ਪੰਜਾਬ ''ਚ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ, ਕਿਸਾਨ ਫਸਲ ਵਾਹੁਣ ਨੂੰ ਮਜ਼ਬੂਰ

Monday, Jul 15, 2024 - 12:29 PM (IST)

ਪੰਜਾਬ ''ਚ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ, ਕਿਸਾਨ ਫਸਲ ਵਾਹੁਣ ਨੂੰ ਮਜ਼ਬੂਰ

ਚੰਡੀਗੜ੍ਹ : ਪੰਜਾਬ ਦੀ ਨਰਮਾ ਪੱਟੀ ਦੀ ਫਸਲ 'ਤੇ ਗੁਲਾਬੀ ਸੁੰਡੀ ਨੇ ਹਮਲਾ ਕੀਤਾ ਹੈ। ਨੌਬਤ ਇਥੋਂ ਤਕ ਆ ਆ ਗਈ ਹੈ ਕਿ ਕੁਝ ਕਿਸਾਨਾਂ ਵਲੋਂ ਫ਼ਸਲ ਤਕ ਵਾਹੁਣੀ ਪੈ ਗਈ ਹੈ। ਉਧਰ ਗੁਲਾਬੀ ਸੁੰਡੀ ਨੇ ਹਮਲੇ ਨੇ ਖੇਤੀ ਮਹਿਕਮੇ ਦੀ ਨੀਂਦ ਉਡਾ ਦਿੱਤੀ ਹੈ। ਹਾਲਾਂਕਿ, ਗੁਲਾਬੀ ਸੁੰਡੀ ਦਾ ਹਮਲਾ ਮਾਰੂ ਪੜਾਅ ਤੋਂ ਹੇਠਾਂ ਹੈ ਪਰ ਕਿਸਾਨਾਂ ਨੇ ਕੀਟਨਾਸ਼ਕਾਂ ਦਾ ਛਿੜਕਾਅ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਪਹਿਲੀ ਸੱਟ ਉਦੋਂ ਵੱਜੀ ਸੀ ਜਦੋਂ ਨਰਮੇ ਹੇਠਲਾ ਰਕਬਾ ਘੱਟ ਕੇ ਸਿਰਫ਼ 99,702 ਹੈਕਟੇਅਰ ਰਹਿ ਗਿਆ ਅਤੇ ਹੁਣ ਉੱਪਰੋਂ ਫ਼ਸਲ ਨੂੰ ਗੁਲਾਬੀ ਸੁੰਡੀ ਪੈ ਗਈ ਹੈ। ਰਾਜਸਥਾਨ ਤੇ ਹਰਿਆਣਾ ਵਿਚ ਗੁਲਾਬੀ ਸੁੰਡੀ ਨੇ ਕਾਫ਼ੀ ਫ਼ਸਲ ਪ੍ਰਭਾਵਿਤ ਕੀਤੀ ਹੈ। ਪੰਜਾਬ ਦੀ ਅੰਤਰ-ਰਾਜੀ ਸੀਮਾ ਨਾਲ ਲੱਗਦੇ ਪਿੰਡਾਂ ਨੂੰ ਅਗੇਤ ਵਿਚ ਹੀ ਗੁਲਾਬੀ ਸੁੰਡੀ ਨੇ ਝੰਬ ਦਿੱਤਾ ਹੈ। ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ, ਹਨੂੰਮਾਨਗੜ੍ਹ ਅਤੇ ਅਨੂਪਗੜ੍ਹ ਵਿਚ ਗੁਲਾਬੀ ਸੁੰਡੀ ਦੀ ਕਾਫ਼ੀ ਮਾਰ ਪਈ ਹੈ। ਮਿਲੇ ਵੇਰਵਿਆਂ ਅਨੁਸਾਰ ਅਬੋਹਰ ਖਿੱਤੇ ਵਿਚ ਨਰਮੇ ਦੀ ਅਗੇਤੀ ਫ਼ਸਲ ਗੁਲਾਬੀ ਸੁੰਡੀ ਤੋਂ ਕਾਫ਼ੀ ਪ੍ਰਭਾਵਿਤ ਹੋ ਰਹੀ ਹੈ।

