ਮਾਲਵਿਕਾ ਸੂਦ ਕੰਪਿਊਟਰ ਇੰਜੀਨੀਅਰ ਤੋਂ ਬਣੀ ਸਮਾਜ ਸੇਵੀ, ਹੁਣ ਕਾਂਗਰਸ 'ਚ ਐਂਟਰੀ ਦੇ ਸਫ਼ਰ ਦੀ ਜਾਣੋ ਪੂਰੀ ਕਹਾਣੀ

Tuesday, Jan 11, 2022 - 11:26 AM (IST)

ਮਾਲਵਿਕਾ ਸੂਦ ਕੰਪਿਊਟਰ ਇੰਜੀਨੀਅਰ ਤੋਂ ਬਣੀ ਸਮਾਜ ਸੇਵੀ, ਹੁਣ ਕਾਂਗਰਸ 'ਚ ਐਂਟਰੀ ਦੇ ਸਫ਼ਰ ਦੀ ਜਾਣੋ ਪੂਰੀ ਕਹਾਣੀ

ਮੋਗਾ (ਬਿਊਰੋ) - ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੇ ਬੀਤੇ ਦਿਨੀਂ ਕਾਂਗਰਸ ਦਾ ਪੱਲਾ ਫੜ੍ਹਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜ਼ੂਦਗੀ 'ਚ ਮਾਲਵਿਕਾ ਸੂਦ ਸੱਚਰ ਕਾਂਗਰਸ 'ਚ ਸ਼ਾਮਲ ਹੋਈ। ਇਸ ਖ਼ਾਸ ਮੌਕੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮਾਲਵਿਕਾ ਸੂਦ ਨੂੰ ਮੋਗਾ ਤੋਂ ਪਾਰਟੀ ਟਿਕਟ ਦਿੱਤੀ ਜਾਵੇਗੀ ਅਤੇ ਹਲਕਾ ਵਿਧਾਇਕ ਡਾ. ਹਰਜੋਤ ਕਮਲ ਨੂੰ ਕਿਸੇ ਹੋਰ ਜਗ੍ਹਾ 'ਤੇ ਐਡਜਸਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ 24 ਕੈਰੇਟ ਸੋਨੇ ਦੀ ਤਰ੍ਹਾਂ ਖਰੀ ਹੈ ਅਤੇ ਇਸੇ ਕਾਰਨ ਹੀ ਚੰਗੇ ਲੋਕ ਕਾਂਗਰਸ 'ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਲ 'ਚ ਅਦਾਕਾਰ ਸੋਨੂੰ ਸੂਦ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੇ ਜੋ ਸਮਾਜ ਦੀ ਸੇਵਾ ਕੀਤੀ ਹੈ, ਉਹ ਆਪਣੇ ਆਪ 'ਚ ਮਿਸਾਲ ਹੈ। ਇਨ੍ਹਾਂ ਦੇ ਪਾਰਟੀ 'ਚ ਸ਼ਾਮਲ ਹੋਣ ਨਾਲ ਮੋਗਾ ਹੀ ਨਹੀਂ ਸਗੋ ਆਲੇ-ਦੁਆਲੇ ਵੀ ਪਾਰਟੀ ਨੂੰ ਲਾਭ ਮਿਲੇਗਾ। ਮਾਲਵਿਕਾ ਨੂੰ ਪਾਰਟੀ 'ਚ ਪੂਰਾ ਮਾਨ-ਸਨਮਾਨ ਦਿੱਤਾ ਜਾਵੇਗਾ। 

PunjabKesari

ਦੱਸਿਆ ਜਾ ਰਿਹਾ ਸੀ ਕਿ ਮਾਲਵਿਕਾ ਪਾਰਟੀ 'ਚ ਸ਼ਾਮਲ ਤਾਂ ਪਹਿਲਾਂ ਹੀ ਹੋ ਗਈ ਸੀ, ਸਿਰਫ਼ ਅਧਿਕਾਰਤ ਐਲਾਨ ਹੋਣਾ ਬਾਕੀ ਸੀ। ਹੁਣ ਤੁਸੀਂ ਇਹ ਸੋਚੋਗੇ ਕਿ ਮਾਲਵਿਕਾ ਸੂਦ ਸੱਚਰ ਆਖ਼ਿਰ ਕੌਣ ਹੈ? ਉਹ ਪਹਿਲਾਂ ਕਿੱਥੇ ਸੀ ਅਤੇ ਉਸ ਨੇ ਕੀ ਕੀਤਾ ਹੈ?

