ਸਿਗਰਟਨੋਸ਼ੀ, ਸ਼ਰਾਬ ਅਤੇ ਪ੍ਰਦੂਸ਼ਣ ਫੇਫੜਿਆਂ ਦੇ ਕੈਂਸਰ ਦੇ ਮੁੱਖ ਕਾਰਨ
Wednesday, Apr 12, 2023 - 01:26 PM (IST)
ਰੂਪਨਗਰ (ਕੈਲਾਸ਼)-ਲੋਕਾਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਭਾਵੇਂ ਸਿਗਰਟਨੋਸ਼ੀ ਅਤੇ ਸ਼ਰਾਬ ਦੀਆਂ ਬੋਤਲਾਂ 'ਤੇ ਕਾਨੂੰਨੀ ਚਿਤਾਵਨੀਆਂ ਲਿਖੀਆਂ ਹੁੰਦੀਆਂ ਹਨ ਪਰ ਇਸ ਦੇ ਬਾਵਜੂਦ ਇਨ੍ਹਾਂ ਦੋਵਾਂ ਚੀਜ਼ਾਂ ਦੀ ਵਿੱਕਰੀ 'ਤੇ ਅਰਬਾਂ ਰੁਪਏ ’ਚ ਹੋ ਰਹੀ ਹੈ। ਸਿਗਰਟਨੋਸ਼ੀ ਅਤੇ ਸ਼ਰਾਬ ਦੋਵੇਂ ਅਜਿਹੇ ਨਸ਼ੀਲੇ ਪਦਾਰਥ ਹਨ ਕਿ ਸ਼ੁਰੂ ਵਿਚ ਵਿਅਕਤੀ ਇਨ੍ਹਾਂ ਨੂੰ ਪਸੰਦ ਕਰਦਾ ਹੈ ਪਰ ਬਾਅਦ ਵਿਚ ਇਹ ਖ਼ਤਰਨਾਕ ਬਣ ਜਾਂਦੇ ਹਨ। ਨਸ਼ੇ ਦੀ ਲਤ ਤੋਂ ਪੀੜਤ ਵਿਅਕਤੀ ਆਪਣੀ ਕੀਮਤੀ ਜਾਨ ਦਾਅ ’ਤੇ ਲਗਾ ਦਿੰਦਾ ਹੈ। ਸਿਗਰਟਨੋਸ਼ੀ ਅਤੇ ਸ਼ਰਾਬ ਜੋ ਕਿ ਫੇਫੜਿਆਂ ਦੇ ਕੈਂਸਰ ਦੇ ਮੁੱਖ ਕਾਰਨਾਂ ’ਚੋਂ ਇਕ ਮੰਨੀ ਜਾਂਦੀ ਹੈ। ਇਸ ਦੀ ਵਿਕਰੀ ਭਾਰਤ ’ਚ ਵੱਡੀ ਮਾਤਰਾ ’ਚ ਹੋ ਰਹੀ ਹੈ। ਜੇਕਰ ਪੂਰੀ ਦੁਨੀਆ ’ਚ ਕੈਂਸਰ ਦੇ ਮਰੀਜ਼ਾਂ ਦਾ ਮੁਲਾਂਕਣ ਕੀਤਾ ਜਾਵੇ ਤਾਂ ਫੇਫੜਿਆਂ ਦਾ ਕੈਂਸਰ ਸਭ ਤੋਂ ਵੱਧ ਦੇਖਿਆ ਜਾਂਦਾ ਹੈ ਅਤੇ ਇਕੱਲੇ ਭਾਰਤ ’ਚ ਫੇਫੜਿਆਂ ਦੇ ਕੈਂਸਰ ਕਾਰਨ ਹਰ ਸਾਲ 70 ਹਜ਼ਾਰ ਦੇ ਕਰੀਬ ਮੌਤਾਂ ਹੁੰਦੀਆਂ ਹਨ।
ਇਸ ਤੋਂ ਇਲਾਵਾ 10 ਫ਼ੀਸਦੀ ਲੋਕ ਸਿਗਰਟ, ਬੀੜੀ ਜਾਂ ਹੁੱਕੇ ਦੀ ਵਰਤੋਂ ਤੋਂ ਇਲਾਵਾ ਪ੍ਰਦੂਸ਼ਣ ਕਾਰਨ ਫੇਫੜਿਆਂ ਦੇ ਕੈਂਸਰ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਸਬੰਧੀ ਸਮਾਜ ਸੇਵੀ ਅਤੇ ਰੋਟਰੀ ਕਲੱਬ ਰੂਪਨਗਰ ਦੇ ਸਾਬਕਾ ਪ੍ਰਧਾਨ ਰਾਜਕੁਮਾਰ ਕਪੂਰ ਨੇ ਦੱਸਿਆ ਕਿ ਭਾਰਤ ’ਚ ਸਿਗਰਟਨੋਸ਼ੀ ਅਤੇ ਸ਼ਰਾਬ ਦੀਆਂ ਬੋਤਲਾਂ ’ਤੇ ਚਿਤਾਵਨੀਆਂ ਲਿਖਣ ਤੋਂ ਇਲਾਵਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਨੂੰ ਵੇਚਣ ’ਤੇ ਪਾਬੰਦੀ ਹੈ ਜਿਸ ਲਈ ਸਿਹਤ ਵਿਭਾਗ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਸ੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਵਾਪਰਿਆ ਦਰਦਨਾਕ ਹਾਦਸਾ, 3 ਲੋਕਾਂ ਦੀ ਮੌਤ
ਫੇਫੜਿਆਂ ਦੇ ਕੈਂਸਰ ਦੇ ਲੱਛਣ
ਇਸ ਸਬੰਧੀ ਜਦੋਂ ਜ਼ਿਲ੍ਹਾ ਹਸਪਤਾਲ ਰੂਪਨਗਰ ਦੇ ਛਾਤੀ ਦੇ ਮਾਹਿਰ ਡਾਕਟਰ ਕਮਲਦੀਪ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਫੇਫੜਿਆਂ ਦੇ ਕੈਂਸਰ ਦੇ ਕਈ ਲੱਛਣ ਵੇਖਣ ਨੂੰ ਮਿਲਦੇ ਹਨ।
1. ਖੰਘ ਨਾਲ ਖ਼ੂਨ ਜਾਂ ਗਾੜ੍ਹੇ ਰੰਗ ਦੀ ਬਲਗ਼ਮ ਆਉਣਾ।
2. ਸਾਹ ਲੈਣ ’ਚ ਮੁਸ਼ਕਿਲ ਜਾਂ ਬੇਚੈਨੀ।
3. ਭੁੱਖ ਨਾ ਲੱਗਣਾ ਜਾਂ ਭਾਰ ਘਟਣਾ।
4. ਹਮੇਸ਼ਾ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰਨਾ।
5. ਵਾਰ-ਵਾਰ ਇਨਫੈਕਸ਼ਨ ਦੀ ਲਪੇਟ ’ਚ ਆਉਣਾ।
6. ਸਾਹ ਦੀ ਨਾਲੀ ’ਚ ਸੋਜ ਜਾਂ ਨਿਮੋਨੀਆ।
7. ਹੱਡੀਆਂ ’ਚ ਦਰਦ।
8. ਚਿਹਰੇ, ਹੱਥਾਂ ਅਤੇ ਧੌਣ ’ਚ ਸੋਜ।
9. ਸਿਰ ਦਰਦ, ਚੱਕਰ ਆਉਣਾ ਜਾਂ ਸਰੀਰ ਦੇ ਅੰਗਾਂ ਦਾ ਸੁੰਨ ਹੋਣਾ।
10. ਧੌਣ ਜਾਂ ਬਾਂਹ ਦੇ ਹੇਠਾਂ ਗੰਢ ਹੋਣਾ।
11. ਛਾਤੀ ’ਚ ਦਰਦ।
ਇਹ ਵੀ ਪੜ੍ਹੋ : ਉਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਟਾਂਡਾ ਵਿਖੇ ਇਕ ਮਹੀਨਾ ਪਹਿਲਾਂ ਵਿਆਹੇ ਨੌਜਵਾਨ ਦੀ ਹੋਈ ਦਰਦਨਾਕ ਮੌਤ
