ਆਸਾਮ ’ਚ ਦੇਸ਼ ਦੀ ਰੱਖਿਆ ਕਰਦਿਆਂ ਪੰਜਾਬ ਦਾ ਫ਼ੌਜੀ ਜਵਾਨ ਹੋਇਆ ਸ਼ਹੀਦ
Saturday, May 27, 2023 - 09:49 PM (IST)
ਪਟਿਆਲਾ (ਰਾਜੇਸ਼)-ਹਲਕਾ ਸਮਾਣਾ ਦੇ ਪਿੰਡ ਰੰਧਾਵਾ ਦਾ ਭਾਰਤੀ ਫ਼ੌਜ ’ਚ ਤਾਇਨਾਤ ਫ਼ੌਜੀ ਸਹਿਜਪਾਲ ਸਿੰਘ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਿਆ ਹੈ। ਸ਼ਹੀਦ ਫ਼ੌਜੀ ਸਿਰਫ 25 ਸਾਲ ਦਾ ਸੀ ਤੇ 2015 ’ਚ ਹੀ ਉਹ ਭਾਰਤੀ ਫ਼ੌਜ ’ਚ ਭਰਤੀ ਹੋਇਆ ਸੀ। ਉਸ ਦਾ 21 ਸਾਲ ਦਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ ਵੀ ਭਾਰਤੀ ਫ਼ੌਜ ’ਚ ਹੈ ਤੇ ਲੇਹ-ਲੱਦਾਖ ’ਚ ਡਿਊਟੀ ’ਤੇ ਤਾਇਨਾਤ ਹੈ। ਸ਼ਹੀਦ ਸਹਿਜਪਾਲ ਸਿੰਘ ਦੀ ਸ਼ਹਾਦਤ ਦੀ ਸੂਚਨਾ ਮਿਲਣ ’ਤੇ ਪੂਰੇ ਇਲਾਕੇ ’ਚ ਸੋਗ ਦਾ ਮਾਹੌਲ ਹੈ। ਇਲਾਕੇ ਦੇ ਵਿਧਾਇਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ।
ਇਹ ਖ਼ਬਰ ਵੀ ਪੜ੍ਹੋ : ਮਨੁੱਖੀ ਤਸਕਰੀ ਤੇ ਜਾਅਲੀ ਏਜੰਟਾਂ ਖ਼ਿਲਾਫ਼ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਜੌੜਾਮਾਜਰਾ ਨੇ ਕਿਹਾ ਕਿ ਸਮਾਣਾ ਦਾ ਇਹ ਸ਼ਹੀਦ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਇਆ ਹੈ। ਅੱਜ ਪੂਰਾ ਪੰਜਾਬ ਅਤੇ ਭਾਰਤ ਸ਼ਹੀਦ ਫ਼ੌਜੀ ਨੂੰ ਨਮਨ ਕਰਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ਹੀਦ ਨੂੰ ਨਮਨ ਕੀਤਾ ਹੈ। ਜਾਣਕਾਰੀ ਅਨੁਸਾਰ ਫ਼ੌਜੀ ਸਹਿਜਪਾਲ ਦੀ ਮ੍ਰਿਤਕ ਦੇਹ ਐਤਵਾਰ ਨੂੰ ਪਿੰਡ ਰੰਧਾਵਾ ਪਹੁੰਚੇਗੀ, ਜਿਸ ਤੋਂ ਬਾਅਦ ਫ਼ੌਜੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸ਼ਹੀਦ ਫ਼ੌਜੀ ਦੇ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਪਰਮਜੀਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ : 8ਵੀਂ ਪਾਸ ਕੈਫੇ ਮਾਲਕ ਨੇ ਕਰ ’ਤਾ ਵੱਡਾ ਕਾਂਡ, ਪੂਰਾ ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