ਸੋਸ਼ਲ ਮੀਡੀਆ ''ਤੇ ਬਣੀ ਗਰਲਫ੍ਰੈਂਡ ਦੇ ਸੱਦੇ ''ਤੇ ਮਿਲਣ ਆਏ ਨੌਜਵਾਨ ''ਤੇ ਜਾਨਲੇਵਾ ਹਮਲਾ

Sunday, Nov 17, 2019 - 12:04 PM (IST)

ਸੋਸ਼ਲ ਮੀਡੀਆ ''ਤੇ ਬਣੀ ਗਰਲਫ੍ਰੈਂਡ ਦੇ ਸੱਦੇ ''ਤੇ ਮਿਲਣ ਆਏ ਨੌਜਵਾਨ ''ਤੇ ਜਾਨਲੇਵਾ ਹਮਲਾ

ਅਬੋਹਰ (ਸੁਨੀਲ) - ਸੋਸ਼ਲ ਮੀਡੀਆ ਰਾਹੀਂ ਜਿਥੇ ਹੁਣ ਤੱਕ ਦੂਰ-ਦੁਰਾਡੇ ਦੇ ਦੇਸ਼ਾਂ 'ਚ ਰਹਿੰਦੇ ਲੋਕ ਇਕ-ਦੂਜੇ ਦੇ ਨਾ ਸਿਰਫ ਦੋਸਤ ਸਗੋਂ ਜੀਵਨ ਸਾਥੀ ਬਣ ਚੁੱਕੇ ਹਨ, ਉਥੇ ਹੀ ਇਸ ਦੀ ਵਰਤੋਂ ਕਾਰਨ ਕਈ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਚੁੱਕੀਆਂ ਹਨ। ਅਜਿਹਾ ਇਕ ਮਾਮਲਾ ਬੀਤੀ ਸ਼ਾਮ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਸੋਸ਼ਲ ਮੀਡੀਆ 'ਤੇ ਬਣੀ ਇਕ ਮਹਿਲਾ ਦੋਸਤ ਦੇ ਸੱਦੇ 'ਤੇ ਫਾਜ਼ਿਲਕਾ ਵਾਸੀ ਇਕ ਨੌਜਵਾਨ ਅਬੋਹਰ 'ਚ ਉਸ ਨੂੰ ਮਿਲਣ ਗਿਆ। ਗਰਲਫ੍ਰੈਂਡ ਦੀ ਥਾਂ ਉਥੇ ਖੜ੍ਹੇ ਕਰੀਬ ਅੱਧੀ ਦਰਜਨ ਤੋਂ ਨੌਜਵਾਨਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਅੱਧਮਰਾ ਕਰਕੇ ਸੁੱਟ ਦਿੱਤਾ। ਮੌਕੇ 'ਤੇ ਮੌਜੂਦ ਇਕੱਠੇ ਹੋਏ ਲੋਕਾਂ ਨੇ ਉਸ ਅੱਧਮਰੀ ਹਾਲਾਤ 'ਚ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ, ਜਿਥੋਂ ਉਸ ਨੂੰ ਕਿਸੇ ਹੋਰ ਹਸਪਤਾਲ ਰੈਫਰ ਕਰ ਦਿੱਤਾ।

ਜਾਣਕਾਰੀ ਅਨੁਸਾਰ ਫਾਜ਼ਿਲਕਾ ਵਾਸੀ ਅਤੇ ਆਈ. ਟੀ. ਆਈ. ਵਿਦਿਆਰਥੀ ਸੁਨੀਲ ਕੁਮਾਰ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਆਈ. ਡੀ. 'ਤੇ ਇਕ ਕੁੜੀ ਉਸ ਦੀ ਦੋਸਤ ਬਣੀ ਹੋਈ ਸੀ। ਬੀਤੇ ਦਿਨ ਉਕਤ ਆਈ. ਡੀ. ਰਾਹੀਂ ਉਸ ਨੇ ਉਸ ਨੂੰ ਡੰਗਰਖੇੜਾ ਪੁਲ ਨੇੜੇ ਬਣੇ ਇਕ ਢਾਬੇ 'ਤੇ ਬੁਲਾਇਆ, ਜਦੋਂ ਉਹ ਆਪਣੇ ਮੋਟਰਸਾਈਲਕ 'ਤੇ ਉਥੇ ਆਇਆ, ਉਹ ਫੋਨ 'ਤੇ ਗੱਲ ਕਰ ਰਿਹਾ ਸੀ। ਉਕਤ ਸਥਾਨ 'ਤੇ ਪਹਿਲਾਂ ਤੋਂ ਮੌਜੂਦ 4-5 ਅਣਪਛਾਤੇ ਨੌਜਵਾਨਾਂ ਨੇ ਉਸ ਦੇ ਸਿਰ 'ਤੇ ਤੇਜ਼ਧਾਰ ਹਥਿਆਰਾਂ ਅਤੇ ਕਾਪੇ ਨਾਲ ਹਮਲਾ ਕਰਕੇ ਅੱਧਮਰਾ ਕਰ ਦਿੱਤਾ। ਗੰਭੀਰ ਜ਼ਖਮੀ ਹਾਲਾਤ 'ਚ ਉਹ ਬੜੀ ਮੁਸ਼ਕਲ ਨਾਲ ਨੇੜੇ ਸਥਿਤ ਇਕ ਢਾਬੇ 'ਤੇ ਗਿਆ, ਜਿਥੇ ਜਾ ਕੇ ਉਹ ਬੇਹੋਸ਼ ਹੋ ਗਿਆ। ਉਥੇ ਬੈਠੇ 1 ਵਿਅਕਤੀ ਨੇ ਇਸ ਦੀ ਸੂਚਨਾ 108 ਐਂਬੂਲੈਂਸ ਨੂੰ ਦਿੱਤੀ।

ਪੀੜਤ ਸੁਨੀਲ ਕੁਮਾਰ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਸ ਦਾ ਮੋਬਾਇਲ ਤੇ ਮੋਟਰਸਾਈਲਕ ਉਥੇ ਹੀ ਡਿੱਗ ਪਏ। ਉਸ ਵਲੋਂ ਦੱਸੇ ਗਏ ਪਤੇ ਅਨੁਸਾਰ ਡਾਕਟਰਾਂ ਨੇ ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਅਤੇ ਉਹ ਹਸਪਤਾਲ ਪਹੁੰਚ ਗਏ। ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਸ਼੍ਰੀ ਗੰਗਾਨਗਰ ਦੇ ਹਸਪਤਾਲ ਰੈਫਰ ਕਰ ਦਿੱਤਾ ਅਤੇ ਪੁਲਸ ਨੂੰ ਸੂਚਿਤ ਕੀਤਾ। ਦੂਜੇ ਪਾਸੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਆਹ ਸਮਾਗਮ ਦੀਆਂ ਤਿਆਰੀਆਂ ਚਲ ਰਹੀਆਂ ਹਨ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਕਦ ਸੁਨੀਲ ਉਥੋਂ ਇਥੇ ਆਇਆ ਅਤੇ ਉਸ ਦੇ ਨਾਲ ਕੀ ਹਾਦਸਾ ਹੋਇਆ।


author

rajwinder kaur

Content Editor

Related News