ਇੰਟਰਨੈਸ਼ਨਲ ਪੱਧਰ ਦੀ ਸਮੱਗਲਿੰਗ ਕਰਨ ਦੀ ਤਿਆਰੀ ’ਚ ਬੈਠੇ 5 ਕਾਬੂ
Friday, Apr 23, 2021 - 05:13 PM (IST)
ਬਟਾਲਾ/ਡੇਰਾ ਬਾਬਾ ਨਾਨਕ (ਬੇਰੀ, ਜ. ਬ.) : ਅੱਜ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਦੇ ਹੱਥ ਉਸ ਵੇਲੇ ਵੱਡੀ ਸਫਲਤਾ ਲੱਗੀ ਜਦੋਂ ਭਾਰਤ-ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਤੋਂ ਰਾਵੀ ਦਰਿਆ ਰਸਤੇ ਹੋਣ ਵਾਲੀ ਇੰਟਰਨੈਸ਼ਨਲ ਪੱਧਰ ਦੀ ਸਮੱਗਲਿੰਗ ਦੀ ਤਿਆਰੀ ’ਚ ਬੈਠੇ 5 ਸਮੱਗਲਰਾਂ ਨੂੰ ਪੁਲਸ ਵਲੋਂ ਸਾਮਾਨ, ਹੈਰੋਇਨ ਅਤੇ ਗੱਡੀਆਂ ਸਮੇਤ ਕਾਬੂ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਡੇਰਾ ਬਾਬਾ ਨਾਨਕ ਅਨਿਲ ਪਵਾਰ ਨੇ ਦੱਸਿਆ ਕਿ ਐੱਸ. ਐੱਸ. ਪੀ. ਬਟਾਲਾ ਰਛਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਲਦਿਆਂ ਡੀ. ਐੱਸ. ਪੀ. ਡੇਰਾ ਬਾਬਾ ਨਾਨਕ ਕੰਵਲਪ੍ਰੀਤ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਵੱਖ-ਵੱਖ ਟੀਮਾਂ ਬਣਾ ਕੇ ਪੁਲਸ ਨਾਕੇ ਲਾਏ ਹੋਏ ਸਨ ਤਾਂ ਜੋ ਭਾਰਤ-ਪਾਕਿ ਸਰਹੱਦ ’ਤੇ ਹੋਣ ਵਾਲੀ ਸਮੱਗਲਿੰਗ ਨੂੰ ਰੋਕਿਆ ਜਾ ਸਕੇ।
ਇਸੇ ਲੜੀ ਤਹਿਤ ਪੁਲਸ ਚੌਕੀ ਧਰਮਕੋਟ ਰੰਧਾਵਾ ਦੇ ਇੰਚਾਰਜ ਏ. ਐੱਸ. ਆਈ. ਕਸ਼ਮੀਰ ਸਿੰਘ ਨੇ ਗਸ਼ਤ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਭਾਰਤ ਪਾਕਿਸਤਾਨ ਸਰਹੱਦ ’ਤੇ ਰਾਵੀ ਦਰਿਆ ਨਾਲ ਲੱਗਦੇ ਪਿੰਡ ਗੁਰਚੱਕ ਨੇੜਿਓਂ ਲਾਲ ਰੰਗ ਦੀ ਟਵੇਰਾ (ਨੰ. ਪੀ. ਬੀ.08 ਏ. ਕਿਊ. 4577) ਅਤੇ ਚਿੱਟੇ ਰੰਗ ਦੀ ਬਰੇਜ਼ਾ ਗੱਡੀ (ਨੰ. ਪੀ. ਬੀ. 02 ਡੀ. ਡੀ.7666) ’ਚ ਬੈਠੇ 5 ਵਿਅਕਤੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਨੇ ਆਪਣੇ ਨਾਂ ਸਿਮਰਨਜੀਤ ਸਿੰਘ ਉਰਫ ਢਿਬਰੀ ਪੁੱਤਰ ਸੁਰਿੰਦਰ ਸਿੰਘ ਵਾਸੀ ਦਸ਼ਮੇਸ਼ ਨਗਰ ਤਰਨਤਾਰਨ ਰੋਡ ਅੰਮ੍ਰਿਤਸਰ, ਹਰਪਾਲ ਸਿੰਘ ਉਰਫ ਭਾਲੂ ਪੁੱਤਰ ਦਲਜਿੰਦਰ ਸਿੰਘ ਤੇ ਮਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀਆਨ ਚੀਮਾ ਖੁਰਦ ਥਾਣਾ ਸਰਾਏਂ ਅਮਾਨਤ ਖਾਂ, ਗੁਰਜੀਤ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਦੋਦੇ ਥਾਣਾ ਝਬਾਲ ਅਤੇ ਗਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਫੱਤੂਭੀਲਾ ਥਾਣਾ ਕੱਥੂਨੰਗਲ ਦੱਸੇ।
ਐੱਸ. ਐੱਚ. ਓ. ਪਵਾਰ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਗੱਡੀਆਂ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ’ਚੋਂ 50 ਗ੍ਰਾਮ ਹੈਰੋਇਨ, ਇਕ ਹਰੇ ਰੰਗ ਦਾ ਜਾਲ, ਇਕ ਬਰਾਊਨ ਅਤੇ ਨੀਲੇ ਰੰਗ ਦੀ ਪਲਾਸਟਿਕ ਦੀ ਡੋਰੀ, ਸਿਲਵਰ ਪੇਪਰ (ਲਗਭਗ 2 ਫੁੱਟ), ਛੋਟੀ ਟਾਚਰ, ਚਾਰ ਗੈਸੀ ਲਾਈਟਰ, ਚਾਰ ਲੱਕੜ ਦੇ 3-3 ਫੁੱਟ ਦੇ ਡੰਡੇ ਪੁਲਸ ਮੁਲਾਜ਼ਮਾਂ ਵਲੋਂ ਬਰਾਮਦ ਕੀਤੇ ਗਏ ਅਤੇ ਦੋਵੇਂ ਗੱਡੀਆਂ ਕਬਜ਼ੇ ਵਿਚ ਲੈ ਲਈਆਂ ਗਈਆਂ ਹਨ। ਐੱਸ. ਐੱਚ. ਓ. ਪਵਾਰ ਨੇ ਅੱਗੇ ਦੱਸਿਆ ਕਿ ਉਕਤ ਪੰਜਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਥਾਣਾ ਡੇਰਾ ਬਾਬਾ ਨਾਨਕ ਵਿਖੇ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਕੋਲੋਂ ਹੋਰ ਪੁੱਛਗਿਛ ਜਾਰੀ ਹੈ ਜਿਸ ’ਚ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।