨ ਉਪਰੰਤ ਘਰੋਂ ਫਰਾਰ ਹੋ ਗਿਆ, ਜਿਸ ਨੂੰ ਫੜਨ ਲਈ ਪੁਲਸ ਪਾਰਟੀ ਵੱਖ-ਵੱਖ ਥਾਵਾਂ ’ਤੇ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ। ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪਤਨੀ-ਬੱਚੇ ਵੀ ਛੱਡ ਚੁੱਕੇ ਹਨ
ਹਮਲਾ ਕਰਨ ਵਾਲੇ ਨੌਜਵਾਨ ਸੁਰਿੰਦਰ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਬੱਚੇ ਵੀ ਉਸ ਤੋਂ ਦੁੱਖੀ ਸਨ। ਉਹ ਵੀ ਉਸ ਨੂੰ ਛੱਡ ਕੇ ਵਿਦੇਸ਼ ’ਚ ਜਾ ਚੁੱਕੇ ਹਨ। ਪਹਿਲਾਂ ਉਸ ਦੀ ਪਤਨੀ ਉਸ ਨੂੰ ਵਿਦੇਸ਼ ਛੱਡ ਕੇ ਚਲੀ ਗਈ ਸੀ। ਫਿਰ ਬੱਚਿਆਂ ਨੇ ਵੀ ਉਸ ਦੀਆਂ ਹਰਕਤਾਂ ਕਾਰਨ ਉਸ ਨੂੰ ਛੱਡ ਦਿੱਤਾ। ਬਜ਼ੁਰਗ ਮਾਤਾ ਨੇ ਰੌਂਦੇ ਹੋਏ ਕਿਹਾ ਕਿ ਹੁਣ ਵਿਦੇਸ਼ ਤੋਂ ਆ ਕੇ ਉਹ ਆਪਣੇ ਬਿਮਾਰ ਪਿਤਾ ਦੀ ਸੇਵਾ ਕਰ ਰਿਹਾ ਸੀ। ਲੱਗਦਾ ਸੀ ਕਿ ਹੁਣ ਉਹ ਸੁਧਰ ਜਾਵੇਗਾ ਪਰ ਉਸ ਨੇ ਆਪਣੇ ਹੀ ਪਿਓ ’ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : 2 ਦਿਨ ਮਨਾਓ ਰੱਖੜੀ ਪਰ ਭਦਰਾ ਕਾਲ ਦੇ ਸਮੇਂ ਦਾ ਰੱਖੋ ਧਿਆਨ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8