ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਨਾਅਰੇਬਾਜ਼ੀ
Saturday, Nov 04, 2017 - 10:14 AM (IST)

ਮੋਗਾ (ਗਰੋਵਰ, ਗੋਪੀ) -1984 ਦੇ ਸਿੱਖ ਕਤਲੇਆਮ ਵਿਰੁੱਧ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪ੍ਰਦੇਸ਼ ਪੱਧਰੀ ਪ੍ਰਦਰਸ਼ਨ ਤਹਿਤ ਸਰਕਾਰੀ ਆਈ. ਟੀ. ਆਈ. 'ਚ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕਰ ਕੇ ਪ੍ਰਦਰਸ਼ਨ ਕੀਤਾ, ਜਿਸ 'ਚ ਕਤਲੇਆਮ ਦੇ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਸਮੇਤ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ, ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਪੀ. ਐੱਸ. ਯੂ. ਦੇ ਪ੍ਰਦੇਸ਼ ਵਿੱਤ ਸਕੱਤਰ ਕਰਮਜੀਤ ਸਿੰਘ ਕੋਟਕਪੂਰਾ ਨੇ ਕਿਹਾ ਕਿ 33 ਸਾਲ ਬੀਤ ਜਾਣ ਦੇ ਬਾਅਦ ਵੀ ਦੋਸ਼ੀ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ, ਬਲਕਿ ਇਨਸਾਫ ਮੰਗਦੇ ਪੀੜਤਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੀ. ਐੱਸ. ਯੂ. ਦੇ ਆਗੂਆਂ ਸੰਦੀਪ ਸਿੰਘ ਤੇ ਚੰਦਨ ਸਿੰਘ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਤੋਂ ਬਾਅਦ ਕਾਂਗਰਸ ਬਹੁਮਤ ਲੈ ਕੇ ਸੱਤਾ 'ਚ ਆਈ।
ਉਨ੍ਹਾਂ ਕਿਹਾ ਕਿ ਕਾਂਗਰਸ 'ਚ ਸੁੱਖ ਦਾ ਆਨੰਦ ਮਾਣ ਰਹੇ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਸਮੇਤ ਸਾਰੇ ਦੋਸ਼ੀਆਂ ਨੂੰ ਸਜ਼ਾ ਦੇਣ 'ਚ ਦੇਰੀ ਕਰਨ ਦੇ ਕਸੂਰਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਸ ਅਧਿਕਾਰੀਆਂ ਖਿਲਾਫ ਇਕਜੁੱਟ ਹੋ ਕੇ ਸਜ਼ਾਵਾਂ ਦਿਵਾਉਣ ਦੀ ਮੰਗ ਕਰਨੀ ਚਾਹੀਦੀ ਹੈ। ਇਸ ਮੌਕੇ ਨਵਦੀਪ ਖੋਸਾ, ਹਿੰਮਤ ਸਿੰਘ, ਹਰਮਨ ਝਤਰਾ, ਦਿਲੇਰ ਸਿੰਘ, ਛਿੰਦਾ ਖੋਸਾ, ਸਵੀਟਾ ਖੋਸਾ ਆਦਿ ਹਾਜ਼ਰ ਸਨ।
ਬਾਘਾਪੁਰਾਣਾ, (ਚਟਾਨੀ, ਮੁਨੀਸ਼)-ਪੰਜਾਬ ਸਟੂਡੈਂਟਸ ਯੂਨੀਅਨ ਨੇ ਸੂਬਾ ਪੱਧਰੀ ਸੱਦੇ 'ਤੇ ਅੱਜ ਬਾਘਾਪੁਰਾਣਾ ਸ਼ਹਿਰ 'ਚ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਸੱਜਣ ਸਿੰਘ ਅਤੇ ਜਗਦੀਸ਼ ਟਾਈਟਲਰ ਲਈ ਫਾਂਸੀ ਦੀ ਮੰਗ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲਾ ਕਨਵੀਨਰ ਮੋਹਨ ਸਿੰਘ ਔਲਖ ਅਤੇ ਜ਼ਿਲਾ ਆਗੂ ਜਗਵੀਰ ਕੌਰ ਮੋਗਾ ਨੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1984 'ਚ 1, 2, 3 ਨਵੰਬਰ ਨੂੰ ਸਿੱਖਾਂ ਦਾ ਪੂਰੇ ਭਾਰਤ ਦੇ 110 ਸ਼ਹਿਰਾਂ 'ਚ ਕਤਲੇਆਮ ਕੀਤਾ ਗਿਆ, ਜੋ ਇਸ ਅਖੌਤੀ ਲੋਕ ਜਮਹੂਰੀਅਤ ਦੇ ਅਸਲੀ ਚਿਹਰੇ ਨੂੰ ਬੇਪਰਦ ਕਰਦੇ ਹਨ ਕਿ ਕਿਸ ਤਰ੍ਹਾਂ ਇਕ ਖਾਸ ਫਿਰਕੇ ਦੇ ਲੋਕਾਂ ਦੀਆਂ ਵੋਟਾਂ ਬਟੋਰਨ ਲਈ ਹਾਕਮ ਜਮਾਤਾਂ ਵੱਲੋਂ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਜਿਸ ਦੀਆਂ ਜ਼ਿੰਮੇਵਾਰ ਸਾਰੀਆਂ ਹਾਕਮ ਜਮਾਤਾਂ ਹਨ, ਸਭ ਦਾ ਏਜੰਡਾ ਫਿਰਕੂ ਤੇ ਧਾਰਮਕ ਕੱਟੜਤਾ ਨੂੰ ਬੜ੍ਹਾਵਾ ਦੇਣਾ ਹੈ।
ਦੇਸ਼ ਦੀ ਸੱਤਾਧਾਰੀ ਹਕੂਮਤ ਵੀ ਉਸੇ ਫਿਰਕੂਪੁਣੇ ਨੂੰ ਬੜ੍ਹਾਵਾ ਦਿੰਦਿਆਂ ਘੱਟ ਗਿਣਤੀਆਂ, ਦਲਿਤਾਂ ਅਤੇ ਉਨ੍ਹਾਂ ਖਿਲਾਫ ਹਰ ਉੱਠਣ ਵਾਲੀ ਆਵਾਜ਼ ਨੂੰ ਦਬਾ ਰਹੀ ਹੈ। ਇਸ ਖਿਲਾਫ ਸਭ ਲੋਕਾਂ ਨੂੰ ਲਾਮਬੰਦ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਇਸ ਮੌਕੇ ਜ਼ਿਲਾ ਕਮੇਟੀ ਮੈਂਬਰ ਸੁਖਵਿੰਦਰ ਕੌਰ ਡਰੋਲੀ, ਕਾਲਜ ਕਮੇਟੀ ਰੋਡੇ ਦੇ ਪ੍ਰਧਾਨ ਗੁਰਮੀਤ ਫੂਲੇਵਾਲਾ, ਅਨਮੋਲ ਬਾਘਾਪੁਰਾਣਾ, ਗੁਰਮੁੱਖ ਲੰਗੇਆਣਾ ਆਦਿ ਹਾਜ਼ਰ ਸਨ।