ਕੈਪਟਨ ਤੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ

Saturday, Nov 04, 2017 - 07:26 AM (IST)

ਕੈਪਟਨ ਤੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ

ਅੰਮ੍ਰਿਤਸਰ, (ਦਲਜੀਤ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਦੀ ਮੀਟਿੰਗ ਪਿੰਡ ਚੱਬਾ ਦੇ ਗੁਰਦੁਆਰਾ ਬਾਬਾ ਨਾਂਗਾ ਜੀ ਵਿਖੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਚੱਬਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪਹੁੰਚੇ ਵੱਖ-ਵੱਖ ਜ਼ੋਨਾਂ ਦੇ ਆਗੂਆਂ ਨੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਅਤੇ ਜਥੇਬੰਦਕ ਚੋਣਾਂ, ਪਿੰਡ ਪੱਧਰ 'ਤੇ ਫੰਡ ਇਕੱਠਾ ਕਰਨ, ਮੈਂਬਰਸ਼ਿਪ ਕੱਟਣ ਲਈ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਤੇ ਬਾਅਦ ਵਿਚ ਮੁੱਖ ਮਾਰਗ ਪਿੰਡ ਚੱਬਾ ਵਿਖੇ ਜਾਮ ਲਾ ਕੇ ਪੰਜਾਬ ਦੀ ਕੈਪਟਨ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ।
ਮੀਟਿੰਗ 'ਚ ਉਚੇਚੇ ਤੌਰ 'ਤੇ ਪਹੁੰਚੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ ਤੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੇ ਕੈਪਟਨ ਤੇ ਮੋਦੀ ਸਰਕਾਰ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਗੱਡੇ (ਟਰੈਕਟਰ) ਨੂੰ 30000 ਰੁਪਏ ਸਾਲਾਨਾ ਟੈਕਸ ਲਾਉਣ ਤੇ ਸਰਕਾਰੀ ਸਕੂਲ ਬੰਦ ਕਰਨ ਦੇ ਨਾਦਰਸ਼ਾਹੀ ਫਰਮਾਨ ਚਾੜ੍ਹ ਕੇ ਦੇਸ਼ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ, ਜਿਸ ਨਾਲ ਖੇਤੀ ਧੰਦੇ ਨਾਲ ਜੁੜੇ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਥੱਲੇ ਨੱਪੇ ਹੋਣ ਕਾਰਨ ਆਰਥਿਕ ਮੰਦਹਾਲੀ ਦੇ ਦੌਰ 'ਚੋਂ ਲੰਘ ਰਹੇ ਹਨ। ਪੰਜਾਬ ਤੇ ਮੋਦੀ ਸਰਕਾਰ ਦੀਆਂ ਦੇਸ਼ ਵਿਰੋਧੀ ਨੀਤੀਆਂ ਕਾਰਨ ਦੇਸ਼ ਦੇ ਕਿਸਾਨ ਮਜ਼ਦੂਰ ਖੇਤੀ ਕਿੱਤੇ ਤੋਂ ਬਾਹਰ ਹੋ ਕੇ ਭਾਰੀ ਕਰਜ਼ੇ ਕਾਰਨ ਖੁਦਕੁਸ਼ੀਆਂ ਦੇ ਰਾਹ ਪੈ ਕੇ ਮੌਤ ਨੂੰ ਗਲੇ ਲਾ ਰਹੇ ਹਨ ਪਰ ਮੋਦੀ ਨੀਰੋ ਦੇ ਬੰਸਰੀ ਵਜਾਉਣ ਦੇ ਤੁਲ ਨਿੱਤ ਮਨ ਕੀ ਬਾਤ ਕਰ ਕੇ ਨਵੇਂ-ਨਵੇਂ ਫਰਮਾਨ ਜਾਰੀ ਕਰ ਕੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰ ਰਿਹਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਬਿਜਲੀ ਮਹਿੰਗੀ ਕਰ ਕੇ ਦੇਸ਼ਵਾਸੀਆਂ ਨੂੰ ਦੀਵਾਲੀ ਦਾ ਤੋਹਫਾ ਦੇ ਕੇ ਨਿਵਾਜਿਆ ਹੈ। ਪਹਿਲਾਂ ਹੀ ਬਿਜਲੀ ਦੇ ਬਿੱਲ ਦੇਣ ਤੋਂ ਅਸਮਰੱਥ ਜਨਤਾ 'ਤੇ ਕਰੋੜਾਂ ਰੁਪਏ ਦਾ ਹੋਰ ਬੋਝ ਪਾ ਕੇ ਸਸਤੀ ਬਿਜਲੀ ਦੇਣ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਗਈ ਹੈ। ਮੀਟਿੰਗ ਦੌਰਾਨ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਵੱਲੋਂ ਕਣਕ ਦੇ ਰੇਟ ਵਿਚ ਕੀਤਾ ਨਿਗੂਣਾ ਵਾਧਾ 110  ਰੁਪਏ ਰੱਦ ਕਰ ਕੇ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ ਤੇ ਕਣਕ ਦਾ ਰੇਟ 3075 ਰੁਪਏ ਦੇਣ ਦੀ ਮੰਗ ਕੀਤੀ ਤੇ ਇਕ ਹੋਰ ਮਤੇ ਰਾਹੀਂ ਕਰਜ਼ਾ ਨਾ ਮੋੜਨ ਤੇ ਕੁਰਕੀਆਂ ਰੋਕਣ ਦਾ ਐਲਾਨ ਕੀਤਾ ਤੇ ਕੈਪਟਨ ਸਰਕਾਰ ਨੂੰ ਕਿਸਾਨਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ ਦੀ ਮੰਗ ਕੀਤੀ। ਮੀਟਿੰਗ ਉਪਰੰਤ ਕਿਸਾਨਾਂ ਨੇ ਅੰਮ੍ਰਿਤਸਰ-ਹਰੀਕੇ ਮੁੱਖ ਮਾਰਗ ਪਿੰਡ ਚੱਬਾ ਵਿਖੇ ਜਾਮ ਲਾ ਕੇ ਕੈਪਟਨ ਤੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਪਿੱਟ-ਸਿਆਪਾ ਕਰਦਿਆਂ ਮੰਗ ਕੀਤੀ ਕਿ ਟਰੈਕਟਰ 'ਤੇ ਨੂੰ ਲਾਇਆ 30000 ਰੁਪਏ ਸਾਲਾਨਾ ਟੈਕਸ ਵਾਪਸ ਲਿਆ ਜਾਵੇ, 800 ਸਰਕਾਰੀ ਸਕੂਲ ਬੰਦ ਕਰਨ ਦਾ ਫਰਮਾਨ ਰੱਦ ਕਰਨ ਤੇ ਬਿਜਲੀ ਦੇ ਰੇਟਾਂ 'ਚ ਕੀਤਾ ਵਾਧਾ ਵਾਪਸ ਲਿਆ ਜਾਵੇ।
ਇਸ ਮੌਕੇ ਬਾਜ ਸਿੰਘ ਸਾਰੰਗੜਾ, ਪ੍ਰੇਮ ਸਿੰਘ ਬੱਚੀਵਿੰਡ, ਤਰਲੋਕ ਸਿੰਘ ਰੈਂ, ਲਖਵਿੰਦਰ ਸਿੰਘ ਡਾਲਾ, ਗੁਰਵਿੰਦਰ ਸਿੰਘ ਭਰੋਭਾਲ, ਦਵਿੰਦਰ ਸਿੰਘ ਬਾਸਰਕੇ, ਜਰਮਨਜੀਤ ਸਿੰਘ ਬੰਡਾਲਾ, ਗੁਰਦੇਵ ਸਿੰਘ ਵਰਪਾਲ, ਪਿਆਰ ਸਿੰਘ ਪੰਡੋਰੀ, ਕੁਲਦੀਪ ਸਿੰਘ ਬਾਸਰਕੇ, ਅਵਤਾਰ ਸਿੰਘ ਵੰਨਚੜੀ, ਕੁਲਦੀਪ ਸਿੰਘ, ਬਲਦੇਵ ਸਿੰਘ, ਬਲਦੇਵ ਸਿੰਘ ਦੋਧੀ ਚੱਬਾ, ਚਰਨ ਸਿੰਘ ਕਲੇਰ ਘੁਮਾਣ, ਬਲਕਾਰ ਸਿੰਘ ਸੁਧਾਰ, ਰਣਜੀਤ ਸਿੰਘ ਕਲੇਰਬਾਲਾ, ਕੇਵਲ ਸਿੰਘ ਮੱਤੇਵਾਲ, ਪ੍ਰੇਮ ਕੁਮਾਰ ਸਿੰਘ ਮਹਿਤਾ, ਕਸ਼ਮੀਰ ਸਿੰਘ, ਪਰਗਟ ਸਿੰਘ ਚਾਹੜਪੁਰ, ਕੁਲਦੀਪ ਸਿੰਘ, ਦਲਬੀਰ ਸਿੰਘ ਤੋਲਾਨੰਗਲ, ਗੁਲਜ਼ਾਰ ਸਿੰਘ ਕੋਟਲਾ, ਮੁਖਤਾਰ ਸਿੰਘ ਅਰਜਨਮਾਂਗਾ, ਸਵਰਨ ਸਿੰਘ ਨੰਗਲੀ ਆਦਿ ਆਗੂ ਵੀ ਹਾਜ਼ਰ ਸਨ।


Related News