ਸੋਸ਼ਲ ਮੀਡੀਆ ''ਤੇ ਮਸ਼ਹੂਰ ਹੋਈ ਸੰਧੂ ਜੋੜੀ ਦਾ ਇਕ ਹੋਰ ਕਾਰਨਾਮਾ ਆਇਆ ਸਾਹਮਣੇ

10/07/2019 6:41:03 PM

ਮੋਹਾਲੀ (ਕੁਲਦੀਪ) : ਸੋਸ਼ਲ ਮੀਡੀਆ 'ਤੇ ਫਨੀ ਵੀਡੀਓ ਬਣਾ ਕੇ ਮਸ਼ਹੂਰ ਹੋਈ ਮਿਸਟਰ ਐਂਡ ਮਿਸਿਜ਼ ਸੰਧੂ ਜੋੜੀ ਖਿਲਾਫ ਠੱਗੀ ਦੇ ਕੇਸਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ। ਠੱਗੀ ਦੇ ਇਹ ਕੇਸ ਏਕਮ ਸੰਧੂ ਅਤੇ ਉਸ ਦੀ ਪਤਨੀ ਬਲਜਿੰਦਰ ਕੌਰ ਵਲੋਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ ਕੀਤੇ ਜਾਣ ਵਾਲੇ ਫਰਾਡ ਨਾਲ ਸਬੰਧਤ ਹਨ। ਭਾਵੇਂ ਹੀ ਦੋਵੇਂ ਪਤੀ-ਪਤਨੀ ਨੂੰ ਕਈ ਕੇਸਾਂ ਵਿਚ ਪਹਿਲਾਂ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿਚ ਉਹ ਜ਼ਮਾਨਤ 'ਤੇ ਚੱਲ ਰਹੇ ਸਨ ਪਰ ਹੁਣ ਪੁਲਸ ਸਟੇਸ਼ਨ ਫੇਜ਼-1 ਮੋਹਾਲੀ ਵਿਚ ਉਨ੍ਹਾਂ ਵਿਰੁੱਧ ਠੱਗੀ ਦਾ ਇਕ ਹੋਰ ਕੇਸ ਦਰਜ ਹੋ ਗਿਆ ਹੈ। ਇਸ ਕੇਸ ਵਿਚ ਉਨ੍ਹਾਂ ਦੀ ਇਕ ਪਾਰਟਨਰ ਜੋੜੀ ਵੀ ਇਸ ਕੇਸ ਵਿਚ ਸ਼ਾਮਲ ਹੈ। ਇੰਨਾ ਹੀ ਨਹੀਂ, ਠੱਗੀ ਦੇ ਇਸ ਕੇਸ ਵਿਚ ਪੁਲਸ ਵਲੋਂ ਬਲਜਿੰਦਰ ਕੌਰ ਅਤੇ ਉਸਦੀ ਪਾਰਟਨਰ ਜੋੜੀ ਰਮਨਦੀਪ ਸਿੰਘ ਅਤੇ ਸੁਖਵਿੰਦਰ ਕੌਰ (ਪਤੀ-ਪਤਨੀ) ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਅੰਬਾਲਾ ਨਿਵਾਸੀ ਨੌਜਵਾਨ ਨੂੰ ਕੈਨੇਡਾ ਭੇਜਣ ਦੇ ਨਾਮ 'ਤੇ ਠੱਗੀ
ਕੇਸ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਬਲਜਿੰਦਰ ਸਿੰਘ ਮੰਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਿਆਣਾ ਦੇ ਜ਼ਿਲਾ ਅੰਬਾਲਾ ਨਿਵਾਸੀ ਇਕ ਮਹਿਲਾ ਰਵਨੀਤ ਕੌਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿਚ ਉਸ ਨੇ ਆਪਣੇ ਬੇਟੇ ਗੁਰਕੀਰਤ ਸਿੰਘ ਨੂੰ ਕੈਨੇਡਾ ਭੇਜਣ ਦੇ ਲਈ ਕਰੀਬ ਤਿੰਨ ਸਾਲ ਪਹਿਲਾਂ ਮੋਹਾਲੀ ਦੇ ਫੇਜ਼-6 ਸਥਿਤ ਇੰਟਰਨੈਸ਼ਨਲ ਐਜੂਕੇਸ਼ਨ ਨਾਮ ਦੀ ਇਮੀਗਰੇਸ਼ਨ ਕੰਪਨੀ ਦੇ ਨਾਲ ਸੰਪਰਕ ਕੀਤਾ ਸੀ। ਉਸ ਦਫਤਰ ਨੂੰ ਏਕਮ ਸੰਧੂ, ਬਲਜਿੰਦਰ ਕੌਰ, ਰਮਨਦੀਪ ਸਿੰਘ ਅਤੇ ਸੁਖਵਿੰਦਰ ਕੌਰ ਚਲਾ ਰਹੇ ਸਨ। ਉਨ੍ਹਾਂ ਨੇ ਆਪਣੇ ਬੇਟੇ ਨੂੰ ਕੈਨੇਡਾ ਭੇਜਣ ਲਈ ਕੰਪਨੀ ਦੇ ਪ੍ਰਬੰਧਕਾਂ ਨੂੰ 3 ਲੱਖ 95 ਹਜ਼ਾਰ ਰੁਪਏ ਦੇ ਦਿੱਤੇ। ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਗੁਰਕੀਰਤ ਨੂੰ ਸਟੱਡੀ ਵੀਜ਼ਾ 'ਤੇ ਕੈਨੇਡਾ ਭੇਜ ਦੇਣਗੇ। ਸ਼ਿਕਾਇਤਕਰਤਾ ਮੁਤਾਬਕ ਪੈਸੇ ਲੈਣ ਤੋਂ ਬਾਅਦ ਨਾ ਤਾਂ ਉਸ ਦੇ ਬੇਟੇ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ। ਇਸ ਕੇਸ ਦੀ ਜਾਂਚ ਈ. ਓ. ਵਿੰਗ ਵਲੋਂ ਕੀਤੀ ਗਈ ਸੀ।

ਪੁਲਸ ਨੇ ਕੇਸ ਦਰਜ ਕਰਕੇ ਤਿੰਨ ਨੂੰ ਕੀਤਾ ਗ੍ਰਿਫਤਾਰ
ਐੱਸ. ਐੱਚ. ਓ. ਪੁਲਸ ਸਟੇਸ਼ਨ ਫੇਜ਼-1 ਮੋਹਾਲੀ ਇੰਸਪੈਕਟਰ ਲਖਵਿੰਦਰ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਪੁਲਸ ਨੇ ਉਕਤ ਸ਼ਿਕਾਇਤ ਦੇ ਸਬੰਧ ਵਿਚ ਏਕਮ ਸੰਧੂ, ਬਲਜਿੰਦਰ ਕੌਰ (ਦੋਵੇਂ ਪਤੀ-ਪਤਨੀ ਮੂਲ ਨਿਵਾਸੀ ਪਿੰਡ ਮਾਣੂਕੇ ਜ਼ਿਲਾ ਲੁਧਿਆਣਾ) ਅਤੇ ਰਮਨਦੀਪ ਸਿੰਘ, ਸੁਖਵਿੰਦਰ ਕੌਰ ਉਰਫ ਸਿਮਰਨ (ਦੋਵੇਂ ਪਤੀ-ਪਤਨੀ ਨਿਵਾਸੀ ਖੰਨਾ) ਕੁੱਲ ਚਾਰ ਮੁਲਜ਼ਮਾਂ ਖਿਲਾਫ ਆਈ. ਪੀ. ਸੀ. ਦੀ ਧਾਰਾ 406, 420, 120ਬੀ ਅਤੇ ਇਮੀਗਰੇਸ਼ਨ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਇਸ ਕੇਸ ਵਿਚ ਮੁਲਜ਼ਮ ਮਹਿਲਾ ਬਲਜਿੰਦਰ ਕੌਰ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ, ਜੋ ਕਿ ਇਸ ਸਮੇਂ ਦੋ ਦਿਨਾ ਪੁਲਸ ਰਿਮਾਂਡ 'ਤੇ ਚੱਲ ਰਹੀ ਹੈ। ਏ. ਐੱਸ. ਆਈ. ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਇਸੇ ਕੇਸ ਵਿਚ ਦੂਜੇ ਦੋ ਮੁਲਜ਼ਮ ਰਮਨਦੀਪ ਸਿੰਘ ਅਤੇ ਪਤਨੀ ਸੁਖਵਿੰਦਰ ਕੌਰ ਨੂੰ ਅੱਜ ਐਤਵਾਰ ਨੂੰ ਖੰਨਾ ਤੋਂ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਏਕਮ ਸੰਧੂ ਫਰਾਰ ਚੱਲ ਰਿਹਾ ਹੈ, ਜਿਸ ਦੀ ਗ੍ਰਿਫਤਾਰੀ ਦੇ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਸੈਕਟਰ-70 ਵਿਚ ਚੱਲ ਰਿਹਾ ਨਵਾਂ ਦਫਤਰ ਵੀ ਕੀਤਾ ਬੰਦ
ਕੇਸ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਸੁਖਵਿੰਦਰ ਕੌਰ ਉਰਫ ਸਿਮਰਨ ਨੇ ਫੇਜ਼-5 ਵਾਲਾ ਦਫਤਰ ਬੰਦ ਹੋਣ ਤੋਂ ਬਾਅਦ ਸੈਕਟਰ-70 ਵਿਚ ਇਕ ਨਵਾਂ ਇਮੀਗਰੇਸ਼ਨ ਕੰਪਨੀ ਦਫਤਰ ਖੋਲ੍ਹ ਲਿਆ ਸੀ, ਪੁਲਸ ਨੂੰ ਜਿਵੇਂ ਹੀ ਇਸ ਦਫਤਰ ਦਾ ਪਤਾ ਲੱਗਾ ਤਾਂ ਪੁਲਸ ਨੇ ਉਸ ਦਫਤਰ ਨੂੰ ਫਿਲਹਾਲ ਸੀਲ ਕਰ ਦਿੱਤਾ।

