ਮੁੱਖ ਮੰਤਰੀ ਦੇ ਜ਼ਿਲੇ ''ਚ ਖੁੱਲ੍ਹ ਕੇ ਹੋ ਰਹੀ ਸ਼ਰਾਬ ਦੀ ਸਮੱਗਲਿੰਗ

Monday, Jun 19, 2017 - 07:51 AM (IST)

ਪਟਿਆਲਾ (ਬਲਜਿੰਦਰ) - ਕਾਂਗਰਸ ਸਰਕਾਰ ਬਣਦੇ ਹੀ ਜਿਹੜੀ ਨਵੀਂ ਆਬਕਾਰੀ ਨੀਤੀ ਲਿਆਂਦੀ ਗਈ ਹੈ, ਉਸ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਵਿਚ ਸ਼ਰਾਬ ਦੇ ਰੇਟਾਂ 'ਚ ਆਏ ਵੱਡੇ ਫਰਕ ਤੋਂ ਬਾਅਦ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲੇ ਵਿਚ ਸ਼ਰਾਬ ਦੀ ਸਮੱਗਲਿੰਗ ਖੁੱਲ੍ਹ ਕੇ ਹੋ ਰਹੀ ਹੈ। ਬੀਤੇ 17 ਦਿਨਾਂ ਵਿਚ ਪਟਿਆਲਾ ਪੁਲਸ ਨੇ ਪੂਰੇ ਜ਼ਿਲੇ ਵਿਚ 66 ਵਿਅਕਤੀਆਂ ਨੂੰ ਸ਼ਰਾਬ ਦੀ ਸਮੱਗਲਿੰਗ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਵੱਖ-ਵੱਖ ਥਾਣਿਆਂ 'ਚ 53 ਕੇਸ ਸ਼ਰਾਬ ਸਮੱਗਲਿੰਗ ਦੇ ਦਰਜ ਕੀਤੇ ਗਏ ਹਨ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 66 ਵਿਅਕਤੀਆਂ ਤੋਂ 3862 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ। ਜੋ ਕਿ ਵੱਡੀ ਰਿਕਵਰੀ ਕਹੀ ਜਾ ਸਕਦੀ ਹੈ। ਜੇਕਰ ਇਹ ਅੰਕੜਾ ਅਪ੍ਰੈਲ ਜਾਂ ਫਿਰ ਮਈ ਮਹੀਨੇ ਦਾ ਹੁੰਦਾ, ਪੁਲਸ ਨੇ ਇਸ ਨੂੰ ਨਸ਼ਾ ਰੋਕਣ ਦੀ ਮੁਹਿੰਮ ਹਿੱਸਾ ਦੱਸ ਕੇ ਜ਼ਰੂਰ ਪਿੱਠ ਥਾਪੜਨੀ ਸੀ ਪਰ ਇਹ ਅੰਕੜਾ ਉਦੋਂ ਦਾ ਹੈ ਜਦੋਂ ਤੋਂ ਪੰਜਾਬ ਪੁਲਸ ਇਹ ਕਹਿ ਰਹੀ ਹੈ ਕਿ ਨਸ਼ਾ ਸਮੱਗਲਰਾਂ ਨੂੰ ਨੱਥ ਪਾਈ ਜਾ ਚੁੱਕੀ ਹੈ। ਸਰਕਾਰ ਦੀ ਆਬਕਾਰੀ ਨੀਤੀ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿਚ ਹੈ ਅਤੇ ਹੁਣ ਸ਼ਰਾਬ ਸਮੱਗਲਿੰਗ ਨੇ ਇਸ 'ਤੇ ਹੋਰ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਹਰਿਆਣਾ ਤੋਂ ਹੋ ਰਹੀ ਹੈ ਸ਼ਰਾਬ ਦੀ ਸਮੱਗਲਿੰਗ
ਸ਼ਰਾਬ ਦੀਆਂ ਜ਼ਿਆਦਾਤਰ ਸਮੱਗਲਿੰਗ ਹਰਿਆਣਾ ਤੋਂ ਹੋ ਰਹੀ ਹੈ। ਪਟਿਆਲਾ ਜ਼ਿਲੇ ਦੀ ਕਾਫੀ ਲੰਬੀ ਸਰਹੱਦ ਹਰਿਆਣਾ ਨਾਲ ਲਗਦੀ ਹੈ  ਅਤੇ ਹਰਿਆਣਾ ਵਿਚ ਸ਼ਰਾਬ ਸਸਤੀ ਹੋਣ ਦੇ ਕਾਰਨ ਸਮੱਗਲਰ ਹਰਿਆਣਾ ਤੋਂ ਲਿਆ ਕੇ ਪੰਜਾਬ 'ਚ ਵੇਚ ਰਹੇ ਹਨ। ਪੁਲਸ ਵੱਲੋਂ ਲਗਾਤਾਰ ਕੋਸ਼ਿਸ਼ ਦੇ ਬਾਵਜੂਦ ਵੀ ਸਮੱਗਲਿੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਫੜੇ ਗਏ ਸਮੱਗਲਰਾਂ ਤੋਂ ਅਕਸਰ ਹੁਣ ਸ਼ਰਾਬ ਬੋਤਲਾਂ 'ਚ ਨਹੀਂ ਸਗੋਂ ਪੇਟੀਆਂ 'ਚ ਬਰਾਮਦ ਕੀਤੀ ਜਾ ਰਹੀ ਹੈ। ਕਾਰਾਂ 'ਚ ਸ਼ਰਾਬ ਦੀ ਸਮੱਗਲਿੰਗ ਹੋ ਰਹੀ ਹੈ। ਕੋਈ ਹੀ ਥਾਣਾ ਅਜਿਹਾ ਹੋਵੇਗਾ, ਜਿਸ ਨੇ ਪਿਛਲੇ ਇਕ ਮਹੀਨੇ 'ਚ ਸ਼ਰਾਬ ਦੀ ਵੱਡੀ ਖੇਪ ਨਾ ਫੜੀ ਹੋਵੇ। ਪੰਜਾਬ ਤੋਂ ਹਰਿਆਣਾ ਨੂੰ ਜਾਣ ਵਾਲੀਆਂ ਵੱਡੀਆਂ ਸੜਕਾਂ ਪਟਿਆਲਾ 'ਚੋਂ ਹੀ ਹੋ ਕੇ ਗੁਜ਼ਰਦੀਆਂ ਹਨ। ਉਹ ਭਾਵੇਂ ਜੀ. ਟੀ. ਰੋਡ ਹੋਵੇ, ਸ਼ੰਭੂ ਰੋਡ ਹੋਵੇ, ਦੇਵੀਗੜ੍ਹ ਰੋਡ, ਚੀਕਾ ਰੋਡ, ਪਾਤੜਾਂ ਤੋਂ ਹਿਸਾਰ ਨੂੰ ਜਾਣ ਵਾਲਾ ਰੋਡ ਸਾਰੇ ਹੀ ਪਟਿਆਲਾ 'ਚੋਂ ਹੋ ਕੇ ਲੰਘਦੇ ਹਨ। ਦੂਜਾ ਜ਼ਿਲਿਆਂ ਨੂੰ ਲੰਬੀ ਦੂਰੀ ਤੱਕ ਘੱਗਰ ਵੰਡਦਾ ਹੈ, ਜਿਥੇ ਸਮੱਗਲਿੰਗ ਆਸਾਨੀ ਨਾਲ ਹੋ ਸਕਦੀ ਹੈ।


Related News