ਮਾਲੇਰਕੋਟਲਾ ’ਤੇ ਸੋਮ ਪ੍ਰਕਾਸ਼ ਦੇ ਟਵੀਟ ਨੇ ਮਚਾਈ ਖਲਬਲੀ, ਕੈਪਟਨ ਦੀ ਥਾਪੜੀ ਪਿੱਠ

Monday, May 17, 2021 - 03:10 AM (IST)

ਮਾਲੇਰਕੋਟਲਾ ’ਤੇ ਸੋਮ ਪ੍ਰਕਾਸ਼ ਦੇ ਟਵੀਟ ਨੇ ਮਚਾਈ ਖਲਬਲੀ, ਕੈਪਟਨ ਦੀ ਥਾਪੜੀ ਪਿੱਠ

ਜਲੰਧਰ, (ਵਿਸ਼ੇਸ਼)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਈਦ ’ਤੇ ਸੂਬੇ ’ਚ 23ਵੇਂ ਜ਼ਿਲ੍ਹੇ ਦੇ ਤੌਰ ’ਤੇ ਮਾਲੇਰਕੋਟਲੇ ਦੇ ਨਾਂ ਦੀ ਘੋਸ਼ਣਾ ਕੀਤੀ। ਕੈਪਟਨ ਦੇ ਇਸ ਫੈਸਲੇ ਦੇ ਰਾਜਨੀਤਕ ਤੌਰ ’ਤੇ ਕੀ ਮਾਇਨੇ ਹਨ ਇਹ ਬਾਅਦ ਦੀ ਗੱਲ ਸੀ ਪਰ ਇਸ ਫੈਸਲੇ ’ਤੇ ਬਾਕੀ ਸਾਰੀਆਂ ਰਾਜਨੀਤਕ ਪਾਰਟੀਆਂ ਚੁੱਪ ਸਨ। ਇਸ ਤੋਂ ਪਹਿਲਾਂ ਕਿ ਰਾਜਨੀਤਕ ਦਲ ਇਸ ਮਸਲੇ ’ਤੇ ਕੁੱਝ ਕਹਿ ਪਾਉਂਦੇ। ਉਸ ਤੋਂ ਪਹਿਲਾਂ ਹੀ ਭਾਜਪਾ ਦੇ ਸੀਨੀਅਰ ਨੇਤਾ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਕ ਟਵੀਟ ਕਰ ਇਸ ਪੂਰੇ ਮਾਮਲੇ ’ਚ ਖਲਬਲੀ ਮਚਾ ਦਿੱਤੀ। ਯੋਗੀ ਨੇ ਆਪਣੇ ਟਵੀਟ ’ਚ ਲਿਖਿਆ ਕਿ ਮਤ ਅਤੇ ਮਜ਼ਹਬ ਦੇ ਆਧਾਰ ’ਤੇ ਕਿਸੇ ਤਰ੍ਹਾਂ ਦਾ ਫਰਕ ਭਾਰਤ ਅਤੇ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ। ਇਸ ਸਮੇਂ ਮਾਲੇਰਕੋਟਲਾ ਦਾ ਗਠਨ ਕੀਤਾ ਜਾਣਾ ਕਾਂਗਰਸ ਦੀ ਵੰਡ ਵਾਲੀ ਕਾਰਜਨੀਤੀ ਦਾ ਸੂਚਕ ਹੈ।
ਯੋਗੀ ਆਦਿਤਿਅਨਾਥ ਦੇ ਇਸ ਬਿਆਨ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੋਰਚਾ ਸੰਭਾਲਿਆ ਅਤੇ ਉਨ੍ਹਾਂ ਨੇ ਇਸ ਮਸਲੇ ’ਤੇ ਸਾਫ਼ ਕੀਤਾ ਕਿ ਯੋਗੀ ਆਦਿਤਿਅਨਾਥ ਇਸ ਮਾਮਲੇ ਨੂੰ ਬੇਵਜਾਹ ਕਿਸੇ ਧਰਮ ਨਾਲ ਜੋੜ ਰਹੇ ਹਨ। ਉਨ੍ਹਾਂ ਨੇ ਸਾਫ਼ ਕੀਤਾ ਕਿ ਪੰਜਾਬ ਦੇ ਸੱਭਿਆਚਾਰ ਜਾਂ ਮਾਲੇਰਕੋਟਲੇ ਦੇ ਇਤਹਾਸ ਬਾਰੇ ਯੋਗੀ ਜਾਣਦੇ ਹੀ ਕੀ ਹਨ? ਜਿਸ ਦਾ ਸਿੱਖ ਧਰਮ ਅਤੇ ਉਨ੍ਹਾਂ ਦੇ ਗੁਰਦੁਆਰਿਆਂ ਨਾਲ ਸਬੰਧ ਹੈ ਅਤੇ ਹਰ ਪੰਜਾਬੀ ਨੂੰ ਇਸ ਦੀ ਜਾਣਕਾਰੀ ਹੈ।