ਸੰਧੂ ਜੋੜੀ ਵਿਰੁੱਧ ਪਹਿਲਾਂ ਵੀ ਹਨ ਕਈ ਕੇਸ ਦਰਜ
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਤੇ ਫਨੀ ਵੀਡੀਓ ਬਣਾ ਕੇ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਮਿਸਟਰ ਐਂਡ ਮਿਸਿਜ਼ ਸੰਧੂ ਜੋੜੀ (ਏਕਮ ਸੰਧੂ ਅਤੇ ਬਲਜਿੰਦਰ ਕੌਰ) ਦੇ ਵਿਰੁੱਧ ਮੋਹਾਲੀ ਦੇ ਪੁਲਸ ਸਟੇਸ਼ਨਾਂ ਵਿਚ ਪਹਿਲਾਂ ਵੀ ਠੱਗੀ ਦੇ ਕੇਸ ਦਰਜ ਹਨ।

ਜੇਲ ਜਾਣ ਤੋਂ ਡਰਦੀ ਹੈ ਮਿਸਿਜ਼ ਸੰਧੂ
ਹੈਰਾਨੀ ਦੀ ਗੱਲ ਇਹ ਹੈ ਕਿ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਕਰਨ ਵਾਲੀ ਮਿਸਿਜ਼ ਸੰਧੂ ਹੁਣ ਜੇਲ ਜਾਣ ਤੋਂ ਡਰਦੀ ਹੈ। ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਉਹ ਲੋਕਾਂ ਦੇ ਪੈਸੇ ਵਾਪਸ ਕਰ ਦਿੰਦੀ ਹੈ। ਇਸ ਸਾਲ ਅਗਸਤ ਮਹੀਨੇ ਵਿਚ ਵੀ ਈ. ਓ. ਵਿੰਗ ਵਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਉਸ ਨੇ ਨਵਾਂ ਸ਼ਹਿਰ ਨਿਵਾਸੀ ਸ਼ਿਕਾਇਤਕਰਤਾ ਸੁਰਿੰਦਰ ਕੌਰ ਦੇ ਪੈਸੇ ਵਾਪਸ ਕਰ ਕੇ ਅਦਾਲਤ ਵਿਚੋਂ ਜ਼ਮਾਨਤ ਲੈ ਲਈ ਸੀ, ਜਿਸ ਕਾਰਨ ਉਹ ਜੇਲ ਜਾਣ ਤੋਂ ਬਚ ਗਈ ਸੀ।


Gurminder Singh

Content Editor

Related News