ਕੋਰੋਨਾ ਦੌਰਾਨ ਵੀ ਸੋਨੂ ਸੂਦ ਕੀਤੀ ਸੀ ਲੋਕਾਂ ਦੀ ਸੇਵਾ : ਨਵਜੋਤ ਸਿੱਧੂ
ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਦੇਸ਼ ਅੰਦਰ ਭਿਆਨਕ ਬਿਮਾਰੀ ਕੋਰੋਨਾ ਚੱਲੀ ਹੋਈ ਸੀ ਤਾਂ ਸੋਨੂੰ ਸੂਦ ਨੇ ਲੋਕਾਂ ਦੀ ਮੁੱਲਾਂਪੁਰ ਰਾਹਤ ਸੇਵਾ ਕੀਤੀ ਅਤੇ ਹੁਣ ਉਨ੍ਹਾਂ ਦੀ ਪਹਿਲ ਵੀ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਕੇ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਕੇ ਦਿਨ ਰਾਤ ਸੇਵਾ ਕਰੇਗੀ।

PunjabKesari

ਦਿਨ-ਰਾਤ ਲੋਕਾਂ ਦੀ ਸੇਵਾ 'ਚ ਰਹਾਂਗੀ ਹਾਜ਼ਰ : ਮਾਲਵਿਕਾ ਸੂਦ
ਇਸ ਮੌਕੇ ਮਲਵਿਕਾ ਸੂਦ ਨੇ ਸੀ. ਐੱਮ. ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਇਨ੍ਹਾਂ ਵੱਲੋਂ ਮੈਨੂੰ ਕਾਂਗਰਸ ਪਾਰਟੀ ਦੀ ਸੇਵਾ ਸੌਂਪੀ ਹੈ, ਮੈਂ ਉਸ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਵਾਂਗੀ। ਉਨ੍ਹਾਂ ਕਿਹਾ ਕਿ ਹਲਕਾ ਮੋਗਾ ਅੰਦਰ ਕਿਸੇ ਵੀ ਵਰਕਰ ਨੂੰ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਪੈਂਦੀ ਹੈ ਜਾਂ ਉਸ ਨੂੰ ਕੋਈ ਰਾਤ ਨੂੰ ਵੀ ਆਵਾਜ਼ ਮਾਰੇਗਾ ਤਾਂ ਉਹ ਉਨ੍ਹਾਂ ਦੀ ਸੇਵਾ 'ਚ ਦਿਨ ਰਾਤ ਤਿਆਰ ਰਹੇਗੀ।