ਯੋਗੀ ਦਾ ਇਹ ਟਵੀਟ ਜਲਦਬਾਜ਼ੀ ’ਚ ਆਇਆ ਪਰ ਇਸ ਨੇ ਪੰਜਾਬ ਦੇ ਭਾਜਪਾ ਨੇਤਾਵਾਂ ਦਾ ਆਕਸੀਜਨ ਲੈਵਲ ਘਟਾਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਇਹ ਸਿੱਧੇ ਪੰਜਾਬ ਦੇ ਮੁਸਲਮਾਨ ਵੋਟ ਬੈਂਕ ਦੀ ਨਾਰਾਜ਼ਗੀ ਮੁੱਲ ਲੈਣ ਵਾਲੀ ਗੱਲ ਸੀ। ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਮੁਸਲਮਾਨ ਵੋਟ ਬੈਂਕ ’ਚ ਅੰਤਰ ਹੈ ਅਤੇ ਇਹ ਗੱਲ ਪੰਜਾਬ ਦੇ ਭਾਜਪਾ ਨੇਤਾ ਬਾਖੂਬੀ ਜਾਣਦੇ ਹਨ ਪਰ ਸ਼ਾਇਦ ਯੋਗੀ ਇਸ ਗੱਲ ਤੋਂ ਅਣਜਾਣ ਸਨ।

ਪੰਜਾਬ ਭਾਜਪਾ ਨੂੰ ਮਿਲੀ ਆਕਸੀਜਨ
ਇਸ ਮਾਮਲੇ ’ਚ ਇਕ ਹੋਰ ਟਵਿਸਟ ਉਸ ਸਮੇਂ ਆਇਆ ਜਦੋਂ ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਟਵੀਟ ਕੀਤੀ। ਸੋਮ ਪ੍ਰਕਾਸ਼ ਨੇ ਆਪਣੇ ਟਵੀਟ ’ਚ ਪਹਿਲਾਂ ਤਾਂ ਸੂਬੇ ਦੇ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਦੀ ਪਿੱਠ ਥਾਪੜੀ। ਸੋਮ ਪ੍ਰਕਾਸ਼ ਨੇ ਲਿਖਿਆ ਕਿ ਮਾਲੇਰਕੋਟਲਾ ਨੂੰ ਜ਼ਿਲਾ ਬਣਾਇਆ ਜਾਣਾ ਮਾਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਇਕ ਸੱਚੀ ਸ਼ਰਧਾਂਜਲੀ ਹੈ, ਜਿਨ੍ਹਾਂ ਨੇ 2 ਸਾਹਿਬਜ਼ਾਦਿਆਂ ਲਈ ਹਾਅ ਦਾ ਨਾਅਰਾ ਮਾਰਿਆ ਸੀ।

ਭਾਜਪਾ ਦੇ ਇਨ੍ਹਾਂ 2 ਵੱਖ-ਵੱਖ ਨੇਤਾਵਾਂ ਦੇ ਟਵੀਟ ਭਾਜਪਾ ਦਾ ਵੱਖ-ਵੱਖ ਚਿਹਰਾ ਵਿਖਾ ਰਹੇ ਹਨ। ਇਕ ਨੇਤਾ ਇਸ ’ਤੇ ਵਿਰੋਧ ਕਰ ਰਿਹਾ ਹੈ, ਜਦੋਂ ਕਿ ਦੂਜਾ ਇਸ ਮਸਲੇ ’ਤੇ ਮੁੱਖ ਮੰਤਰੀ ਦੀ ਪਿੱਠ ਥਾਪੜ ਰਿਹਾ ਹੈ। ਇਸ ਦੋਹਰੀ ਸੋਚ ’ਚ ਫਸੀ ਪੰਜਾਬ ਭਾਜਪਾ ਨੂੰ ਵੀ ਸ਼ਾਇਦ ਸਮਝ ਨਹੀਂ ਆ ਰਿਹਾ ਹੈ ਕਿ ਉਹ ਕਿਸ ਦਾ ਪੱਖ ਪੂਰੇ। ਇਸ ’ਚ ਸੋਮ ਪ੍ਰਕਾਸ਼ ਦਾ ਟਵੀਟ ਭਾਜਪਾ ਦੇ ਲੋਕਾਂ ਲਈ ਆਕਸੀਜਨ ਦਾ ਕੰਮ ਕਰ ਸਕਦਾ ਹੈ, ਕਿਉਂਕਿ ਮੁਸਲਮਾਨ ਵੋਟ ਬੈਂਕ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਅਹਿਮ ਸਥਾਨ ਰੱਖਦਾ ਹੈ। ਉਂਝ ਵੀ ਇਸ ਸਮੁਦਾਇ ਨੂੰ ਨਾਰਾਜ਼ ਕਰ ਕੇ ਭਾਜਪਾ ਪਹਿਲਾਂ ਹੀ ਬੁਰੀ ਹਾਲਤ ’ਚ ਹੈ, ਉਹ ਹੋਰ ਰਿਸਕ ਨਹੀਂ ਲੈਣਾ ਚਾਹੁੰਦੀ।


author

Bharat Thapa

Content Editor

Related News