ਸਿਆਸਤ ''ਚ ਵੱਡੀਆਂ ਮੱਲਾਂ ਮਾਰਨ ਵਾਲੇ ਵੱਡੇ ਬਾਦਲ ਸੋਸ਼ਲ ਮੀਡੀਆ ਤੋਂ ਕੋਹਾਂ ਦੂਰ
Wednesday, Apr 10, 2019 - 06:32 PM (IST)

ਜਲੰਧਰ : ਅੱਜ ਦੇ ਦੌਰ 'ਚ ਜਦੋਂ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤੇ ਬਿਨਾਂ ਲੀਡਰਾਂ ਦਾ ਚੋਣ ਜਿੱਤਣਾ ਲਗਭਗ ਅਸੰਭਵ ਮੰਨਿਆ ਜਾਂਦਾ ਹੈ, ਉਸ ਦੌਰ 'ਚ 70 ਸਾਲ ਦੇ ਸਿਆਸੀ ਤਜ਼ਰਬੇ ਵਾਲੇ 92 ਸਾਲਾ ਪ੍ਰਕਾਸ਼ ਸਿੰਘ ਬਾਦਲ ਦਾ ਨਾ ਤਾਂ ਫੇਸਬੁਕ ਅਤੇ ਨਾ ਹੀ ਟਵਿੱਟਰ 'ਤੇ ਕੋਈ ਅਕਾਊਂਟ ਹੈ। ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਅਜੇ ਵੀ ਸੋਸ਼ਲ ਮੀਡੀਆ ਤੋਂ ਦੂਰ ਹੀ ਹਨ ਜਦਕਿ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਫੇਸਬੁਕ, ਟਵਿੱਟਰ 'ਤੇ ਪੂਰੀ ਤਰ੍ਹਾਂ ਸਰਗਰਮ ਰਹਿੰਦੇ ਹਨ।
ਇਸ ਤੋਂ ਇਲਾਵਾ ਵੱਡੇ ਬਾਦਲ ਦੇ ਨਾਂ 'ਤੇ ਕੁਝ ਕਥਿਤ ਅਕਾਊਂਟ ਜ਼ਰੂਰ ਚੱਲ ਰਹੇ ਹਨ, ਜਿਨ੍ਹਾਂ ਵਿਚ ਚੁਟਕਲੇ ਅਤੇ ਵਿਅੰਗ ਕਰਕੇ ਟਵੀਟ ਕੀਤੇ ਗਏ ਹਨ। 2014 ਤੋਂ ਬਾਅਦ ਸਾਰੇ ਵੱਡੇ ਲੀਡਰ ਸੋਸ਼ਲ ਮੀਡੀਆ 'ਤੇ ਜ਼ਿਆਦਾ ਸਰਗਰਮ ਹਨ। ਮਹਿਲਾ ਲੀਡਰਾਂ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਸਰਗਰਮ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹਨ।
ਕੈਪਟਨ ਤੇ ਸੁਖਬੀਰ ਤੋਂ ਵੱਧ ਸਿੱਧੂ ਦੇ ਫਾਲੋਅਰਸ
ਇਸ ਤੋਂ ਇਲਾਵਾ ਕ੍ਰਿਕਟਰ ਤੋਂ ਸਿਆਸੀ ਲੀਡਰ ਬਣੇ ਨਵਜੋਤ ਸਿੰਘ ਸਿੱਧੂ ਟਵਿੱਟਰ 'ਤੇ ਪੂਰੀ ਤਰ੍ਹਾਂ ਛਾਏ ਹੋਏ ਹਨ। ਲਗਭਗ ਚਾਰ ਮਹੀਨਿਆਂ ਤੋਂ ਟਵਿੱਟਰ 'ਤੇ ਸਰਗਰਮ ਨਵਜੋਤ ਸਿੱਧੂ ਨੂੰ ਸ਼ੁੱਕਰਵਾਰ ਤਕ 5 ਲੱਖ ਤੋਂ ਵੱਧ ਲੋਕਾਂ ਨੇ ਫਾਲੋ ਕੀਤਾ। ਸਿੱਧੂ ਦੇ ਟਵਿੱਟਰ 'ਤੇ 5 ਲੱਖ 85 ਹਜ਼ਾਕ ਫੈਨ ਹਨ। ਜਦਕਿ 2011 ਵਿਚ ਟਵਿੱਟਰ 'ਤੇ ਸ਼ਮੂਲੀਅਤ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ 5 ਲੱਖ 14 ਹਜ਼ਾਰ ਲੋਕਾਂ ਨੇ ਫਾਲੋ ਕੀਤਾ ਹੈ। ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੀਜੇ ਨੰਬਰ 'ਤੇ ਹਨ, ਸੁਖਬੀਰ ਨੂੰ 3 ਲੱਖ 31 ਹਜ਼ਾਰ ਲੋਕਾਂ ਨੇ ਫਾਲੋ ਕੀਤਾ ਹੈ। ਜਦਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਸਟਾਰ ਪ੍ਰਚਾਰਕ ਭਗਵੰਤ ਮਾਨ ਨੂੰ 2 ਲੱਖ 84 ਹਜ਼ਾਰ ਲੋਕਾਂ ਨੇ ਫਾਲੋ ਕੀਤੇ ਹੈ ਅਤੇ ਉਹ ਚੌਥੇ ਨੰਬਰ 'ਤੇ ਹਨ।