ਸੋਸ਼ਲ ਮੀਡੀਆ ’ਤੇ ਵੀਡੀਓ ਪਾਉਣੀ ਪਈ ਮਹਿੰਗੀ 4 ਨੌਜਵਾਨਾਂ ’ਤੇ ਪਾਣੀ ਦੂਸ਼ਿਤ ਕਰਨ ਦਾ ਮਾਮਲਾ ਦਰਜ

Friday, Jul 27, 2018 - 03:29 AM (IST)

ਸੋਸ਼ਲ ਮੀਡੀਆ ’ਤੇ ਵੀਡੀਓ ਪਾਉਣੀ ਪਈ ਮਹਿੰਗੀ 4 ਨੌਜਵਾਨਾਂ ’ਤੇ ਪਾਣੀ ਦੂਸ਼ਿਤ ਕਰਨ ਦਾ ਮਾਮਲਾ ਦਰਜ

ਤਲਵੰਡੀ ਸਾਬੋ(ਮੁਨੀਸ਼)- ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਤੰਗਰਾਲੀ ਵਿਖੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ  ’ਤੇ ਵੀਡੀਓ ਬਣਾ ਕੇ ਪਾਉਣਾ ਉਸ ਸਮੇਂ ਮਹਿੰਗਾ ਪਿਆ, ਜਦੋਂ ਪੁਲਸ ਨੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ  ਪਿੰਡ ਤੰਗਰਾਲੀ ਵਿਖੇ ਚਾਰ ਨੌਜਵਾਨਾਂ ਨੇ ਆਪਣੇ ਖੇਤ ਵਿਚ ਲੱਗੇ ਟਿਊਬਵੈੱਲ  ਵਿਚ ਹੀ ਯੂਰੀਆ ਖਾਦ ਪਾ ਕੇ ਨਵੀਂ ਤਕਨੀਕ ਕਿਸਾਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਦੱਸਣ ਲਈ ਵੀਡੀਓ ਵਾਇਰਲ ਕਰ ਦਿੱਤੀ ਪਰ  ਇਸ ਤਕਨੀਕ ਨਾਲ ਧਰਤੀ ਹੇਠਲਾਂ ਪਾਣੀ ਦੂਸ਼ਿਤ ਹੋ ਰਿਹਾ ਸੀ ਤੇ ਯੂਰੀਆ ਖਾਦ ਸਿੱਧੀ ਧਰਤੀ ਹੇਠਲੇ ਪਾਣੀ ਵਿਚ ਜਾ ਰਹੀ ਸੀ। ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਇਸ ਦੀ ਸ਼ਿਕਾਇਤ ਬਰਿੰਦਰ ਸਿੰਘ ਡੀ. ਐੱਸ. ਪੀ. ਤਲਵੰਡੀ ਸਾਬੋ ਨੂੰ ਕੀਤੀ, ਜਿਨ੍ਹਾਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਸ਼ੁਰੂ ਕਰ ਕੇ ਚਾਰੇ ਨੌਜਵਾਨਾਂ  ਨੂੰ ਹਿਰਾਸਤ ਵਿਚ ਲੈ ਲਿਆ। ਉਧਰ ਦੂਜੇ ਪਾਸੇ ਨੌਜਵਾਨਾਂ ਨੇ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਉਨ੍ਹਾਂ ਦਾ ਟਿਊਬਵੈੱਲ  ਬੰਦ ਸੀ, ਜਿਸ ਕਰ ਕੇ ਉਨ੍ਹਾਂ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਇਸ ਵਿਚ ਯੂਰੀਆ ਖਾਦ ਪਾ ਦਿਉ, ਜਿਸ ਨਾਲ ਇਹ ਚੱਲ ਪਵੇਗਾ ਉਨ੍ਹਾਂ ਇੰਝ ਹੀ ਕੀਤਾ। ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਹ ਵਿਧੀ ਨਾ ਅਪਣਾਉਣ।
ਕੀ ਕਹਿਣੈ ਡੀ. ਐੱਸ. ਪੀ. ਤਲਵੰਡੀ ਸਾਬੋ ਦਾ
ਡੀ. ਐੱਸ. ਪੀ. ਗਿੱਲ ਨੇ ਦੱਸਿਆ ਕਿ ਕਥਿਤ  ਮਲਜ਼ਮ ਚਾਰੇ ਨੌਜਵਾਨ ਅਮਨਦੀਪ ਸਿੰਘ, ਕੁਲਵਿੰਦਰ ਸਿੰਘ , ਬਖਸ਼ੀਸ਼ ਸਿੰਘ ਵਾਸੀ ਤੰਗਰਾਲੀ ਅਤੇ ਵਿਸ਼ਨਪਾਲ ਸਿੰਘ ਵਾਸੀ ਮਲਕਾਣਾ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਚਾਰੇ   ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਜ਼ਮਾਨਤ  ’ਤੇ ਰਿਹਾਅ ਕਰ ਦਿੱਤਾ ਹੈ।
 


Related News