2023 ’ਚ 24 ਨਸ਼ਾ ਸਮੱਗਲਰਾਂ ਦੀਆਂ 6.56 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਜ਼ਬਤ
Monday, Jan 08, 2024 - 06:16 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ ਵਿੱਢੀ ਮੁਹਿੰਮ ’ਚ ਅਹਿਮ ਯੋਗਦਾਨ ਪਾਉਂਦੀਆਂ ਜ਼ਿਲ੍ਹਾ ਬਰਨਾਲਾ ਦੇ ਸਾਲ 2023 ’ਚ 24 ਨਸ਼ਾ ਸਮੱਗਲਰਾਂ ਦੀਆਂ 6.56 ਕਰੋੜ ਰੁਪਏ ਦੀਆਂ ਸੰਪਤੀਆਂ ਜ਼ਬਤ ਕੀਤੀਆਂ ਗਈਆਂ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਅਤੇ ਜ਼ਿਲ੍ਹਾ ਪੁਲਸ ਮੁਖੀ ਸੰਦੀਪ ਮਲਿਕ ਨੇ ਦੱਸਿਆ ਕਿ ਨਸ਼ਿਆਂ ਸਬੰਧੀ ਜਾਣਕਾਰੀ ਬਾਰੇ ਸਹੀ ਤਾਲਮੇਲ ਰੱਖਣ ਲਈ ਬਣਾਈ ਗਈ ਨਾਰਕੋ ਕੋਆਰਡੀਨੇਸ਼ਨ ਕਮੇਟੀ ਦੇ ਸਹਿਯੋਗ ਨਾਲ ਇਹ ਸੰਭਵ ਹੋ ਸਕਿਆ ਹੈ।
ਇਸ ਕਮੇਟੀ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸਤਵੰਤ ਸਿੰਘ ਨੇ ਦੱਸਿਆ ਕਿ 24 ਦੋਸ਼ੀਆਂ ਦੀ ਪ੍ਰਾਪਰਟੀਆਂ ਪੰਜਾਬ ਅਤੇ ਹੋਰ ਸ਼ਹਿਰਾਂ ’ਚ ਜ਼ਬਤ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਸਿਹਤ ਵਿਭਾਗ ਵੱਲੋਂ ਨਸ਼ਾ ਛੁਡਾਓ ਸਬੰਧੀ ਓਟ ਕਲੀਨਿਕ ਚਲਾਏ ਜਾ ਰਹੇ ਹਨ ਜਿਨ੍ਹਾਂ ’ਚ ਲੋਕਾਂ ਨੂੰ ਨਸ਼ਾ ਮੁਕਤੀ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਵਧੀਕ ਡਿਪਟੀ ਕਮਿਸ਼ਨਰ ਸਤਵੰਤ ਸਿੰਘ ਨੇ ਕਿਹਾ ਕਿ ਬੱਚਿਆਂ ਦੀ ਖੇਡਾਂ ’ਚ ਰੂਚੀ ਵਧਾਉਣ ਲਈ ਸਕੂਲ ਪੱਧਰ ’ਤੇ ਰੋਜ਼ਾਨਾ ਖੇਡਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਉਨ੍ਹਾਂ ਦਾ ਧਿਆਨ ਚੰਗੀ ਸਿਹਤ ਵਾਲੇ ਪਾਸੇ ਹੋਵੇ ਅਤੇ ਉਹ ਨਸ਼ਿਆ ਤੋਂ ਦੂਰ ਰਹਿਣ। ਇਸ ਮੌਕੇ ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਸਿਵਿਲ ਸਰਜਨ ਡਾ. ਹਰਿੰਦਰ ਸ਼ਰਮਾ, ਡਾ. ਲਿਪਸੀ ਮੋਦੀ, ਜ਼ਿਲਾ ਸਿੱਖਿਆ ਅਫਸਰ ਸ਼ਮਸ਼ੇਰ ਸਿੰਘ, ਉੱਪ ਜ਼ਿਲਾ ਸਿੱਖਿਆ ਅਫਸਰ ਡਾ. ਬਰਜਿੰਦਰ ਸਿੰਘ, ਐੱਸ. ਟੀ. ਐੱਫ. ਪਟਿਆਲਾ ਤੋਂ ਹਰਦੀਪ ਸਿੰਘ, ਡੀ. ਐੱਸ. ਪੀ. ਗੁਰਬਚਨ ਸਿੰਘ, ਜ਼ਿਲ੍ਹਾ ਅਟਾਰਨੀ ਗਗਨਦੀਪ ਭਾਰਦਵਾਜ ਅਤੇ ਹੋਰ ਲੋਕ ਹਾਜ਼ਰ ਸਨ।