ਫੇਫੜਿਆਂ ਦੇ ਕੈਂਸਰ ਦਾ ਕਾਰਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕਮਲਦੀਪ ਨੇ ਦੱਸਿਆ ਕਿ ਜ਼ਿਆਦਾਤਰ ਮਾਮਲਿਆਂ ਵਿਚ ਫੇਫੜਿਆਂ ਦੇ ਕੈਂਸਰ ਦਾ ਮੁੱਖ ਕਾਰਨ ਸਿਗਰਟ, ਤੰਬਾਕੂ ਅਤੇ ਸ਼ਰਾਬ ਦਾ ਸੇਵਨ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਪ੍ਰਦੂਸ਼ਣ ਵੀ ਫੇਫੜਿਆਂ ਦੇ ਕੈਂਸਰ ਦਾ ਕਾਰਨ ਹੈ। ਉਨ੍ਹਾਂ ਦੱਸਿਆ ਕਿ ਇਮਾਰਤ ਨਿਰਮਾਣ ’ਚ ਵਰਤਿਆ ਜਾਣ ਵਾਲਾ ਵਿਸ਼ੇਸ਼ ਪੱਥਰ ਐਸਬੈਸਟਸ ਜੇਕਰ ਫੇਫੜਿਆਂ ਵਿਚ ਦਾਖ਼ਲ ਹੋ ਜਾਵੇ ਤਾਂ ਕੈਂਸਰ ਦਾ ਕਾਰਨ ਬਣ ਸਕਦਾ ਹੈ। ਮਿੱਟੀ ’ਚ ਪੈਦਾ ਹੋਣ ਵਾਲੀ ਬਦਬੂਦਾਰ ਗੈਸ ਫੇਫੜਿਆਂ ਦੇ ਕੈਂਸਰ ਦਾ ਕਾਰਨ ਵੀ ਬਣ ਸਕਦੀ ਹੈ। ਤਪੇਦਿਕ ਦੇ ਮਰੀਜ਼ਾਂ ਨੂੰ ਕੈਂਸਰ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।
ਫੇਫੜਿਆਂ ਦੇ ਕੈਂਸਰ ਦੀ ਜਾਂਚ ਅਤੇ ਇਲਾਜ
ਇਸ ਸਬੰਧੀ ਡਾਕਟਰ ਕਮਲਦੀਪ ਨੇ ਦੱਸਿਆ ਕਿ ਫੇਫੜਿਆਂ ਦੇ ਕੈਂਸਰ ਦਾ ਪਤਾ ਲਗਾਉਣ ਲਈ ਖੂਨ ਦੀ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਐੱਫ਼. ਐੱਨ. ਸੀ. ਏ. ਸੀਟੀ ਸਕੈਨ, ਐਕਸਰੇ, ਐੱਮ. ਆਰ. ਆਈ. ਆਦਿ ਰਾਹੀਂ ਵੀ ਬੀਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ। ਜੇਕਰ ਫੇਫੜਿਆਂ ਦੇ ਕੈਂਸਰ ਦਾ ਸ਼ੁਰੂਆਤ ਵਿਚ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਕਾਫ਼ੀ ਹੱਦ ਤੱਕ ਸੰਭਵ ਹੈ। ਵੱਡੇ ਹਸਪਤਾਲਾਂ ’ਚ ਮਰੀਜ਼ਾਂ ਨੂੰ ਕੀਮੋਥੈਰੇਪੀ ਜਾਂ ਪੋਸਟ-ਆਪ੍ਰੇਟਿਵ ਰੇਡੀਓਥੈਰੇਪੀ ਵੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਰਿਹਾਇਸ਼ੀ ਇਲਾਕੇ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਲੋਕਾਂ ਨੇ ਔਰਤਾਂ ਦਾ ਚਾੜ੍ਹਿਆ ਕੁਟਾਪਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।