ਏਕਾਂਤਸਵਾਸ ਤੇ ਸਮਾਜਿਕ ਦੂਰੀ ਦੀ ਉਲੰਘਣਾ ਕਰਨ ''ਤੇ ਹੋਵੇਗਾ ਭਾਰੀ ਜੁਰਮਾਨਾ: ਡੀ.ਸੀ

Saturday, May 30, 2020 - 10:37 AM (IST)

ਏਕਾਂਤਸਵਾਸ ਤੇ ਸਮਾਜਿਕ ਦੂਰੀ ਦੀ ਉਲੰਘਣਾ ਕਰਨ ''ਤੇ ਹੋਵੇਗਾ ਭਾਰੀ ਜੁਰਮਾਨਾ: ਡੀ.ਸੀ

ਸੰਗਰੂਰ (ਸਿੰਗਲਾ): ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਤਹਿਤ ਘਰ ਤੋਂ ਬਾਹਰ ਜਾਣ ਲੱਗਿਆ ਮਾਸਕ ਪਾਉਣਾ ਅਤੇ ਉਚਿਤ ਸਮਾਜਿਕ ਦੂਰੀ ਰੱਖਣਾ ਲਾਜ਼ਮੀ ਕੀਤਾ ਗਿਆ ਹੈ ਅਤੇ ਜਨਤਕ ਥਾਵਾਂ ਤੇ ਥੁੱਕਣ ਆਦਿ ਦੀ ਮਨਾਹੀ ਕੀਤੀ ਗਈ ਹੈ ਤੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ 'ਤੇ ਭਾਰੀ ਜ਼ੁਰਮਾਨਾ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਇਹ ਜ਼ਰੂਰੀ ਹੈ ਕਿ ਹਰ ਵਿਅਕਤੀ ਜਨਤਕ ਥਾਵਾਂ ਤੇ ਜਾਣ ਸਮੇਂ ਮਾਸਕ ਪਹਿਨੇ, ਉੱਚਿਤ ਸਮਾਜਿਕ ਦੂਰੀ ਰੱਖੇ ਅਤੇ ਜਨਤਕ ਥਾਵਾਂ 'ਤੇ ਥੁੱਕਣ ਤੋਂ ਗੁਰੇਜ਼ ਕਰੇ। ਜਿਨ੍ਹਾਂ ਵਿਅਕਤੀਆਂ ਨੂੰ ਵਿਭਾਗ ਵਲੋਂ ਏਕਾਂਤਵਾਸ ਕੀਤਾ ਗਿਆ ਹੈ ਉਹ ਏਕਾਂਤਵਾਸ ਦੀ ਪਾਲਣਾ ਕਰਨ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਜਨਤਕ ਥਾਂ ਤੇ ਮਾਸਕ ਨਹੀਂ ਪਹਿਨਦਾ ਤਾਂ ਉਸ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ ਤੇ ਜਨਤਕ ਥਾਂ ਤੇ ਥੁੱਕਣ ਵਾਲੇ ਨੂੰ ਵੀ 500 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘਰ ਏਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 2000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਸ੍ਰੀ ਥੋਰੀ ਨੇ ਕਿਹਾ ਕਿ ਦੁਕਾਨ ਜਾਂ ਕਿਸੇ ਕਮਰਸ਼ੀਅਲ ਜਗ੍ਹਾ ਤੇ ਜੇਕਰ ਸਮਾਜਿਕ ਦੂਰੀ ਦੀ ਉਲੰਘਣਾ ਹੁੰਦੀ ਹੈ ਤਾਂ ਮਾਲਕ ਤੋਂ 2000 ਰੁਪਏ ਦਾ ਜ਼ੁਰਮਾਨਾ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਸਮਾਜਿਕ ਦੂਰੀ ਦੀ ਉਲੰਘਣਾ ਕਰਨ 'ਤੇ ਬੱਸ ਮਾਲਕਾਂ ਨੂੰ 3000 ਰੁਪਏ, ਕਾਰ ਮਾਲਕ ਨੂੰ 2000 ਰੁਪਏ ਤੇ ਆਟੋ ਰਿਕਸ਼ਾ ਤੇ ਦੋ ਪਹੀਆ ਵਾਹਨ ਨੂੰ 500 ਰੁਪਏ ਦਾ ਜ਼ੁਰਮਾਨਾ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਲੰਘਣਾ ਕਰਨ ਵਾਲੇ ਵਲੋਂ ਜੁਰਮਾਨਾ ਨਾ ਭਰਨ ਦੀ ਸੂਰਤ 'ਚ ਉਸ ਵਿਰੁੱਧ ਐਪੀਡੈਮਿਕ ਡਿਜ਼ੀਜ ਐਕਟ 1897 ਦੇ ਨਿਯਮਾਂ ਤਹਿਤ ਆਈ.ਪੀ.ਸੀ. ਦੀ ਧਾਰਾ 188 ਹੇਠ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਬੀ.ਡੀ.ਪੀ.ਓ., ਨਾਇਬ ਤਹਿਸੀਲਦਾਰ, ਏ.ਐੱਸ.ਆਈ. ਤੇ ਇਸ ਅਹੁਦੇ ਤੋਂ ਉੱਪਰਲੇ ਸਮੂਹ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਵਲੋਂ ਅਧਿਕਾਰਤ ਅਧਿਕਾਰੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਐਪੀਡੈਮਿਕ ਡਿਜ਼ੀਜ ਐਕਟ 1897 ਦੇ ਨਿਯਮਾਂ ਤਹਿਤ ਜੁਰਮਾਨਾ ਵਸੂਲ ਸਕਦੇ ਹਨ।


author

Shyna

Content Editor

Related News