ਬੱਚਿਆਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਸਾਹਮਣੇ ਆਇਆ ਪੂਰਾ ਸੱਚ
Wednesday, Oct 09, 2019 - 06:52 PM (IST)
 
            
            ਪਟਿਆਲਾ (ਬਲਜਿੰਦਰ) : ਪਟਿਆਲਾ ਪੁਲਸ ਨੇ ਬੱਚਿਆਂ ਦੀ ਸਮਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 5 ਔਰਤਾਂ ਸਮੇਤ ਕੁਲ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ 2 ਅਕਤੂਬਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚੋਂ ਗਾਇਬ ਹੋਏ ਬੱਚੇ ਨੂੰ ਵੀ ਬਰਾਮਦ ਕਰ ਲਿਆ ਹੈ। ਹੈਰਾਨੀ ਵਾਲੀ ਗੱਲ ਕਹੋ ਜਾਂ ਫੇਰ ਕਲਯੁਗ ਦਾ ਪਹਿਰਾ, ਸਿਰਫ ਇਕ ਲੱਖ ਰੁਪਏ ਪਿਛੇ ਦਾਦੇ ਨੇ ਹੀ ਆਪਣਾ ਪੋਤਾ ਵੇਚ ਦਿੱਤਾ ਸੀ। ਪੁਲਸ ਨੇ ਜਿਹੜੇ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਉਨ੍ਹਾਂ 'ਚ ਲੜਕੇ ਦੇ ਦਾਦਾ ਅਤੇ ਦਾਦੀ ਵੀ ਸ਼ਾਮਲ ਹਨ। ਬੱਚੇ ਨੂੰ ਚਾਰ ਲੱਖ ਰੁਪਏ ਵਿਚ ਵੇਚਿਆ ਗਿਆ। ਜਿਸ ਵਿਚੋਂ ਦਾਦੇ ਨੂੰ ਇੱਕ ਲੱਖ ਰੁਪਏ ਦਿੱਤੇ ਗਏ ਸਨ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੰਘੀ 4 ਅਕਤੂਬਰ ਨੂੰ ਰਾਕੇਸ਼ ਪੁੱਤਰ ਸਕਾਈ ਰਾਮ ਵਾਸੀ ਸਿਘਪੁਰ ਤਹਿਸੀਲ ਕੇਸਰਗੰਜ ਜ਼ਿਲਾ ਬਹਿਰਾਈਚ (ਲਖਨਊ) ਹਾਲ ਆਬਾਦ ਪਿੰਡ ਮੀਰਾਪੁਰ ਥਾਣਾ ਜੁਲਕਾ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਦੇ ਇਕ ਲੜਕਾ ਪ੍ਰਿੰਸ ਕਰੀਬ ਡੇਢ ਮਹੀਨੇ ਪਹਿਲਾਂ ਪੈਦਾ ਹੋਇਆ ਸੀ ਜੋ ਕਿ ਕਾਫੀ ਕਮਜ਼ੋਰ ਸੀ ਅਤੇ ਜਿਸ ਨੂੰ ਦਵਾਈ ਦਿਲਾਉਣ ਲਈ ਉਸ ਦਾ ਪਿਤਾ ਸਕਾਈ ਰਾਮ ਸਮੇਤ ਉਸ ਦੀ ਮਾਤਾ ਸੱਸ ਕ੍ਰਿਸ਼ਨਾ ਦੇਵੀ 2 ਅਕਤੂਬਰ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲੈ ਕੇ ਗਏ ਸੀ। ਜਿਨ੍ਹਾਂ ਨੇ ਵਾਪਸ ਆ ਕੇ ਦੱਸਿਆ ਕਿ ਉਸ ਦੇ ਲੜਕੇ ਨੂੰ ਕੋਈ ਅਣਪਛਾਤੀ ਔੌਰਤ ਧੋਖੇ ਨਾਲ ਲੈ ਗਈ ਹੈ। ਜੋ ਰਾਕੇਸ਼ ਕੁਮਾਰ ਉਕਤ ਦੇ ਬਿਆਨਾਂ ਦੇ ਅਧਾਰ 'ਤੇ ਉਸ ਦੇ ਪਿਤਾ ਸਕਾਈ ਰਾਮ, ਮਾਤਾ ਕ੍ਰਿਸ਼ਨਾ, ਮਮਤਾ ਵਾਸੀ ਬਰਨਾਲਾ ਅਤੇ ਕਮਲੇਸ਼ ਕੌਰ ਵਾਸੀ ਮਾਨਸਾ ਖਿਲਾਫ ਥਾਣਾ ਸਿਵਲ ਲਾਈਨ ਵਿਖੇ 370,120-ਬੀ ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕੀਤਾ ਗਿਆ।
ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਅਗਵਾ ਹੋਏ ਲੜਕੇ ਦੇ ਦਾਦਾ ਸਕਾਈ ਰਾਮ, ਦਾਦੀ ਕ੍ਰਿਸਨਾ, ਸਰੋਜ ਬਾਲਾ ਬਾਰ ਅਟੈਂਡਟ ਰਾਜਿੰਦਰਾ ਹਸਪਤਾਲ ਪਟਿਆਲਾ, ਮਮਤਾ ਪਤਨੀ ਨਰੇਸ਼ ਕੁਮਾਰ ਗਰਗ ਵਾਸੀ ਬਰਨਾਲਾ, ਕਮਲੇਸ਼ ਪਤਨੀ ਸਤਪਾਲ ਵਾਸੀ ਮਾਨਸਾ, ਸੀਮਾ ਵਾਸੀ ਸਹਾਰਨਪੁਰ ਅਤੇ ਪੰਕਜ ਗੋਇਲ ਪੁੱਤਰ ਸੁਸੀਲ ਕੁਮਾਰ ਵਾਸੀ ਜੇ.ਪੀ ਕਲੋਨੀ, ਸੰਗਰੂਰ ਕੁੱਲ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਸ਼ਿਕਾਇਤਕਰਤਾ ਦੇ ਪਿਤਾ ਸਕਾਈ ਰਾਮ ਦੀ ਮੁਲਾਕਾਤ ਸਰੋਜ ਬਾਲਾ ਨਾਲ ਹੋਈ, ਜੋ ਕਿ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਬਤੌਰ ਬਾਰ ਅਟੈਂਡਟ ਕੰਮ ਕਰਦੀ ਸੀ।
ਜਿੱਥੇ ਸਰੋਜ ਬਾਲਾ ਨੇ ਸਕਾਈ ਰਾਮ ਨੂੰ ਉਸ ਦੇ ਪੋਤੇ ਨੂੰ ਵੇਚਣ ਬਾਰੇ ਗੱਲ ਕੀਤੀ, ਜਿਸ 'ਤੇ ਸਕਾਈ ਰਾਮ ਵੱਲੋਂ ਆਪਣੀ ਸਹਿਮਤੀ ਦੇਣ ਤੇ ਸਰੋਜ ਬਾਲਾ ਨੇ ਆਪਣੀ ਜਾਣਕਾਰ ਮਮਤਾ ਵਾਸੀ ਬਰਨਾਲਾ ਨੂੰ, ਮਮਤਾ ਨੇ ਅੱਗੇ ਆਪਣੀ ਸਹੇਲੀ ਕਮਲੇਸ਼ ਕੋਰ ਵਾਸੀ ਮਾਨਸਾ ਨੂੰ, ਕਮਲੇਸ਼ ਨੇ ਅੱਗੇ ਆਪਣੀ ਦੂਰ ਦੀ ਰਿਸ਼ਤੇਦਾਰ ਊਸ਼ਾ ਵਾਸੀ ਅੰਮ੍ਰਿਤਸਰ ਨੂੰ ਗਾਹਕ/ਖਰੀਦਾਰ ਲੱਭਣ ਲਈ ਕਿਹਾ, ਜੋ ਊਸ਼ਾ ਨੇ ਆਪਣੀ ਸਹੇਲੀ ਸੀਮਾ ਪਤਨੀ ਰਾਜ ਕੁਮਾਰ ਵਾਸੀ ਸਹਾਰਨਪੁਰ ਨੂੰ ਜਿਨ੍ਹਾਂ 'ਤੇ ਪਹਿਲਾਂ ਵੀ ਥਾਣਾ ਸਿਵਲ ਲਾਈਨ ਵਿਚ ਸਾਲ 2014 ਵਿਚ 363-ਏ,369,370,34 ਆਈ.ਪੀ.ਸੀ ਦੇ ਤਹਿਤ ਕੇਸ ਦਰਜ ਹੈ। ਸੀਮਾ ਨੇ ਅੱਗੇ ਆਪਣੀ ਸਹੇਲੀ ਬੀਬਾ ਵਾਸੀ ਦੇਹਰਾਦੂਨ ਪਾਸੋਂ ਬੱਚੇ ਦੇ ਗਾਹਕ/ਖਰੀਦਦਾਰ ਬਾਰੇ ਪੁੱਛਿਆ ਤਾਂ ਬੀਬਾ ਨੇ ਆਪਣੇ ਜਾਣਕਾਰ ਪੰਕਜ ਗੋਇਲ ਪੁੱਤਰ ਸੁਸ਼ੀਲ ਕੁਮਾਰ ਵਾਸੀ ਜੇ.ਪੀ ਕਲੋਨੀ, ਸੰਗਰੂਰ ਨੂੰ ਬੱਚੇ ਦੀ ਲੋੜ ਹੋਣ ਬਾਰੇ ਉਕਤ ਨੂੰ ਦੱਸਿਆ।
ਐੱਸ. ਐੱਸ. ਪੀ. ਸਿੱਧੂ ਨੇ ਦੱਸਿਆ ਕਿ ਉਕਤ ਸਾਰਿਆਂ ਨੇ ਆਪਸ 'ਚ ਹਮਮਸ਼ਵਾਰਾ ਹੋ ਕੇ ਬੱਚਾ ਵੇਚਣ ਬਾਰੇ ਸਾਸ਼ਿਸ ਰਚੀ ਅਤੇ ਬੱਚੇ ਨੂੰ ਵੇਚਣ ਬਦਲੇ ਪੰਕਜ ਗੋਇਲ ਪਾਸੋਂ 4 ਲੱਖ ਰੁਪਏ ਲੈ ਕੇ, ਉਸ ਨੂੰ ਕਰੀਬ ਡੇਢ ਮਹੀਨੇ ਦੇ ਲੜਕੇ ਪ੍ਰਿੰਸ ਉਕਤ ਨੂੰ ਵੇਚ ਦਿੱਤਾ ਗਿਆ। ਦੋਸ਼ੀਆ ਪਾਸੋਂ 1,94,000 ਰੁਪਏ ਬਰਾਮਦ ਕਰਾਏ ਜਾ ਚੁੱਕੇ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਪੁੱਛਗਿੱਛ ਜਾਰੀ ਹੈ। ਇਸ ਮੌਕੇ ਐੱਸ. ਪੀ. ਸਿਟੀ ਵਰੁਣ ਸ਼ਰਮਾ, ਡੀ. ਐੱਸ. ਪੀ. ਯੋਗੇਸ਼ ਸ਼ਰਮਾ ਅਤੇ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਇੰਸ. ਰਾਹੁਲ ਕੌਂਸ਼ਲ ਵੀ ਹਾਜ਼ਰ ਸਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            