ਦਿੱਲੀ ਰਹਿੰਦੇ ਨਾਈਜੀਰੀਅਨ ਤੋਂ ਲਿਆਏ 3 ਕਰੋਡ਼ ਦੀ ਹੈਰੋਇਨ ਸਣੇ 2 ਸਮੱਗਲਰ ਗ੍ਰਿਫਤਾਰ

Friday, Jul 27, 2018 - 04:18 AM (IST)

ਦਿੱਲੀ ਰਹਿੰਦੇ ਨਾਈਜੀਰੀਅਨ ਤੋਂ ਲਿਆਏ 3 ਕਰੋਡ਼ ਦੀ ਹੈਰੋਇਨ ਸਣੇ 2 ਸਮੱਗਲਰ ਗ੍ਰਿਫਤਾਰ

ਲੁਧਿਆਣਾ(ਅਨਿਲ)- ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਬੀਤੀ ਰਾਤ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ 2 ਨਸ਼ਾ ਸਮੱਗਲਰਾਂ ਨੂੰ 3 ਕਰੋਡ਼ ਦੀ ਹੈਰੋਇਨ ਸਣੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜੋ ਦਿੱਲੀ ਰਹਿੰਦੇ ਇਕ ਨਾਈਜੀਰੀਅਨ ਤੋਂ ਲੈ ਕੇ ਆਏ ਸਨ। ਐੱਸ. ਟੀ. ਐੱਫ. ਲੁਧਿਆਣਾ-ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਐੱਲ. ਟੀ. ਐੱਫ. ਦੀ ਟੀਮ ਨੇ ਥਾਣਾ ਫੋਕਲ ਪੁਆਇੰਟ ਦੇ ਅਧੀਨ ਆਉਂਦੇ ਅਰਬਨ ਅਸਟੇਟ ਫੇਸ-2 ਵਿਚ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਸੇ ਸਮੇਂ ਸਾਹਮਣਿਓਂ ਇਕ ਕਾਰ ਆਉਂਦੀ ਦਿਖਾਈ ਦਿੱਤੀ। ਜਦੋਂ ਪੁਲਸ ਟੀਮ ਨੇ ਉਕਤ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਣਾ ਚਾਹਿਆ ਤਾਂ ਉਕਤ ਕਾਰ ਚਾਲਕ ਨੇ ਇਕਦਮ ਕਾਰ ਪਿੱਛੇ ਮੋਡ਼ ਕੇ ਭੱਜਣ ਦਾ ਯਤਨ ਕੀਤਾ ਪਰ ਪੁਲਸ ਟੀਮ ਦੀ ਮੁਸਤੈਦੀ ਕਾਰਨ ਤੁਰੰਤ ਕਾਰ ਨੂੰ ਕਾਬੂ ਕਰ ਲਿਆ ਗਿਆ। ਕਾਰ ਵਿਚ 2 ਵਿਅਕਤੀ ਬੈਠੇ ਸਨ। ਜਦੋਂ ਪੁਲਸ ਨੇ ਕਾਰ ਸਵਾਰਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 600 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੀਬ 3 ਕਰੋਡ਼ ਰੁਪਏ ਕੀਮਤ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਪੁਲਸ ਨੇ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਪਛਾਣ ਨਰਿੰਦਰ ਕੁਮਾਰ (32) ਪੁੱਤਰ ਸੁਰਿੰਦਰ ਪਾਲ ਵਾਸੀ ਗੋਰਖਪੁਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਦੂਜੇ ਦੀ ਪਛਾਣ ਯੋਗੇਸ਼ ਕੁਮਾਰ (32) ਪੁੱਤਰ ਸੋਮਵੀਰ ਵਾਸੀ ਮੁਹੱਲਾ ਪ੍ਰੀਤ ਨਗਰ ਜਮਾਲਪੁਰ ਵਜੋਂ ਕੀਤੀ ਗਈ ਹੈ, ਜਿਨ੍ਹਾਂ ਖਿਲਾਫ ਥਾਣਾ ਫੋਕਲ ਪੁਆਇੰਟ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਫਡ਼ੇ ਗਏ ਸਮੱਗਲਰ ਨਰਿੰਦਰ ਕੁਮਾਰ ਅਤੇ ਯੋਗੇਸ਼ ਕੁਮਾਰ ਪਿਛਲੇ 2-3 ਸਾਲਾਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ, ਜੋ ਨਸ਼ੇ ਦੀ ਖੇਪ ਦਿੱਲੀ ਰਹਿੰਦੇ ਇਕ ਨਾਈਜੀਰੀਅਨ ਤੋਂ ਸਸਤੇ ਰੇਟ ਵਿਚ ਖਰੀਦ ਕੇ ਲਿਅਾਉਂਦੇ ਸਨ ਅਤੇ ਮਹਾਨਗਰ ਵਿਚ ਆਪਣੇ ਗਾਹਕਾਂ ਨੂੰ ਮਹਿੰਗੇ ਮੁੱਲ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਦੋਵੇਂ ਦੋਸ਼ੀ ਡਰਾਈਵਰੀ ਕਰਦੇ ਹਨ ਅਤੇ ਕਮਾਈ ਨਾ ਹੋਣ ਕਾਰਨ ਦੋਵਾਂ ਨੇ ਸਮੱਗਲਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਦੋਵੇਂ ਨਸ਼ਾ ਵੇਚ ਕੇ ਮੋਟਾ ਮੁਨਾਫਾ ਕਮਾਉਂਦੇ ਸਨ।
 


Related News