ਕੌਣ ਹੈ ਮਾਲਵਿਕਾ ਸੂਦ ਸੱਚਰ
ਮਾਲਵਿਕਾ ਸੂਦ ਸੱਚਰ ਤਿੰਨ ਭੈਣ-ਭਰਾਵਾਂ 'ਚੋਂ ਸਭ ਤੋਂ ਛੋਟੀ ਹੈ। 38 ਸਾਲਾ ਮਾਲਵਿਕਾ ਪਿਛਲੇ ਲੰਬੇ ਸਮੇਂ ਤੋਂ ਮੋਗਾ ਸ਼ਹਿਰ 'ਚ ਸਮਾਜ ਸੇਵੀ ਕੰਮ ਕਰ ਰਹੀ ਹੈ। ਸੋਨੂੰ ਸੂਦ ਦੀ ਵੱਡੀ ਭੈਣ ਮੋਨਿਕਾ ਸ਼ਰਮਾ ਫਾਰਮਾਸਿਊਟੀਕਲ ਸੈਕਟਰ ਨਾਲ ਜੁੜੀ ਹੋਈ ਹੈ ਅਤੇ ਉਹ ਅਮਰੀਕਾ 'ਚ ਹੀ ਰਹਿੰਦੀ ਹੈ। ਮਾਲਵਿਕਾ ਦੇ ਪਿਤਾ ਅਤੇ ਮਾਂ ਹੁਣ ਇਸ ਦੁਨੀਆ 'ਚ ਨਹੀਂ ਰਹੇ। ਕੰਪਿਊਟਰ ਇੰਜੀਨੀਅਰ ਮਾਲਵਿਕਾ ਮੋਗਾ 'ਚ ਇੱਕ ਕੋਚਿੰਗ ਸੈਂਟਰ ਚਲਾਉਂਦੀ ਹੈ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਅੰਗਰੇਜ਼ੀ ਸਿਖਾਉਂਦੀ ਹੈ। ਉਸ ਦਾ ਵਿਆਹ ਗੌਤਮ ਸੱਚਰ ਨਾਲ ਹੋਇਆ ਹੈ। ਕੋਰੋਨਾ ਕਾਲ ਦੌਰਾਨ ਮਾਲਵਿਕਾ ਨੇ ਗਰੀਬ ਵਿਦਿਆਰਥੀਆਂ ਲਈ ਮੁਫਤ ਆਨਲਾਈਨ ਕਲਾਸਾਂ ਚਲਾਈਆਂ ਸਨ।

PunjabKesari

ਪਿਛਲੇ 6 ਮਹੀਨੇ ਤੋਂ ਚੱਲ ਰਿਹਾ ਸਸਪੈਂਸ ਦੂਰ
ਮਾਲਵਿਕਾ ਸੂਦ ਦੇ ਚੋਣ ਲੜਨ ਦਾ ਐਲਾਨ ਪਿਛਲੇ 6 ਮਹੀਨੇ ਪਹਿਲਾਂ ਹੀ ਸੋਨੂੰ ਸੂਦ ਵਲੋਂ ਕਰ ਦਿੱਤਾ ਗਿਆ ਸੀ ਪਰ ਕਿਹੜੀ ਪਾਰਟੀ ਤੋਂ ਚੋਣ ਲੜ ਰਹੀ ਹੈ ਇਸ 'ਤੇ ਸਸਪੈਂਸ ਬਣਿਆ ਹੋਇਆ ਸੀ। ਇਹ ਸਸਪੈਂਸ ਬੀਤੇ ਦਿਨ ਖ਼ਤਮ ਹੋ ਗਿਆ।
ਦੱਸ ਦਈਏ ਕਿ ਸੋਨੂੰ ਸੂਦ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ, ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲੇ ਸਨ ਪਰ ਇਹ ਸਾਫ਼ ਨਹੀਂ ਸੀ ਕਿ ਉਨ੍ਹਾਂ ਦੀ ਭੈਣ ਕਿਹੜੀ ਪਾਰਟੀ ਤੋਂ ਚੋਣ ਲੜ ਰਹੀ ਹੈ।

PunjabKesari

ਮੋਗਾ ਸ਼ਹਿਰ ਤੋਂ ਕਿਉਂ ਮਿਲ ਸਕਦੀ ਹੈ ਟਿਕਟ?
ਮਾਲਵਿਕਾ ਸੂਦ ਦੇ ਪਾਰਟੀ 'ਚ ਆਉਣ ਨਾਲ ਕਾਂਗਰਸ ਨੂੰ ਨਾ ਸਿਰਫ ਮੋਗਾ ਸ਼ਹਿਰੀ ਸੀਟ 'ਤੇ ਇਸ ਦਾ ਫਾਇਦਾ ਮਿਲੇਗਾ ਸਗੋਂ ਇਸ ਦਾ ਅਸਰ ਧਰਮਕੋਟ, ਨਿਹਾਲਸਿੰਘ ਵਾਲਾ ਦੀਆਂ ਸੀਟਾਂ 'ਤੇ ਵੀ ਪੈ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਮਾਲਵਿਕਾ ਸੂਦ ਸਮਾਜ ਸੇਵਾ 'ਚ ਸਰਗਰਮ ਰਹਿੰਦੀ ਹੈ।