ਫ਼ਾਜ਼ਿਲਕਾ ਵਿਚ ਕੁਝ ਕਿਸਾਨਾਂ ਵਲੋਂ ਗੁਲਾਬੀ ਸੁੰਡੀ ਦੇ ਹਮਲੇ ਮਗਰੋਂ ਆਪਣੀ ਫ਼ਸਲ ਵਾਹੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੀਟਨਾਸ਼ਕਾਂ ’ਤੇ ਮਹਿੰਗੇ ਖ਼ਰਚੇ ਕਰਨ ਦੀ ਹੁਣ ਪਹੁੰਚ ਨਹੀਂ ਰਹੀ। ਜਿਸ ਚੱਲਦੇ ਹੁਣ ਕੋਲ ਸਿਰਫ ਫ਼ਸਲ ਵਾਹੁਣਾ ਹੀ ਇਕੋ-ਇਕ ਰਾਹ ਬਚਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਦੇ ਪਿੰਡਾਂ ਵਿਚ ਅਜਿਹੇ ਹਾਲਾਤ ਬਣਨ ਲੱਗੇ ਹਨ। ਉਨ੍ਹਾਂ ਦੱਸਿਆ ਕਿ ਨਰਮਾ ਢਾਈ-ਢਾਈ ਫੁੱਟ ਦਾ ਹੋ ਗਿਆ ਹੈ ਅਤੇ ਫੁੱਲ ਪੈਣ ਦੇ ਨਾਲ ਹੀ ਗੁਲਾਬੀ ਸੁੰਡੀ ਦਿਖਣ ਲੱਗੀ ਹੈ। ਇਸੇ ਤਰ੍ਹਾਂ ਜ਼ਿਲ੍ਹਾ ਮਾਨਸਾ ਵਿਚ ਕਿਤੇ ਕਿਤੇ ਫ਼ਸਲਾਂ ਠੀਕ ਹਨ ਅਤੇ ਕਿਤੇ ਗੁਲਾਬੀ ਸੁੰਡੀ ਦਾ ਕਹਿਰ ਹੈ। ਚੇਤੇ ਰਹੇ ਕਿ ਪਿਛਲੇ ਸਾਲ ਵੀ ਗੁਲਾਬੀ ਸੁੰਡੀ ਕਾਰਨ ਫ਼ਸਲਾਂ ਪ੍ਰਭਾਵਿਤ ਹੋਈਆਂ ਸਨ। ਪੰਜਾਬ ਦੀ ਨਰਮਾ ਪੱਟੀ ਨੂੰ ਕਦੇ ਚਿੱਟੀ ਮੱਖੀ ਅਤੇ ਕਦੇ ਗੁਲਾਬੀ ਸੁੰਡੀ ਦੀ ਮਾਰ ਝੱਲਣੀ ਪਈ ਹੈ। ਸਾਲ 2015 ਵਿਚ ਤਾਂ ਚਿੱਟੀ ਮੱਖੀ ਨੇ ਪੂਰੀ ਫ਼ਸਲ ਹੀ ਤਬਾਹ ਕਰ ਦਿੱਤੀ ਸੀ। ਇਨ੍ਹਾਂ ਸੰਕਟਾਂ ਦੀ ਬਦੌਲਤ ਪੰਜਾਬ ਵਿਚ ਨਰਮੇ ਹੇਠਲਾ ਰਕਬਾ ਲਗਾਤਾਰ ਘੱਟ ਰਿਹਾ ਹੈ। ਸਾਲ 1990-91 ਵਿਚ ਰਿਕਾਰਡ ਰਕਬਾ 7.01 ਲੱਖ ਹੈਕਟੇਅਰ ਨਰਮੇ ਦੀ ਬਿਜਾਈ ਹੇਠ ਸੀ ਜੋ ਕਿ ਹੁਣ ਘੱਟ ਕੇ 96 ਹਜ਼ਾਰ ਹੈਕਟੇਅਰ ’ਤੇ ਆ ਗਿਆ ਹੈ।


author

Gurminder Singh

Content Editor

Related News