ਲੋੜਵੰਦ ਵਿਦਿਆਰਥੀਆਂ ਨੂੰ ਵੰਡੇ ਸਾਈਕਲ
ਮਾਲਵਿਕਾ ਨੇ ਹਾਲ ਹੀ 'ਚ ਮੋਗਾ 'ਚ 1000 ਵਿਦਿਆਰਥੀਆਂ ਨੂੰ ਸਾਈਕਲ ਵੰਡੇ ਸਨ। ਇਸ ਦੌਰਾਨ ਸੋਨੂੰ ਸੂਦ ਵੀ ਭੈਣ ਮਾਲਵਿਕਾ ਨਾਲ ਮੌਜੂਦ ਰਹੇ ਸਨ। ਸੋਨੂੰ ਸੂਦ ਨੂੰ ਪੰਜਾਬ ਦੇ ਸਟੇਟ ਆਈਕਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਹਾਲਾਂਕਿ, ਸੋਨੂੰ ਸੂਦ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਹ ਅਹੁਦਾ ਆਪਣੀ ਮਰਜ਼ੀ ਨਾਲ ਛੱਡਿਆ ਹੈ, ਕਿਉਂਕਿ ਉਨ੍ਹਾਂ ਦੇ ਪਰਿਵਾਰ ਦਾ ਇੱਕ ਮੈਂਬਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਜਾ ਰਿਹਾ ਹੈ।

PunjabKesari

ਸੋਨੂੰ ਸੂਦ ਨੇ ਰਾਜਨੀਤੀ 'ਚ ਆਉਣ ਤੋਂ ਕੀਤੀ ਤੌਬਾ
ਸੋਨੂੰ ਸੂਦ ਦੇ ਰਾਜਨੀਤੀ 'ਚ ਸਰਗਰਮ ਹੋਣ ਦੀਆਂ ਖ਼ਬਰਾਂ ਕਾਫ਼ੀ ਸਮੇਂ ਤੋਂ ਸੁਰਖੀਆਂ 'ਚ ਸਨ। ਉਹ ਮੋਗਾ 'ਚ ਕਈ ਸਮਾਜ ਸੇਵੀ ਪ੍ਰੋਗਰਾਮਾਂ 'ਚ ਹਿੱਸਾ ਲੈਂਦੇ ਵੀ ਨਜ਼ਰ ਆ ਚੁੱਕੇ ਹਨ। ਹਾਲਾਂਕਿ ਸੋਨੂੰ ਸੂਦ ਨੇ ਖ਼ੁਦ ਰਾਜਨੀਤੀ 'ਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਆਪਣੀ ਭੈਣ ਨੂੰ ਅੱਗੇ ਵਧਾਇਆ ਹੈ। ਇਸ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਫ਼ਿਲਮ ਅਦਾਕਾਰ ਸੋਨੂੰ ਸੂਦ ਦੀ ਪੰਜਾਬ ਦੇ 'ਸਟੇਟ ਆਈਕਨ' ਵਜੋਂ ਨਿਯੁਕਤੀ ਰੱਦ ਕਰ ਦਿੱਤੀ ਸੀ। ਸੋਨੂੰ ਸੂਦ ਨੂੰ ਇੱਕ ਸਾਲ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦਾ ਆਈਕਨ ਬਣਾਇਆ ਗਿਆ ਸੀ। 

PunjabKesari


author

sunita

Content Editor

Related News